- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਢੰਡਾਰੀ ਗੁਰਦੁਆਰਾ ਸਾਹਿਬ ਤੇ ਗ੍ਰਿਡ ਨੇੜੇ ਲੱਗੇ ਕੂੁੜੇ ਦੇ ਢੇਰ ਸਮਾਰਟ ਸਿਟੀ ਲੁਧਿਆਣਾ ਦੀ ਖੋਲ੍ਹ ਰਹੇ ਨੇ ਪੋਲ

-ਪੈਸੇ ਬਚਾਉਣ ਦੇ ਚੱਕਰ ’ਚ ਲੋਕ ਸੜਕਾਂ ਕੰਢੇ ਸੁੱਟ ਰਹੇ ਨੇ ਕੂੜਾ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਢੰਡਾਰੀ ਗੁਰਦੁਆਰਾ ਸਾਹਿਬ ਦੇ ਨੇੜੇ ਅਤੇ ਢੰਡਾਰੀ ਗ੍ਰਿਡ ਦੇ ਨਾਲ ਕੂੜੇ ਦੇ ਢੇਰ ਲੱਗੇ ਹੋਏ ਹਨ। ਜੋ ਸਾਮਰਟ ਸਿਟੀ ਲੁਧਿਆਣਾ ਦੀ ਪੋਲ ਖੋਲ੍ਹ ਰਹੇ ਹਨ। ਕੂੜੇ ਦੇ ਢੇਰਾਂ ਕਰਕੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਾਰਖ਼ਾਨਿਆਂ ਤੇ ਘਰਾਂ ਵਿੱਚੋਂ ਨਿਕਲਣ ਵਾਲਾ ਕੂੜਾ ਕੁੱਝ ਪੈਸੇ ਖਰਚ ਕੇ ਨਿਯਮਾਂ ਅਨੁਸਾਰ ਚੁਕਵਾਇਆ ਜਾ ਸਕਦਾ ਹੈ। ਥੋੜ੍ਹੇ ਜਿਹੇ ਪੈਸੇ ਬਚਾਉਣ ਲਈ ਸੜਕਾਂ ਕੰਢੇ ਜਾਂ ਖੁੱਲ੍ਹੀਆਂ ਥਾਵਾਂ 'ਤੇ ਕੂੜਾ ਸੁੱਟਿਆ ਜਾ ਰਿਹਾ ਹੈ। ਜਿਹੜੇ ਵੀ ਵਿਅਕਤੀ ਖੁੱਲ੍ਹੇ ’ਚ ਕੂੜਾ ਸੁੱਟ ਰਹੇ ਹਨ। ਉਨ੍ਹਾਂ ਨੂੰ ਨੱਥ ਪਾਉਣ ਲਈ ਨਗਰ ਨਿਗਮ ਜਾਂ ਪ੍ਰਸ਼ਾਸਨ ਵੱਲੋਂ ਕੋਈ ਵੀ ਢੁੱਕਵਾਂ ਕਦਮ ਨਹੀਂ ਚੁੱਕਿਆ ਜਾ ਰਿਹਾ।
ਕੂੜਾ ਪਿਆ ਹੋਣ ਕਰਕੇ ਸਵੇਰੇ ਤੇ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਣ ਵਾਲੀ ਸੰਗਤਾਂ ਨੂੰ ਗੰਦਗੀ ਤੇ ਬਦਬੂ ਵਾਲੇ ਰਾਸਤੇ ਕੋਲੋਂ ਲੰਘਣਾ ਪੈਂਦਾ ਹੈ। ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਹੈ ਕਿ ਉਹ ਕੂੜੇ ਨੂੰ ਚੁਕਵਾਉਣ ਲਈ ਤੁਰੰਤ ਬਣਦੀ ਕਾਰਵਾੲਂ ਅਮਲ ਵਿੱਚ ਲੈ ਕੇ ਆਉਣ ਅਤੇ ਭਵਿੱਖ ’ਚ ਸੜਕ ਕੰਢੇ ਕੂੜਾ ਸੁੱਟਣ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
-ਬਾਕਸ-
-ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਸਮੂਹਿਕ ਯਤਨ ਜ਼ਰੂਰੀ : ਮੱਕੜ
ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਅਸੀਂ ਆਪਣੇ ਘਰ ਤੇ ਕਾਰਖ਼ਾਨਿਆਂ ਦੇ ਅੰਦਰ ਤਾਂ ਸਫ਼ਾਈ ਰੱਖਦੇ ਹਾਂ, ਪਰ ਜੇ ਘਰ ਜਾਂ ਕਾਰਖ਼ਾਨੇ ਤੋਂ ਬਾਹਰ ਕੂੜਾ ਸੁੱਟ ਦਿੰਦੇ ਹਾਂ, ਤਾਂ ਉਹ ਗੰਦਗੀ ਵੀ ਸਾਡੇ ਹੀ ਸਮਾਜ ਤੇ ਸਾਡੇ ਹੀ ਸ਼ਹਿਰ ਦੀ ਹੁੰਦੀ ਹੈ। ਇਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਬਿਮਾਰੀਆਂ ਫੈਲਦੀਆਂ ਹਨ ਅਤੇ ਸਾਡੇ ਸ਼ਹਿਰ ਦੀ ਛਵੀ ਵੀ ਖਰਾਬ ਹੁੰਦੀ ਹੈ। ਮੱਕੜ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਸਾਨੂੰ ਸਮੂਿਹਕ ਯਤਨ ਕਰਨੇ ਚਾਹੀਦੇ ਹਨ। ਇਹ ਦੇਸ਼ ਸਾਡਾ ਹੈ, ਇਹ ਪੰਜਾਬ ਸਾਡਾ ਹੈ ਅਤੇ ਇਹ ਸ਼ਹਿਰ ਵੀ ਸਾਡਾ ਹੈ। ਇਸ ਦੀ ਸਫ਼ਾਈ ਤੇ ਸੰਭਾਲ ਕਰਨਾ ਸਾਡੇ ਸਾਰਿਆਂ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਕੁੱਝ ਪੈਸੇ ਤਾਂ ਸ਼ਾਇਦ ਬਚ ਜਾਣ, ਪਰ ਜੇ ਅਸੀਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਰਹੇ, ਤਾਂ ਆਪਣੇ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਦੇਵਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਵਾਤਾਵਰਣ ਨੂੰ ਸਾਫ਼ ਸੁਥਰਾ ਤੇ ਕੂੜਾ ਰਹਿਤ ਬਣਾਊਣ ਦਾ ਉਪਰਾਲਾ ਕਰਨਾ ਚਾਹੀਦਾ ਹੈ।