ਮੱਕੀ ਦੀ ਪੱਕੀ ਹੋਈ ਫਸਲ ’ਤੇ ਹੋਈ ਬਰਸਾਤ ਤੇ ਝੱਖੜ ਨੇ ਕਿਸਾਨਾਂ ਦੇ ਸਾਹ ਸੂਤੇ
ਮੱਕੀ ਦੀ ਪੱਕੀ ਹੋਈ ਫਸਲ ’ਤੇ ਹੋਈ ਬਰਸਾਤ ਅਤੇ ਝੱਖੜ ਨੇ ਕਿਸਾਨਾਂ ਦੇ ਸਾਹ ਸੂਤੇ
Publish Date: Fri, 12 Jun 2026 08:13 PM (IST)
Updated Date: Sat, 13 Jun 2026 04:06 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਮੱਕੀ ਦੀ ਪੱਕੀ ਹੋਈ ਫਸਲ ਉੱਪਰ ਹੋਈ ਬਰਸਾਤ ਅਤੇ ਝੱਖੜ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਕਿਸਾਨ ਆਗੂ ਗੁਰਦੀਪ ਸਿੰਘ ਬਰਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਮਐਸਪੀ ਦਾ ਗਾਰੰਟੀ ਕਾਨੂੰਨ ਨਾਂ ਹੋਣ ਕਾਰਨ ਐਮਐਸਪੀ ਤੋਂ ਥੱਲੇ ਮੱਕੀ ਦੀ ਫਸਲ ਵੇਚਣ ਲਈ ਮਜਬੂਰ ਕਿਸਾਨਾਂ ਦਾ ਬਰਸਾਤ ਤੇ ਝੱਖੜ ਨੇ ਬਹੁਤ ਨੁਕਸਾਨ ਕੀਤਾ ਹੈ। ਪਿਛਲੇ ਦਿਨਾਂ ਦੌਰਾਨ ਦੋ ਵਾਰੀ ਬਰਸਾਤ ਦੇ ਨਾਲ ਆਏ ਝੱਖੜ ਨੇ ਮੱਕੀ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਅਤੇ ਮੱਕੀ ਦੀ ਫਸਲ ਧਰਤੀ ਤੇ ਡਿੱਗਣ ਕਰਕੇ ਕੰਬਾਇਨ ਦੇ ਕੱਟਣ ਯੋਗ ਨਹੀਂ ਰਹੀ। ਮੱਕੇ ਦੀ ਫਸਲ ਧਰਤੀ ਉੱਪਰ ਡਿੱਗਣ ਕਾਰਨ ਕਿਸਾਨਾਂ ਦਾ ਲੇਬਰ ਖਰਚ ਹੋਰ ਵਧ ਗਿਆ ਹੈ, ਕਿਸਾਨ ਆਗੂ ਗੁਰਦੀਪ ਸਿੰਘ ਬਰਮਾਂ ਨੇ ਇਹ ਵੀ ਕਿਹਾ ਕਿ ਜਿੱਥੇ ਇਸ ਬਰਸਾਤ ਨੇ ਤਾਪਮਾਨ ਵਿੱਚ ਗਿਰਾਵਟ ਲਿਆ ਕੇ ਗਰਮੀ ਤੋ ਰਾਹਤ ਦਿੱਤੀ ਹੈ ਉੱਥੇ ਹੀ ਬਰਸਾਤ ਦੇ ਨਾਲ ਆਏ ਝੱਖੜ ਨੇ ਦਰੱਖਤਾਂ ਦਾ ਅਤੇ ਮੱਕੀਆਂ ਦਾ ਕਾਫੀ ਨੁਕਸਾਨ ਕੀਤਾ ਹੈ। ਅਸੀਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਜਦੋਂ ਹੀ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਪੱਕ ਕੇ ਤਿਆਰ ਹੁੰਦੀ ਹੈ ਤਾਂ ਫੇਰ ਉਸ ਸਮੇਂ ਸਰਕਾਰਾਂ ਵੱਲੋਂ ਐਲਾਨੀ ਗਈ ਐਮਐਸਪੀ ਤੋਂ ਥੱਲੇ ਫਸਲ ਵੇਚਣ ਲਈ ਮਜਬੂਰ ਕਿਸਾਨਾਂ ਉੱਪਰ ਕੁਦਰਤ ਵੀ ਕਿਸਾਨਾਂ ਪ੍ਰਤੀ ਕਹਿਰਵਾਨ ਹੋ ਜਾਂਦੀ ਹੈ ਜਿਸ ਕਾਰਨ ਪਹਿਲਾਂ ਹੀ ਆਰਥਿਕ ਤੌਰ ਤੇ ਟੁੱਟ ਚੁੱਕੇ ਕਿਸਾਨ ਇਸ ਕੁਦਰਤੀ ਅਤੇ ਸਰਕਾਰੀ ਕਰੋਪੀ ਨਾਲ ਹੋਰ ਆਰਥਿਕ ਬੋਝ ਥੱਲੇ ਦੱਬ ਕੇ ਰਹਿ ਜਾਂਦੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਐੱਮਐੱਸਪੀ ਦਾ ਗਾਰੰਟੀ ਕਾਨੂੰਨ ਬਣਾ ਕੇ ਉਸਨੂੰ ਲਾਗੂ ਕਰੇ ਅਤੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਦਾ ਬੀਮਾ ਇੱਕ ਏਕੜ ਨੂੰ ਇਕਾਈ ਮੰਨ ਕੇ ਫਸਲ ਦੇ ਬਿਜਾਈ ਵਾਲੇ ਦਿਨ ਤੋਂ ਲੈ ਕੇ ਕਟਾਈ ਤੱਕ ਦੇ ਸਮੇਂ ਲਈ ਆਪਣੇ ਕੋਲੋਂ ਪ੍ਰੀਮੀਅਮ ਅਦਾ ਕਰ ਕੇ ਫਸਲੀ ਬੀਮਾ ਕਰੇ। ਦੂਜੇ ਪਾਸੇ ਮੀਂਹ, ਹਨੇਰੀ ਤੇ ਗੜੇਮਾਰੀ ਨੇ ਗਰਮੀ ਦੇ ਤੇਵਰ ਠੰਢੇ ਕਰ ਦਿੱਤੇ ਹਨ ਅਤੇ ਮੌਸਮ ਸੁਹਾਵਣਾ ਹੋ ਗਿਆ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਬੱਦਲਵਾਈ ਅਤੇ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੌਸਮੀ ਬਦਲਾਅ ਨਾਲ ਤਾਪਮਾਨ ਵਿੱਚ ਹੋਰ ਕਮੀ ਆ ਸਕਦੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਰਹੇਗੀ। ਗਰਮੀ ਤੋਂ ਤੰਗ ਆਏ ਲੋਕਾਂ ਨੇ ਇਸ ਬਦਲੇ ਮੌਸਮ ਦਾ ਖੁੱਲ੍ਹ ਕੇ ਆਨੰਦ ਮਾਣਿਆ, ਜਦਕਿ ਪ੍ਰਸ਼ਾਸਨ ਨੂੰ ਜਲਭਰਾਅ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਹੋਰ ਚੌਕਸੀ ਵਰਤਣ ਦੀ ਲੋੜ ਮਹਿਸੂਸ ਹੋਈ।