ਖਤਮ ਹੋ ਜਾਂਦੈ ਸ਼ਹੀਦਾਂ ਨੂੰ ਭੁੱਲਣ ਵਾਲੀਆਂ ਕੌਮਾਂ ਦਾ ਵਜ਼ੂਦ : ਸ਼ਾਹੀ ਇਮਾਮ
ਖਤਮ ਹੋ ਜਾਂਦੈ ਸ਼ਹੀਦਾਂ ਨੂੰ ਭੁੱਲਣ ਵਾਲੀਆਂ ਕੌਮਾਂ ਦਾ ਵਜ਼ੂਦ-ਸ਼ਾਹੀ ਇਮਾਮ
Publish Date: Fri, 26 Jun 2026 07:09 PM (IST)
Updated Date: Sat, 27 Jun 2026 04:07 AM (IST)

-ਇਤਿਹਾਸਿਕ ਜਾਮਾ ਮਸਜਿਦ ਚ 10 ਮੁਹੱਰਮ ਯੌਮੇ ਆਸ਼ੂਰਾ ਮੌਕੇ ਕੀਤਾ ਜਲਸੇ ਦਾ ਪ੍ਰਬੰਧ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਦੀ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ਚ 10 ਮੁਹੱਰਮ ਯੌਮੇ ਆਸ਼ੂਰਾ ਦੇ ਮੌਕੇ ਤੇ ਜਲਸੇ ਦਾ ਪ੍ਰਬੰਧ ਕੀਤਾ ਗਿਆ, ਜਿਸਦੀ ਪ੍ਰਧਾਨਗੀ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕੀਤੀ। ਜਲਸੇ ਦੀ ਸ਼ੁਰੂਆਤ ਕਰਦੇ ਹੋਏ ਕਾਰੀ ਮੋਹਤਰਮ ਸਾਹਿਬ ਨੇ ਪਵਿੱਤਰ ਕੁਰਾਨ ਸ਼ਰੀਫ਼ ਦੀ ਤਿਲਾਵਤ ਕੀਤੀ ਅਤੇ ਗੁਲਾਮ ਹਸਨ ਕੈਸਰ ਨੇ ਆਪਣਾ ਨਾਤਿਆ ਕਲਾਮ ਪੇਸ਼ ਕੀਤਾ। ਇਸ ਮੌਕੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਮੁਸਲਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਬਲਾ ਦੇ ਮੈਦਾਨ ਚ ਹਜ਼ਰਤ ਇਮਾਮ ਹੁਸੈਨ ਸ਼ਹੀਦ ਨੇ ਮਨੁੱਖਤਾ ਨੂੰ ਜ਼ਾਲਮਾਂ ਖ਼ਿਲਾਫ਼ ਹੱਕ ਦੀ ਆਵਾਜ਼ ਬੁਲੰਦ ਕਰਨ ਦਾ ਉਹ ਸਬਕ ਦਿੱਤਾ ਹੈ, ਜਿਸਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਆਸ਼ੂਰਾ ਦਾ ਦਿਨ ਬੜੀਆਂ ਹੀ ਬਰਕਤਾਂ ਅਤੇ ਰਹਿਮਤਾਂ ਵਾਲਾ ਦਿਨ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਰੋਜਾ ਰੱਖਣਾ ਅੱਲਾਹ ਦੇ ਰਸੂਲ ਹਜ਼ਰਤ ਮੁਹੱਮਦ ਸਾਹਿਬ ਸਲਲੱਲਾਹੂ ਅਲੈਹੀ ਵਸੱਲਮ ਦੀ ਸੁੰਨਤ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਵੱਧ ਤੋਂ ਵੱਧ ਇਬਾਦਤ ਚ ਲਗਾਉਣਾ ਚਾਹੀਦਾ ਹੈ। ਜਿਹੜੇ ਲੋਕ ਇਹ ਸਮਝਦੇ ਹਨ ਕਿ ਸਿਰਫ ਦਾਨ ਦੇ ਕੇ ਉਹ ਰੱਬ ਨੂੰ ਰਾਜੀ ਕਰ ਲੈਣਗੇ ਤਾਂ ਉਹ ਗਲਤ ਸੋਚਦੇ ਹਨ। ਦਾਨ ਦੇਣ ਤੋਂ ਪਹਿਲਾਂ ਆਪਣੇ ਕਰਮ ਅੱਲਾਹ ਦੇ ਹੁਕਮ ਅਨੁਸਾਰ ਕਰਨੇ ਹੋਣਗੇ। ਸ਼ਾਹੀ ਇਮਾਮ ਅਨੁਸਾਰ ਯੌਮੇ ਆਸ਼ੂਰਾ ਦੇ ਦਿਨ ਹੀ ਅੱਲਾਹ ਪਾਕ ਨੇ ਜ਼ਮੀਨ, ਆਸਮਾਨ, ਹਵਾ, ਪਾਣੀ, ਇਨਸਾਨ ਅਤੇ ਹਰ ਚੀਜ ਨੂੰ ਬਣਾਇਆ ਅਤੇ 10 ਮੁਹੱਰਮ ਯੌਮੇ ਆਸ਼ੂਰਾ ਦੇ ਦਿਨ ਹੀ ਕਯਾਮਤ ਆਵੇਗੀ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਦੇ ਦਿਨ ਸਾਨੂੰ ਆਪਣੇ ਘਰਵਾਲਿਆਂ ਤੇ ਦਿਲ ਖੋਲ ਕੇ ਖਰਚ ਕਰਨਾ ਚਾਹੀਦਾ ਅਤੇ ਇਸ ਦਿਨ ਗਰੀਬਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਮੁਸਲਮਾਨ ਕਿਸੇ ਯਤੀਮ ਨੂੰ ਚੰਗਾ ਖਾਣਾ ਖਿਲਾਉਂਦਾ ਹੈ, ਚੰਗੇ ਕੱਪੜੇ ਪਹਿਨਾਉਂਦਾ ਹੈ ਅਤੇ ਬਾਅਦ ਚ ਉਸ ਯਤੀਮ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਦਾ ਹੈ ਤਾਂ ਜਿੰਨੇ ਵੀ ਬਾਲ ਉਸਦੇ ਹੱਥ ਦੇ ਹੇਠਾਂ ਨਿਕਲਣਗੇ, ਅੱਲਾਹ ਪਾਕ ਉਸਨੂੰ ਹਰ ਬਾਲ ਦੇ ਬਦਲੇ ਚ ਨੇਕੀਆਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਰਬਲਾ ਦੇ ਮੈਦਾਨ ਚ ਜੋ ਕੁਝ ਵੀ ਹੋਇਆ, ਉਸ ਤੋਂ ਨੌਜਵਾਨ ਨਸਲ ਨੂੰ ਸਬਕ ਲੈਣਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸਲਾਮ ਧਰਮ ਲਈ ਇਮਾਮ ਹੁਸੈਨ ਨੇ ਕਿਹੋ ਜਿਹੀਆਂ ਕੁਰਬਾਨੀਆਂ ਦਿੱਤੀਆਂ ਹਨ, ਇਸ ਲਈ ਹਜਰਤ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਨਾਂ ਦਾ ਵਜੂਦ ਖਤਮ ਹੋ ਜਾਂਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਮੁਸਲਮਾਨ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣ ਕਿ ਕਰਬਲਾ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਜ਼ਰਤ ਇਮਾਮ ਹੁਸੈਨ ਦਾ ਰੁਤਬਾ ਬਹੁਤ ਵੱਡਾ ਹੈ, ਇਮਾਮ ਹੁਸੈਨ ਹਜ਼ਰਤ ਮੁਹੱਮਦ ਸਾਹਿਬ ਦੇ ਨਵਾਸੇ ਹਨ ਅਤੇ ਹਜ਼ਰਤ ਮੁਹੱਮਦ ਸਾਹਿਬ ਸਲਲੱਲਾਹੂ ਅਲੈਹੀ ਵਸੱਲਮ ਨੂੰ ਇਨ੍ਹਾਂ ਨਾਲ ਬਹੁਤ ਪਿਆਰ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ ਉਹ ਕੌਮ ਦਾ ਸਰਮਾਇਆ ਹੁੰਦੇ ਹਨ, ਉਨ੍ਹਾਂ ਨੂੰ ਵੰਡਿਆ ਨਹੀਂ ਜਾ ਸਕਦਾ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਹਜ਼ਰਤ ਹੁਸੈਨ ਨੇ ਕਰਬਲਾ ਦੇ ਮੈਦਾਨ ਤੋਂ ਜੋ ਸਿੱਖਿਆ ਸਾਨੂੰ ਦਿੱਤੀ ਹੈ, ਉਸ ਤੇ ਅਮਲ ਕਰਨ ਦੀ ਲੋੜ ਹੈ। ਹੱਕ ਦੀ ਆਵਾਜ਼ ਬੁਲੰਦ ਕਰਨ ਵਾਲੇ, ਜਾਲਿਮਾਂ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਹੀ ਇਮਾਮ ਹੁਸੈਨ ਦੇ ਸੱਚੇ ਆਸ਼ਿਕ ਹਨ। ਉਨ੍ਹਾਂ ਕਿਹਾ ਕਿ ਅੱਜ ਯੌਮੇ ਆਸ਼ੂਰਾ ਦਾ ਦਿਨ ਜਿੱਥੇ ਸਾਨੂੰ ਹਜ਼ਰਤ ਇਮਾਮ ਹੂਸੈਨ ਦੀਆਂ ਕੁਰਬਾਨੀਆਂ ਤੋਂ ਸਬਕ ਦਿੰਦਾ ਹੈ, ਉੱਥੇ ਆਪਣੇ ਦੇਸ਼ ਦੇ ਪ੍ਰਤੀ ਵੀ ਕੁਰਬਾਨੀ ਦੇਣ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ਤੇ ਸ਼ਾਹੀ ਇਮਾਮ ਪੰਜਾਬ ਨੇ ਦੇਸ਼ ਵਿਚ ਆਪਸੀ ਭਾਈਚਾਰੇ ਤੇ ਅਮਨ ਸ਼ਾਂਤੀ ਲਈ ਦੁਆ ਵੀ ਕਰਵਾਈ। ਇਸ ਮੌਕੇ ਮੁਫ਼ਤੀ ਮੁਹੰਮਦ ਜਮਾਲੁਦੀਨ, ਮੌਲਾਨਾ ਕਾਰੀ ਮੁਹੰਮਦ ਇਬ੍ਰਾਹਿਮ, ਹਾਫ਼ਿਜ਼ ਸਲਮਾਨ, ਕਾਰੀ ਮੁਹੰਮਦ ਫਿਰੋਜ਼, ਮੌਲਾਨਾ ਅਬਦੁਰ ਰਹਿਮਾਨ ਤੇ ਜਾਮਾ ਮਸਜਿਦ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸੀ।