ਪੰਜਾਬ ਦੇ ਉਦਯੋਗਾਂ ਨੂੰ ਵੱਡਾ ਲਾਭ ਮਿਲਣ ਦੀ ਸੰਭਾਵਨਾ : ਡਾ. ਦੁੱਗਲ
ਪੰਜਾਬ ਦੇ ਉਦਯੋਗਾਂ ਨੂੰ ਭਾਰਤ ਦੇ ਯੂਕੇ ਤੇ ਯੂਰਪ ਨਾਲ ਆਧੁਨਿਕ ਐੱਫਟੀਏ ਤੋਂ ਵੱਡਾ ਲਾਭ ਮਿਲਣ ਦੀ ਸੰਭਾਵਨਾ- ਡਾ. ਸੇਨੂੰ ਦੁੱਗਲ
Publish Date: Sat, 13 Jun 2026 07:48 PM (IST)
Updated Date: Sun, 14 Jun 2026 04:06 AM (IST)

ਫਿੱਕੀ ਤੇ ਸੀਟੀਆਈਐੱਲ ਨੇ ਪੰਜਾਬ ਦੇ ਉਦਯੋਗਾਂ ਲਈ ਯੂਕੇ ਤੇ ਯੂਰਪੀ ਬਾਜ਼ਾਰਾਂ ’ਚ ਨਿਰਯਾਤ ਮੌਕਿਆਂ ਨੂੰ ਖੋਲ੍ਹਣ ਸਬੰਧੀ ਕਾਨਫਰੰਸ ਕਰਵਾਈ ਐੱਫਆਈਸੀਸੀਆਈ ਵੱਲੋਂ ਪੰਜਾਬ ਤੋਂ ਨਿਰਯਾਤ ਵਿੱਚ ਤੇਜ਼ੀ ਲਿਆਉਣ ਲਈ ਅਧਿਐਨ ਕੀਤਾ ਜਾਵੇਗਾ ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਭਾਰਤ ਵੱਲੋਂ ਹਾਲ ਹੀ ਵਿੱਚ ਯੂਨਾਈਟਿਡ ਕਿੰਗਡਮ (ਯੂਕੇ), ਯੂਰਪੀ ਸੰਘ (ਈਯੂ) ਅਤੇ ਯੂਰਪੀ ਫ੍ਰੀ ਟ੍ਰੇਡ ਐਸੋਸੀਏਸ਼ਨ (ਈਐੱਫਟੀਏ) ਨਾਲ ਕੀਤੇ ਅਤੇ ਪ੍ਰਸਤਾਵਿਤ ਫ੍ਰੀ ਟ੍ਰੇਡ ਐਗਰੀਮੈਂਟਸ (ਐੱਫਟੀਏ) ਨਾਲ ਪੰਜਾਬ ਦੇ ਨਿਰਯਾਤ-ਕੇਂਦਰਿਤ ਉਦਯੋਗਾਂ ਨੂੰ ਵੱਡਾ ਲਾਭ ਮਿਲਣ ਦੀ ਸੰਭਾਵਨਾ ਹੈ। ਇਹ ਵਿਚਾਰ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਅਤੇ ਸੈਂਟਰ ਫਾਰ ਟ੍ਰੇਡ ਐਂਡ ਇਨਵੈਸਟਮੈਂਟ ਲਾਅ (ਸੀਟੀਆਈਐਲ) ਵੱਲੋਂ ਲੁਧਿਆਣਾ ਵਿੱਚ ਆਯੋਜਿਤ ਇਕ ਕਾਨਫਰੰਸ ਦੌਰਾਨ ਉਦਯੋਗ ਮਾਹਿਰਾਂ ਅਤੇ ਨੀਤੀ ਨਿਰਧਾਰਕਾਂ ਵੱਲੋਂ ਪ੍ਰਗਟ ਕੀਤੇ ਗਏ। ਕਾਨਫਰੰਸ ਦਾ ਮੁੱਖ ਕੇਂਦਰ ਭਾਰਤ ਦੇ ਆਧੁਨਿਕ ਵਪਾਰ ਸਮਝੌਤਿਆਂ ਦਾ ਲਾਭ ਲੈ ਕੇ ਨਿਰਯਾਤ ਮੌਕਿਆਂ ਨੂੰ ਵਧਾਉਣਾ ਅਤੇ ਪੰਜਾਬ ਨੂੰ ਇੱਕ ਮਜ਼ਬੂਤ ਨਿਰਯਾਤ-ਕੇਂਦਰਿਤ ਅਰਥਵਿਵਸਥਾ ਵਜੋਂ ਮਜ਼ਬੂਤ ਕਰਨਾ ਸੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸੇਨੂ ਦੁੱਗਲ ਮੈਨੇਜਿੰਗ ਡਾਇਰੈਕਟਰ ਪੰਜਾਬ ਵਿੱਤ ਕਾਰਪੋਰੇਸ਼ਨ ਨੇ ਕਿਹਾ ਕਿ ਪੰਜਾਬ ਹਮੇਸ਼ਾਂ ਤੋਂ ਦੇਸ਼ ਦੇ ਸਭ ਤੋਂ ਉਦਯੋਗਪਤੀ ਅਤੇ ਨਿਰਯਾਤ-ਕੇਂਦਰਿਤ ਰਾਜਾਂ ਵਿੱਚ ਸ਼ਾਮਲ ਰਿਹਾ ਹੈ। ਉਨ੍ਹਾਂ ਖੇਡ ਸਮਾਨ, ਸਾਈਕਲ, ਹੈਂਡ ਟੂਲਜ਼, ਇੰਜੀਨੀਅਰਿੰਗ ਉਤਪਾਦ, ਟੈਕਸਟਾਈਲ, ਖੇਤੀ-ਆਧਾਰਿਤ ਖਾਦ ਪਦਾਰਥ ਅਤੇ ਫਾਰਮਾਸਿਊਟਿਕਲ ਖੇਤਰਾਂ ਵਿੱਚ ਪੰਜਾਬ ਦੀ ਮਜ਼ਬੂਤੀ ਉਜਾਗਰ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੁਸ਼ਲ ਮਜ਼ਦੂਰ ਸ਼ਕਤੀ ਅਤੇ ਮਜ਼ਬੂਤ ਐਮਐੱਸਐੱਮਈ ਇਕੋਸਿਸਟਮ ਰਾਜ ਨੂੰ ਨਵੇਂ ਵਪਾਰਕ ਮੌਕਿਆਂ ਦਾ ਲਾਭ ਲੈਣ ਲਈ ਬਹੁਤ ਹੀ ਯੋਗ ਬਣਾਉਂਦੇ ਹਨ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨਦੀਪ ਗਰੇਵਾਲ ਮਿਸ਼ਨ ਦੇ ਡਿਪਟੀ ਹੈੱਡ ਬ੍ਰਿਟਿਸ਼ ਡਿਪਟੀ ਕਮਿਸ਼ਨ ਚੰਡੀਗੜ੍ਹ ਨੇ ਯੂਕੇ-ਭਾਰਤ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਇੱਕ ਇਤਿਹਾਸਕ ਉਪਲਬਧੀ ਕਰਾਰ ਦਿੰਦਿਆਂ ਕਿਹਾ ਕਿ ਇਹ ਦੋਵੇਂ ਦੇਸ਼ਾਂ ਵਿਚਕਾਰ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਭਾਰਤ ਅਤੇ ਯੂਕੇ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਦਾ ਮਕਸਦ ਵਿਕਾਸ, ਨਵੀਨਤਾ ਅਤੇ ਲੰਬੇ ਸਮੇਂ ਦੀ ਸਾਂਝੇਦਾਰੀ ‘ਤੇ ਆਧਾਰਿਤ ਆਧੁਨਿਕ ਆਰਥਿਕ ਭਾਈਚਾਰਾ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਯੂਕੇ ਵੱਲੋਂ ਭਾਰਤੀ ਉਤਪਾਦਾਂ ਲਈ 99 ਫੀਸਦੀ ਟੈਰਿਫ ਲਾਈਨਾਂ ਖੋਲ੍ਹਣ ਨਾਲ ਟੈਕਸਟਾਈਲ, ਚਮੜਾ, ਫੁੱਟਵੇਅਰ, ਫੂਡ ਪ੍ਰੋਸੈਸਿੰਗ, ਇੰਜੀਨੀਅਰਿੰਗ ਗੁੱਡਜ਼ ਅਤੇ ਐਡਵਾਂਸ ਮੈਨੂਫੈਕਚਰਿੰਗ ਖੇਤਰਾਂ ਦੇ ਨਿਰਯਾਤਕਾਂ ਲਈ ਵੱਡੇ ਮੌਕੇ ਪੈਦਾ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮਝੌਤਾ ਲੁਧਿਆਣਾ ਵਰਗੇ ਉਦਯੋਗਿਕ ਕੇਂਦਰਾਂ ਅਤੇ ਛੋਟੇ-ਮੱਧਮ ਉਦਯੋਗਾਂ (ਐਸਐੱਮਈਜ਼) ਲਈ ਕੰਪਲਾਇੰਸ ਪ੍ਰਣਾਲੀ ਨੂੰ ਆਸਾਨ ਬਣਾਉਣ, ਕਸਟਮ ਪ੍ਰਕਿਰਿਆਵਾਂ ਵਿੱਚ ਸੁਧਾਰ, ਸਰਹੱਦੀ ਦੇਰੀ ਘਟਾਉਣ ਅਤੇ ਅੰਤਰਰਾਸ਼ਟਰੀ ਮਿਆਰਾਂ ਨਾਲ ਤਾਲਮੇਲ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਫਿੱਕੀ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕੋ-ਚੇਅਰ ਕੁਨਾਲ ਯਾਦਵ ਨੇ ਸਵਾਗਤੀ ਭਾਸ਼ਣ ਦਿੰਦਿਆਂ ਇਨ੍ਹਾਂ ਐੱਫਟੀਏ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਫਿੱਕੀ ਪੰਜਾਬ ਤੋਂ ਨਿਰਯਾਤ ਵਿੱਚ ਤੇਜ਼ੀ ਲਿਆਉਣ ਸਬੰਧੀ ਇੱਕ ਵਿਸਤ੍ਰਿਤ ਅਧਿਐਨ ਕਰੇਗੀ, ਜਿਸ ਵਿੱਚ ਇਹ ਦਰਸਾਇਆ ਜਾਵੇਗਾ ਕਿ ਕਿਵੇਂ ਐੱਫਟੀਏ ਦਾ ਲਾਭ ਲੈ ਕੇ ਪੰਜਾਬ ਦੇ ਨਿਰਯਾਤ ਨੂੰ ਹੋਰ ਵਧਾਇਆ ਜਾ ਸਕਦਾ ਹੈ। ਇਸ ਅਧਿਐਨ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ ਜਾਵੇਗੀ। ਸਮਾਗਮ ਦੌਰਾਨ ਮਾਹਿਰਾਂ ਨੇ ਜ਼ੋਰ ਦਿੱਤਾ ਕਿ ਪੰਜਾਬ ਦੇ ਉਦਯੋਗਾਂ ਨੂੰ ਐੱਫਟੀਏ ਦੇ ਪੂਰੇ ਲਾਭ ਲਈ ਅੰਤਰਰਾਸ਼ਟਰੀ ਗੁਣਵੱਤਾ ਮਿਆਰਾਂ, ਸਸਟੇਨੇਬਿਲਿਟੀ ਨਿਯਮਾਂ ਅਤੇ ਸੈਨਿਟਰੀ ਅਤੇ ਫਾਈਟੋਸੈਨਿਟਰੀ ਮਾਪਦੰਡਾਂ ਨੂੰ ਵੀ ਅਪਣਾਉਣਾ ਹੋਵੇਗਾ। ਪ੍ਰਜ਼ੈਂਟੇਸ਼ਨਾਂ ਅਤੇ ਪੈਨਲ ਚਰਚਾਵਾਂ ਵਿੱਚ ਭਾਰਤ-ਯੂਕੇ ਐੱਫਟੀਏ, ਭਾਰਤ-ਈਐੱਫਟੀਏ ਟ੍ਰੇਡ ਐਂਡ ਇਕਨਾਮਿਕ ਪਾਰਟਨਰਸ਼ਿਪ ਐਗਰੀਮੈਂਟ ਅਤੇ ਪ੍ਰਸਤਾਵਿਤ ਭਾਰਤ-ਈਯੂ ਐੱਫਟੀਏ ਨਾਲ ਜੁੜੇ ਮੌਕਿਆਂ ਅਤੇ ਨਿਰਯਾਤ ਮੁਕਾਬਲੇਬਾਜ਼ੀ ਵਧਾਉਣ ਦੀਆਂ ਰਣਨੀਤੀਆਂ ’ਤੇ ਚਰਚਾ ਕੀਤੀ ਗਈ। ਸੀਟੀਆਈਐੱਲ ਦੇ ਅਧਿਕਾਰੀਆਂ ਦੀ ਟੀਮ ਜਿਸ ਵਿੱਚ ਰਿਧਿਸ਼ ਰਾਜਵੰਸ਼ੀ, ਸ੍ਰੋਣਾ ਮਾਨ ਅਤੇ ਤਨਵੀ ਪ੍ਰਵੀਣ ਸ਼ਾਮਲ ਸਨ, ਵੱਲੋਂ ਯੂਕੇ, ਯੂਰਪੀ ਸੰਘ ਅਤੇ ਈਐੱਫਟੀਏ ਫ੍ਰੀ ਟ੍ਰੇਡ ਐਗਰੀਮੈਂਟਸ ਰਾਹੀਂ ਭਾਰਤੀ ਉਦਯੋਗਾਂ ਲਈ ਉਭਰ ਰਹੇ ਮੌਕਿਆਂ ਬਾਰੇ ਵਿਸਤ੍ਰਿਤ ਪ੍ਰਸਤੁਤੀਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਹ ਸਮਝੌਤੇ ਭਾਰਤੀ ਕਾਰੋਬਾਰਾਂ ਲਈ ਨਿਰਯਾਤ, ਨਿਵੇਸ਼, ਮੈਨੂਫੈਕਚਰਿੰਗ ਅਤੇ ਵਿਸ਼ਵ ਪੱਧਰੀ ਬਾਜ਼ਾਰਾਂ ਤੱਕ ਪਹੁੰਚ ਵਧਾਉਣ ਵਿੱਚ ਮਦਦਗਾਰ ਸਾਬਤ ਹੋਣਗੇ। ਇਸ ਦੇ ਨਾਲ ਹੀ ਟ੍ਰੇਡ ਰਿਮੇਡੀਜ਼, ਗੈਰ-ਟੈਰਿਫ ਰੁਕਾਵਟਾਂ ਅਤੇ ਸੈਨਿਟਰੀ ਅਤੇ ਫਾਈਟੋਸੈਨਿਟਰੀ ਮਾਪਦੰਡਾਂ ‘ਤੇ ਵੀ ਚਰਚਾ ਕੀਤੀ ਗਈ। ਕਾਨਫਰੰਸ ਨੂੰ ਸੀਟੀਆਈਐਲ ਦੇ ਐਸੋਸੀਏਟ ਪ੍ਰਣਵ ਨਾਰੰਗ, ਉਮਾ ਇੰਟਰਨੈਸ਼ਨਲ ਦੇ ਐਮਡੀ ਅਜੈ ਮਹਾਜਨ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਦੇ ਸੀਐੱਫਓ ਸੁਨੀਲ ਕੁਮਾਰ, ਆਰਐੱਸਆਰ ਇੰਟਰਨੈਸ਼ਨਲ ਦੇ ਡਾਇਰੈਕਟਰ ਅਤੇ ਟੈਕਸਟਾਈਲ ਐਸੋਸੀਏਸ਼ਨ ਆਫ ਇੰਡੀਆ (ਲੁਧਿਆਣਾ ਚੈਪਟਰ) ਦੇ ਸਕੱਤਰ ਰਾਜਨ ਰਿਖੀ, ਈਸੀਜੀਸੀ ਦੇ ਬ੍ਰਾਂਚ ਮੈਨੇਜਰ ਸੰਤੋਸ਼ ਕੁਮਾਰ, ਕੋਟਕ ਮਹਿੰਦਰਾ ਬੈਂਕ ਦੇ ਰੀਜਨਲ ਹੈੱਡ (ਨਾਰਥ ਅਤੇ ਈਸਟ) ਸ਼ਿਰੀਸ਼ ਗੁਪਤਾ ਅਤੇ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਕਿਊ) ਪੰਜਾਬ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਵੀ ਸੰਬੋਧਨ ਕੀਤਾ। ਉਦਯੋਗਿਕ ਆਗੂਆਂ ਨੇ ਭਰੋਸਾ ਜਤਾਇਆ ਕਿ ਇਹ ਐੱਫਟੀਏ ਪੰਜਾਬ ਦੇ ਨਿਰਯਾਤਕਾਂ ਲਈ ਵਿਕਾਸ ਦੇ ਨਵੇਂ ਰਾਹ ਖੋਲ੍ਹਣਗੇ ਅਤੇ ਭਾਰਤ ਦੀ ਵਿਆਪਕ ਆਰਥਿਕ ਅਤੇ ਵਪਾਰਕ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ।