ਲੁਧਿਆਣਾ 'ਚ ਗਣੇਸ਼ ਉਤਸਵ 'ਚ ਅਸ਼ਲੀਲ ਗੀਤ ਗਾਉਣ ਵਾਲੇ ਪੰਜਾਬੀ ਸਿੰਗਰ G Khan ਦੀਆਂ ਮੁਸ਼ਕਿਲਾਂ ਵਧੀਆਂ ; ਪੁਲਿਸ ਨੂੰ ਸ਼ਿਕਾਇਤ
ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਮਸ਼ਹੂਰ ਗਾਇਕ ਜੀ ਖਾਨ (ਗੁਲਸ਼ਨ ਖਾਨ) ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਥਾਣਾ ਡਵੀਜ਼ਨ ਨੰਬਰ 2 ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਇਲਜ਼ਾਮ
Publish Date: Sun, 11 Sep 2022 07:28 AM (IST)
Updated Date: Sun, 11 Sep 2022 12:46 PM (IST)
ਜ.ਸ., ਲੁਧਿਆਣਾ। Police Complaint Against G-khan : ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਮਸ਼ਹੂਰ ਗਾਇਕ ਜੀ ਖਾਨ (ਗੁਲਸ਼ਨ ਖਾਨ) ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਥਾਣਾ ਡਵੀਜ਼ਨ ਨੰਬਰ 2 ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਇਲਜ਼ਾਮ ਹੈ ਕਿ ਉਸਨੇ ਜਨਕਪੁਰੀ ਵਿੱਚ ਗਣੇਸ਼ ਜੀ ਉਤਸਵ ਦੌਰਾਨ ਹੋਏ ਸਮਾਗਮ ਵਿੱਚ ਅਸ਼ਲੀਲ ਗੀਤ ਗਾਏ ਹਨ। ਦੋਸ਼ਾਂ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਸਟੇਜ ਤੋਂ ਗੀਤ ਗਾ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪੁਲਿਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਸ਼ਿਕਾਇਤ ਦੇਰ ਰਾਤ ਸ਼ਿਵ ਸੈਨਾ ਪੰਜਾਬ ਦੇ ਆਗੂ ਅਮਿਤ ਅਰੋੜਾ ਵੱਲੋਂ ਦਿੱਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਸਮਾਗਮ ਦੋ ਦਿਨ ਪਹਿਲਾਂ ਕਰਵਾਇਆ ਗਿਆ ਸੀ। ਜਿਸ 'ਚ ਜੀ ਖਾਨ ਤੇ ਫਿਰ ਮਾਸਟਰ ਸਲੀਮ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਸੀ। ਸਮਾਗਮ ਵਿੱਚ ਜੀ ਖਾਨ ਨੇ 'ਪੈਗ ਮੋਟੇ-ਮੋਟੇ ਲਾ ਕੇ ਹਾਣ ਦੀਏ, ਤੇਰੇ ਵਿਚ ਵੱਜਣ ਨੂੰ ਜੀ ਕਰਦਾ', 'ਚੋਲੀ ਕੇ ਪੀਛੇ ਕਯਾ ਹੈ' ਵਰਗੇ ਕੁਝ ਪੰਜਾਬੀ ਗੀਤ ਪੇਸ਼ ਕੀਤੇ। ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਸ਼ਿਵ ਸੈਨਾ ਆਗੂ ਅਮਿਤ ਅਰੋੜਾ ਦਾ ਕਹਿਣਾ ਹੈ ਕਿ ਜੀ ਖਾਨ ਨੇ ਜਨਕਪੁਰੀ ਵਿੱਚ ਹੋਏ ਗਣਪਤੀ ਸਮਾਗਮ ਵਿੱਚ ਅਸ਼ਲੀਲ ਗੀਤ ਗਾ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਸਾਡੇ ਹਿੰਦੂ ਦੇਵੀ-ਦੇਵਤਿਆਂ ਦੇ ਪ੍ਰੋਗਰਾਮ ਵਿੱਚ ਅਜਿਹੇ ਗੀਤ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਸਮੁੱਚੇ ਹਿੰਦੂ ਸਮਾਜ ਨੂੰ ਇਸ 'ਤੇ ਆਵਾਜ਼ ਉਠਾਉਣੀ ਚਾਹੀਦੀ ਸੀ।
ਅਮਿਤ ਅਰੋੜਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੇਕਰ ਸੋਮਵਾਰ ਤਕ ਜ਼ੀ ਖਾਨ ਖਿਲਾਫ ਅਪਰਾਧਿਕ ਮਾਮਲਾ ਦਰਜ ਨਾ ਹੋਇਆ ਤਾਂ ਉਹ ਲੁਧਿਆਣਾ 'ਚ ਧਰਨਾ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਪੂਰੇ ਪੰਜਾਬ ਵਿੱਚ ਜੀ ਖਾਨ ਦਾ ਕੋਈ ਵੀ ਸ਼ੋਅ ਨਹੀਂ ਹੋਣ ਦਿੱਤਾ ਜਾਵੇਗਾ। ਦੂਜੇ ਪਾਸੇ ਇਸ ਸਮਾਗਮ ਦੇ ਪ੍ਰਬੰਧਕ ਹਨੀ ਬੇਦੀ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਇਸੇ ਤਰ੍ਹਾਂ ਗਾਇਕ ਆ ਕੇ ਭਜਨ ਗਾਉਂਦੇ ਹਨ ਤੇ ਗੀਤ ਵੀ ਗਾਏ ਜਾਂਦੇ ਹਨ।
ਅਮਿਤ ਅਰੋੜਾ ਨੇ ਕਿਹਾ ਕਿ ਜੇਕਰ ਸੋਮਵਾਰ ਤੱਕ ਜੀ ਖਾਨ ਅਤੇ ਹਨੀ ਬੇਦੀ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਸ਼ਿਵ ਸੈਨਾ ਥਾਣੇ ਦੇ ਬਾਹਰ ਧਰਨਾ ਦੇਵੇਗੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ ਹੋਵੇਗੀ।