- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਪੰਜਾਬੀ ਸਾਹਿਤ ਅਕਾਡਮੀ ਦਾ ਇਤਿਹਾਸ’ ਦੇ ਰਚੇਤਾ ਡਾ.ਜਾਚਕ ਦਾ ਸਨਮਾਨ

-ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਤੇ ਸਾਬਕਾ ਜਨਰਲ ਸਕੱਤਰ ਸਨਮਾਨਿਤ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਅਕਾਦਮੀ ਦੇ 71 ਸਾਲਾ ਇਤਿਹਾਸ ਨੂੰ ‘ਪੰਜਾਬੀ ਸਾਹਿਤ ਅਕਾਡਮੀ ਦਾ ਇਤਿਹਾਸ’ ਦੇ ਟਾਈਟਲ ਹੇਠ ਕਿਤਾਬ ਦਾ ਰੂਪ ਦੇਣ ਵਾਲੇ ਪ੍ਰਸਿੱਧ ਸਾਹਿਤਕਾਰ ਤੇ ਪੰਥਕ ਕਵੀ ਡਾ. ਹਰੀ ਸਿੰਘ ਜਾਚਕ ਦਾ ਵਿਸ਼ੇਸ਼ ਸਨਮਾਨ ਕੀਤਾ। ਸਨਮਾਨ ਕਰਨ ਪਿਛੋਂ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਦਮੀ ਨੇ ਪਿਛਲੇ 71 ਸਾਲਾਂ ਦੌਰਾਨ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਇਤਿਹਾਸਕ ਯੋਗਦਾਨ ਪਾਇਆ ਹੈ। ਇਸ ਲੰਮੇ ਤੇ ਗੌਰਵਮਈ ਸਫ਼ਰ ਨੂੰ ਕਿਤਾਬ ਦੇ ਰੂਪ ’ਚ ਪੇਸ਼ ਕਰਨਾ ਬਹੁਤ ਹੀ ਔਖਾ ਤੇ ਜ਼ਿੰਮੇਵਾਰੀ ਭਰਿਆ ਕਾਰਜ ਸੀ, ਜਿਸ ਨੂੰ ਡਾ. ਹਰੀ ਸਿੰਘ ਜਾਚਕ ਨੇ ਬੜੀ ਮਿਹਨਤ ਨਾਲ ਸੰਪੂਰਨ ਕੀਤਾ ਹੈ।
ਇਹ ਪੁਸਤਕ ਆਉਣ ਵਾਲੀਆਂ ਪੀੜ੍ਹੀਆਂ ਲਈ ਮਹੱਤਵਪੂਰਨ ਸਾਬਤ ਹੋਵੇਗੀ। ਅਕਾਦਮੀ ਦੇ ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਸਾਹਿਤਕ ਸੰਸਥਾ ਦਾ ਇਤਿਹਾਸ ਉਸ ਦੀ ਵਿਚਾਰਧਾਰਾ, ਕਾਰਜ-ਸ਼ੈਲੀ ਤੇ ਸਮਾਜ ਪ੍ਰਤੀ ਵਚਨਬੱਧਤਾ ਦਾ ਪ੍ਰਤੀਬਿੰਬ ਹੁੰਦਾ ਹੈ। ਡਾ. ਹਰੀ ਸਿੰਘ ਜਾਚਕ ਨੇ ਅਕਾਦਮੀ ਦੇ ਸੱਤ ਦਹਾਕਿਆਂ ਤੋਂ ਵੱਧ ਸਮੇਂ ਦੇ ਸਾਹਿਤਕ ਸਫ਼ਰ ਨੂੰ ਸੁਚੱਜੇ ਢੰਗ ਨਾਲ ਦਰਜ ਕਰਕੇ ਪੰਜਾਬੀ ਸਾਹਿਤ ਦੇ ਇਤਿਹਾਸ ’ਚ ਇਕ ਮਹੱਤਵਪੂਰਨ ਵਾਧਾ ਕੀਤਾ ਹੈ। ਸਨਮਾਨ ਪ੍ਰਾਪਤ ਕਰਨ ਉਪਰੰਤ ਡਾ. ਹਰੀ ਸਿੰਘ ਜਾਚਕ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਦਮੀ ਦਾ ਇਤਿਹਾਸ ਲਿਖਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ।
ਉਨ੍ਹਾਂ ਦੱਸਿਆ ਕਿ ਇਸ ਪੁਸਤਕ ਦੀ ਤਿਆਰੀ ਦੌਰਾਨ ਅਕਾਦਮੀ ਦੇ ਪੁਰਾਣੇ ਦਸਤਾਵੇਜ਼ਾਂ, ਰਿਕਾਰਡਾਂ, ਪ੍ਰਕਾਸ਼ਨਾਂ ਤੇ ਸੀਨੀਅਰ ਸਾਹਿਤਕਾਰਾਂ ਤੋਂ ਮਿਲੀ ਜਾਣਕਾਰੀ ਦਾ ਗਹਿਰਾਈ ਨਾਲ ਅਧਿਐਨ ਕੀਤਾ ਗਿਆ, ਤਾਂ ਜੋ ਅਕਾਦਮੀ ਦੇ ਸਫ਼ਰ ਨੂੰ ਤੱਥਾਂ ਦੇ ਆਧਾਰ 'ਤੇ ਪੇਸ਼ ਕੀਤਾ ਜਾ ਸਕੇ। ਉਨ੍ਹਾਂ ਇਸ ਸਨਮਾਨ ਲਈ ਅਕਾਦਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਭਵਿੱਖ ’ਚ ਵੀ ਸਾਹਿਤਕ ਖੋਜ ਅਤੇ ਦਸਤਾਵੇਜ਼ੀਕਰਨ ਦੇ ਕਾਰਜਾਂ ਲਈ ਪ੍ਰੇਰਿਤ ਕਰੇਗਾ। ਸਾਹਿਤਕਾਰਾਂ ਨੇ ਡਾ. ਹਰੀ ਸਿੰਘ ਜਾਚਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾ. ਜਾਚਕ ਨੇ ਪੰਜਾਬੀ ਸਾਹਿਤ ਦੀ ਅਮੁੱਲ ਵਿਰਾਸਤ ਨੂੰ ਸੰਭਾਲਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਅਜਿਹੇ ਯਤਨ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਇਤਿਹਾਸ ਨੂੰ ਹੋਰ ਸਮਰੱਥ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ••।