ਗੁੱਜਰਵਾਲ ਦੇ ਸਕੂਲ ਦੀ ਇਤਿਹਾਸਕ ਇਮਾਰਤ ਦੀ ਸਾਰ ਲਈ ਜਾਵੇ : ਇਆਲੀ
ਪੰਜਾਬ ਸਰਕਾਰ ਗੁੱਜਰਵਾਲ ਦੇ ਸਕੂਲ ਦੀ ਇਤਿਹਾਸਕ ਇਮਾਰਤ ਦੀ ਸਾਰ ਲਵੇ -ਵਿਧਾਇਕ ਇਆਲੀ
Publish Date: Sat, 20 Jun 2026 06:57 PM (IST)
Updated Date: Sun, 21 Jun 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੋਧਾਂ : ਨੇੜਲੇ ਇਤਿਹਾਸਕ ਪਿੰਡ ਗੁੱਜਰਵਾਲ ਨੂੰ ਜਿੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਹੈ ਉੱਥੇ ਹੀ ਇਸ ਪਿੰਡ ਦੇ ਅੰਗਰੇਜ਼ੀ ਸਾਮਰਾਜ ਵੇਲੇ ਦੇ ਸਰਕਾਰੀ ਸਕੂਲ ਦੇ ਵੀ ਚਰਚੇ ਦੇਸ਼ਾਂ ਵਿਦੇਸ਼ਾਂ ਵਿੱਚ ਹਨ। ਪੰਜਾਬ ਦਾ ਇਹ ਪੁਰਾਤਨ ਸਕੂਲ ਜੋ ਕਿ 1857 ਤੋਂ ਇਲਾਕੇ ਦੇ ਲੋਕਾਂ ਨੂੰ ਵਿੱਦਿਆ ਦਾ ਚਾਨਣ ਵੰਡ ਰਿਹਾ ਹੈ। ਇਸ ਸਕੂਲ ਵਿੱਚ ਦੇਸ਼ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਪੜ੍ਹਾਈ ਕੀਤੀ ਹੈ। ਵਿਦਿਆ ਦਾ ਚਾਨਣ ਮੁਨਾਰਾ ਪਿੰਡ ਗੁੱਜਰਵਾਲ ਦਾ ਇਹ ਸੀਨੀਅਰ ਸੈਕੰਡਰੀ ਸਕੂਲ ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਣ ਕਾਰਨ ਆਪਣੀ ਇਤਿਹਾਸਕ ਵਿਰਾਸਤ ਗਵਾਉਣ ਦੀ ਕਗਾਰ ’ਤੇ ਹੈ। ਇਸ ਮੌਕੇ ਸਕੂਲ ਦੀ ਪੁਰਾਤਨ ਇਮਾਰਤ ਨੂੰ ਤਾਲਾ ਲੱਗ ਗਿਆ ਹੈ, ਕਿਉਂਕਿ ਸਬੰਧਤ ਵਿਭਾਗ ਨੇ ਇਸ ਨੂੰ ਕਾਫ਼ੀ ਸਮੇਂ ਤੋਂ ਅਨਸੇਫ ਐਲਾਨਿਆ ਹੋਇਆ ਹੈ। ਪਿਛਲੇ ਦਿਨੀਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵਿਸ਼ੇਸ਼ ਤੌਰ ਤੇ ਇਸ ਇਤਿਹਾਸਕ ਅਤੇ ਪੁਰਾਤਨ ਸਕੂਲ ਦਾ ਦੌਰਾ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਇਆਲੀ ਨੇ ਕਿਹਾ ਕਿ ਪੰਜਾਬ ਦੇ ਇਹ ਨਾਮਵਰ ਸਕੂਲ ਦੀ ਸਰਕਾਰਾਂ ਵੱਲੋਂ ਕੀਤੀ ਬੇਰੁੱਖੀ ਦੇਖ ਕੇ ਮਨ ਨੂੰ ਠੇਸ ਪਹੁੰਚੀ ਹੈ।ਇਹ ਉਹੀ ਸਕੂਲ ਹੈ ਜਿੱਥੋਂ ਸਾਡੀਆਂ ਮਹਾਨ ਸ਼ਖ਼ਸੀਅਤਾਂ ਨੇ ਉੱਚ ਵਿਦਿਆ ਪ੍ਰਾਪਤ ਕਰਕੇ ਇਸ ਗੁੱਜਰਵਾਲ ਦਾ ਨਾਮ ਰੌਸ਼ਨ ਕੀਤਾ ਹੈ। ਇਆਲੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਲਾਕੇ ਦੇ ਇਸ ਨਾਮਵਰ ਸਕੂਲ ਦਾ ਨਵੀਨੀਕਰਨ ਮੁਕੰਮਲ ਕਰਕੇ ਇਸ ਦੀ ਪੁਰਾਤਨ ਦਿੱਖ ਨੂੰ ਬਰਕਰਾਰ ਰੱਖਿਆ ਜਾਵੇ।ਇਸ ਸਕੂਲ ਦੀ ਆਲੀਸ਼ਾਨ ਇਮਾਰਤ ਵਰਗੀ ਦਿੱਖ ਹੋਰ ਕਿਸੇ ਵੀ ਵਿਦਿਅਕ ਸੰਸਥਾ ਦੀ ਨਹੀਂ ਹੈ।ਇਸ ਲਈ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਇਸ ਪੁਰਾਤਨ ਇਤਿਹਾਸਕ ਸਕੂਲ ਦਾ ਨਵੀਨੀਕਰਨ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਵਿਧਾਇਕ ਇਆਲੀ ਨੇ ਅੱਗੇ ਕਿਹਾ ਕਿ ਅਸੀਂ ਆਪਣੇ ਤੌਰ ਤੇ ਵੀ ਇਸ ਸਕੂਲ ਦੇ ਨਵੀਨੀਕਰਨ ’ਚ ਸਹਿਯੋਗ ਕਰਾਂਗੇ।ਇਸ ਮੌਕੇ ਸਰਪੰਚ ਹਰਦੀਪ ਸਿੰਘ ਗਰੇਵਾਲ, ਜੱਥੇਦਾਰ ਜਗਤਾਰ ਸਿੰਘ ਲਤਾਲਾ, ਪ੍ਰਿੰਸੀਪਲ ਬਲਵਿੰਦਰ ਸਿੰਘ, ਅਮਨਦੀਪ ਸਿੰਘ ਔਲਖ, ਗੁਰਵਿੰਦਰ ਸਿੰਘ ਸੰਮਤੀ ਮੈਂਬਰ, ਹਰਸਿਮਰਨ ਸਿੰਘ ਗਰੇਵਾਲ, ਮਨਜੀਤ ਸਿੰਘ ਮਾਣਾ, ਬਲਵੀਰ ਸਿੰਘ, ਪ੍ਰਧਾਨ ਦਿਆਲ ਸਿੰਘ, ਪੰਚ ਪ੍ਰਦੀਪ ਸਿੰਘ ਸਰਾਭਾ, ਹਰਜੀਤ ਸਿੰਘ ਧਾਲੀਵਾਲ, ਬਲਜੀਤ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਹੈਪੀ, ਅਤਿੰਦਰ ਪਾਲ ਸਿੰਘ, ਗੋਗੀ ਕੁਲਾਰ, ਮਾਸਟਰ ਹਰਜੋਤ ਸਿੰਘ ਹਾਜ਼ਰ ਸਨ।