- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੁਰੱਖਿਆ ਕਰਨਾ ਬਹੁਤ ਜ਼ਰੂਰੀ-ਸਵਾਮੀ ਗੁਰੂਕ੍ਰਿਪਾਨੰਦ

-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਥਾਨਕ ਆਸ਼ਰਮ ’ਚ ਕਰਾਇਆ ਹਫ਼ਤਾਵਾਰੀ ਸਮਾਗਮ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਥਾਨਕ ਆਸ਼ਰਮ ਕੈਲਾਸ਼ ਨਗਰ ਵਿਖੇ ਕਰਵਾਏ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਸਵਾਮੀ ਗੁਰੂਕ੍ਰਿਪਾਨੰਦ ਨੇ ਹਾਜ਼ਰ ਲੋਕਾਂ ਨੂੰ ਕੁਦਰਤ ਪ੍ਰਤੀ ਮਨੁੱਖ ਦੇ ਫਰਜ਼ਾਂ ਬਾਰੇ ਦੱਸਿਆ। ਸਵਾਮੀ ਜੀ ਨੇ ਕਿਹਾ ਕਿ ਵੱਧਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਲਈ ਆਪਣੇ ਮਾਤਾ-ਪਿਤਾ ਦੇ ਨਾਂ 'ਤੇ ਜਾਂ ਆਪਣੇ ਬੱਚਿਆਂ ਦੇ ਜਨਮ ਦਿਨ 'ਤੇ ਸਾਲ ਵਿੱਚ ਘੱਟੋ-ਘੱਟ 3 ਰੁੱਖ ਲਾ ਕੇ ਉਸਦੀ ਦੇਖਭਾਲ ਵੀ ਕਰਨੀ ਚਾਹਦੀ ਹੈ। ਜਿਸ ਤਰ੍ਹਾਂ ਅਸੀਂ ਕੁਦਰਤ ਮਾਂ ਤੋਂ ਫਲ, ਅਨਾਜ, ਪ੍ਰਾਣਵਾਯੂ ਆਦਿ ਸਭ ਕੁੱਝ ਲੈਂਦੇ ਹਾਂ, ਇਸ ਲਈ ਇਸ ਰਿਣ ਨੂੰ ਚੁਕਾਉਣ ਦਾ ਇੱਕੋ ਇੱਕ ਤਰੀਕਾ ਕੁਦਰਤ ਮਾਂ ਦੀ ਸੁਰੱਖਿਆ ਕਰਨਾ ਹੈ।
ਅਜੋਕੇ ਸਮੇਂ ਵਿੱਚ ਵੱਧਦਾ ਪ੍ਰਦੂਸ਼ਣ, ਗਲੋਬਲ ਵਾਰਮਿੰਗ ਤੇ ਘਟਦੇ ਜੰਗਲਾਤ ਖੇਤਰ ਮਨੁੱਖੀ ਜੀਵਨ ਲਈ ਗੰਭੀਰ ਚੁਣੌਤੀ ਬਣ ਚੁੱਕੇ ਹਨ। ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੁਰੱਖਿਆ ਕਰਨਾ ਬਹੁਤ ਜ਼ਰੂਰੀ ਹੈ। ਰੁੱਖ ਨਾ ਸਿਰਫ਼ ਸ਼ੁੱਧ ਆਕਸੀਜਨ ਪ੍ਰਦਾਨ ਕਰਦੇ ਹਨ, ਸਗੋਂ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ, ਮੀਂਹ ਨੂੰ ਵਧਾਉਣ, ਮਿੱਟੀ ਦੇ ਕਟਾਅ ਨੂੰ ਰੋਕਣ ਅਤੇ ਜੈਵ ਵਿਭਿੰਨਤਾ ਦੀ ਸੁਰੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਭਾਰਤ ਦਾ ਕੁੱਲ ਜੰਗਲ ਤੇ ਰੁੱਖਾਂ ਦਾ ਘੇਰਾ ਦੇਸ਼ ਦੇ ਭੂਗੋਲਿਕ ਖੇਤਰਫਲ ਦਾ ਲਗਭਗ 25 ਫੀਸਦੀ ਹੈ, ਜਦੋਂ ਕਿ ਰਾਸ਼ਟਰੀ ਟੀਚਾ ਇਸਨੂੰ 33 ਫੀਸਦ ਤੱਕ ਪਹੁੰਚਾਉਣ ਦਾ ਹੈ।
ਇਹ ਟੀਚਾ ਤਦ ਹੀ ਪ੍ਰਾਪਤ ਹੋ ਸਕਦਾ ਹੈ ਜਦੋਂ ਹਰ ਨਾਗਰਿਕ ਰੁੱਖ ਲਗਾਉਣ ਦੇ ਨਾਲ-ਨਾਲ ਬੂਟਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਨਿਭਾਏ। ਰੁੱਖ ਧਰਤੀ ਦੇ ਫੇਫੜੇ ਹਨ, ਜਿਸ ਨਾਲ ਧਰਤੀ ਸਾਹ ਲੈਂਦੀ ਹੈ। ਪਰ ਅੱਜ ਅਸੀਂ ਜ਼ਿਆਦਾ ਪੈਸਾ ਕਮਾਉਣ ਲਈ ਰੁੱਖਾਂ ਨੂੰ ਵੱਢ ਦਿੱਤਾ। ਅੱਜ ਸਾਡੇ ਕੋਲ ਬ੍ਰਾਂਡੇਡ ਵਸਤੂਆਂ ਤਾਂ ਹਨ, ਪਰ ਸਾਹ ਲੈਣ ਲਈ ਸ਼ੁੱਧ ਹਵਾ ਨਹੀਂ, ਪੀਣ ਲਈ ਸ਼ੁੱਧ ਪਾਣੀ ਨਹੀਂ, ਖਾਣ ਲਈ ਪੌਸ਼ਟਿਕ ਖ਼ੁਰਾਕ ਨਹੀਂ। ਅੱਜ ਵਾਤਾਵਰਨ ਦੀਆਂ ਜੋ ਵੀ ਸਮੱਸਿਆਵਾਂ ਹਨ, ਉਹ ਸਾਡੇ ਕਾਰਨ ਹੀ ਹਨ। ਸਾਨੂੰ ਆਪਣੀਆਂ ਇੱਛਾਵਾਂ, ਲਾਲਚ, ਸਵਾਰਥ ਨੂੰ ਤਿਆਗ ਕੇ ਆਪਣੀਆਂ ਪ੍ਰਤਿਭਾਵਾਂ ਅਤੇ ਊਰਜਾਵਾਂ ਨੂੰ ਸਹੀ ਦਿਸ਼ਾ ’ਚ ਲਾ ਕੇ ਧਰਤੀ ਪ੍ਰਤੀ ਆਪਣੇ ਫਰਜ਼ ਨੂੰ ਪੂਰਾ ਕਰਨਾ ਹੋਵੇਗਾ। ਜੇ ਹੁਣ ਵੀ ਅਸੀਂ ਜਾਗਰੂਕ ਨਾ ਹੋਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਘਰੋਂ ਨਿਕਲਣ ਤੋਂ ਪਹਿਲਾਂ ਨਾਲ ਆਕਸੀ ਮਾਸਕ ਤੇ ਏਅਰਬੈਗ ਲੈ ਕੇ ਨਿਕਲਣਾ ਪਵੇਗਾ।
ਇਸ ਲਈ ਸਾਨੂੰ ਸਾਰਿਆਂ ਨੂੰ ਕੁਦਰਤ ਨੂੰ ਪੋਸ਼ਿਤ ਅਤੇ ਸੁਰੱਖਿਅਤ ਕਰਨ ਵਿੱਚ ਸਹਿਯੋਗ ਦੇਣਾ ਹੋਵੇਗਾ। ਜੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਮਾਹੌਲ ਤੇ ਰੋਗਮੁਕਤ ਜੀਵਨ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਦਾ ਬੀੜਾ ਚੁੱਕਣਾ ਹੋਵੇਗਾ। ਅੰਤ ਵਿੱਚ ਸਵਾਮੀ ਜੀ ਨੇ ਕਿਹਾ ਕਿ ਸੰਸਥਾ ਵੱਲੋਂ ਵਾਤਾਵਰਨ ਸੁਰੱਖਿਆ ਲਈ 'ਸੁਰੱਖਿਆ' ਪ੍ਰਕਲਪ’ ਚਲਾਇਆ ਜਾ ਰਿਹਾ ਹੈ ਜਿਸਦੇ ਤਹਿਤ ਰੁੱਖ ਲਗਾਉਣਾ, ਪਲਾਸਟਿਕ ਦੀ ਘੱਟ ਵਰਤੋਂ, ਕਿਚਨ ਗਾਰਡਨ, ਰੀਸਾਈਕਲ, ਸਫ਼ਾਈ, ਨੀਰ ਸੁਰੱਖਿਆ, ਬਿਜਲੀ ਦੀ ਬੱਚਤ ਆਦਿ ਲਈ ਜਾਗਰੂਕ ਕੀਤਾ ਜਾ ਰਿਹਾ ਹੈ।