ਜੇਲ੍ਹਾਂ ’ਚ ਕੈਦੀਆਂ ਦੀ ਸਿਹਤ ਤੇ ਨਸ਼ਾ ਮੁਕਤੀ ਸੇਵਾਵਾਂ ਮਜ਼ਬੂਤ ਕਰਨ ਲਈ ਪੰਜਾਬ ਨੇ ਬਣਾਈ ਨਵੀਂ ਰਣਨੀਤੀ
ਜੇਲ੍ਹਾਂ ਨੂੰ ਸਿਰਫ਼ ਸਜ਼ਾ ਦੇ ਸਥਾਨਾਂ ਦੀ ਬਜਾਏ ਇਲਾਜ, ਸਿਹਤ ਸੰਭਾਲ ਅਤੇ ਮੁੜ ਵਸੇਬੇ ਦੇ ਕੇਂਦਰ ਵਜੋਂ ਵਿਕਸਿਤ ਕਰਨ ਦੇ ਮਕਸਦ ਨਾਲ ਪੰਜਾਬ ਵਿੱਚ ਸ਼ੁੱਕਰਵਾਰ ਨੂੰ ਲੁਧਿਆਣਾ ਵਿਖੇ ਉੱਚ ਪੱਧਰੀ ਵਿਚਾਰ-ਵਟਾਂਦਰੇ ਦਾ ਆਯੋਜਨ ਕੀਤਾ ਗਿਆ। ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਦੇ ਮੌਕੇ ’ਤੇ ਹੋਈ ਇਸ ਬੈਠਕ ’ਚ ਨਸ਼ੇ ਦੀ ਲਤ, ਐੱਚ.ਆਈ.ਵੀ., ਜੇਲ੍ਹ ਸਿਹਤ ਅਤੇ ਕੈਦੀਆਂ ਦੇ ਮੁੜ ਵਸੇਬੇ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
Publish Date: Fri, 26 Jun 2026 04:11 PM (IST)
Updated Date: Fri, 26 Jun 2026 04:13 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਜੇਲ੍ਹਾਂ ਨੂੰ ਸਿਰਫ਼ ਸਜ਼ਾ ਦੇ ਸਥਾਨਾਂ ਦੀ ਬਜਾਏ ਇਲਾਜ, ਸਿਹਤ ਸੰਭਾਲ ਅਤੇ ਮੁੜ ਵਸੇਬੇ ਦੇ ਕੇਂਦਰ ਵਜੋਂ ਵਿਕਸਿਤ ਕਰਨ ਦੇ ਮਕਸਦ ਨਾਲ ਪੰਜਾਬ ਵਿੱਚ ਸ਼ੁੱਕਰਵਾਰ ਨੂੰ ਲੁਧਿਆਣਾ ਵਿਖੇ ਉੱਚ ਪੱਧਰੀ ਵਿਚਾਰ-ਵਟਾਂਦਰੇ ਦਾ ਆਯੋਜਨ ਕੀਤਾ ਗਿਆ। ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਦੇ ਮੌਕੇ ’ਤੇ ਹੋਈ ਇਸ ਬੈਠਕ ’ਚ ਨਸ਼ੇ ਦੀ ਲਤ, ਐੱਚ.ਆਈ.ਵੀ., ਜੇਲ੍ਹ ਸਿਹਤ ਅਤੇ ਕੈਦੀਆਂ ਦੇ ਮੁੜ ਵਸੇਬੇ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਬੈਠਕ ’ਚ ਸੂਬਾ ਸਰਕਾਰ, ਜੇਲ੍ਹ ਵਿਭਾਗ, ਸਿਹਤ ਖੇਤਰ ਦੇ ਮਾਹਿਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਵਿਚਾਰ-ਵਟਾਂਦਰੇ ਦੌਰਾਨ ਜੇਲ੍ਹਾਂ ’ਚ ਬੰਦ ਬੰਦੀਆਂ ਨੂੰ ਬਿਹਤਰ ਇਲਾਜ, ਮਾਨਸਿਕ ਸਿਹਤ ਸਹਾਇਤਾ, ਨਸ਼ਾ ਮੁਕਤੀ ਸੇਵਾਵਾਂ ਅਤੇ ਰਿਹਾਈ ਤੋਂ ਬਾਅਦ ਵੀ ਲਗਾਤਾਰ ਦੇਖਭਾਲ ਯਕੀਨੀ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਿਹਤ, ਜੇਲ੍ਹ ਅਤੇ ਹੋਰ ਸਬੰਧਤ ਵਿਭਾਗਾਂ ਵਿਚਕਾਰ ਤਾਲਮੇਲ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਤਿੰਨ ਮਹੀਨਿਆਂ ਦੌਰਾਨ ਦਸ ਹਜ਼ਾਰ ਤੋਂ ਵੱਧ ਨਸ਼ਾ ਪੀੜਤਾਂ ਨੂੰ ਜੇਲ੍ਹ ਭੇਜਣ ਦੀ ਥਾਂ ਨਸ਼ਾ ਮੁਕਤੀ ਕੇਂਦਰਾਂ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।
ਇਸ ਤੋਂ ਇਲਾਵਾ ਕਰੀਬ 25 ਹਜ਼ਾਰ ਕੈਦੀਆਂ ਦੀ ਹੈਪੇਟਾਈਟਿਸ, ਐੱਚ.ਆਈ.ਵੀ. ਅਤੇ ਨਸ਼ੇ ਸਬੰਧੀ ਜਾਂਚ ਵੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਜੇਲ੍ਹਾਂ ’ਚ ਨਸ਼ਾ ਛੁਡਾਉਣ ਲਈ ਦਵਾਈ ਆਧਾਰਿਤ ਇਲਾਜ ਦੀਆਂ ਸਹੂਲਤਾਂ, ਮਨੋਚਿਕਿਤਸਕਾਂ ਅਤੇ ਸਲਾਹਕਾਰਾਂ ਦੀ ਸੇਵਾ ਦੇ ਨਾਲ-ਨਾਲ ਹੁਨਰ ਵਿਕਾਸ ਲਈ ਸਿਖਲਾਈ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਕੈਦੀ ਸਮਾਜ ’ਚ ਮੁੜ ਸਨਮਾਨ ਨਾਲ ਜੀਵਨ ਬਤੀਤ ਕਰ ਸਕਣ।
ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਮਾਮਲਿਆਂ ’ਚ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਸੁਧਾਰ ਅਤੇ ਮੁੜ ਵਸੇਬੇ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਸਮਾਜ ’ਚੋਂ ਖਤਮ ਕਰਨ ਦੇ ਨਾਲ ਹਰ ਪ੍ਰਭਾਵਿਤ ਵਿਅਕਤੀ ਤੱਕ ਇਲਾਜ ਅਤੇ ਸਿਹਤ ਸੇਵਾਵਾਂ ਪਹੁੰਚਾਉਣਾ ਵੀ ਲਾਜ਼ਮੀ ਹੈ।
ਬੈਠਕ ਦੌਰਾਨ ਜੇਲ੍ਹਾਂ ’ਚ ਉਭਰ ਰਹੀਆਂ ਸਿਹਤ ਚੁਣੌਤੀਆਂ, ਨਸ਼ੇ ਦੀ ਰੋਕਥਾਮ, ਛੂਤ ਦੀਆਂ ਬਿਮਾਰੀਆਂ ਤੋਂ ਬਚਾਅ, ਮਹਿਲਾ ਕੈਦੀਆਂ ਦੀ ਸਿਹਤ, ਅਪੰਗਤਾ ਅਤੇ ਮਾਨਸਿਕ ਸਿਹਤ ਵਰਗੇ ਵਿਸ਼ਿਆਂ ’ਤੇ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕੈਦੀਆਂ ਦੀ ਸਮੇਂ ਸਿਰ ਜਾਂਚ, ਨਸ਼ਾ ਛੱਡਣ ਦੌਰਾਨ ਇਲਾਜ, ਮਾਨਸਿਕ ਅਤੇ ਸਮਾਜਿਕ ਸਹਾਇਤਾ ਅਤੇ ਇਲਾਜ ਦੀ ਲਗਾਤਾਰਤਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਬਾਰੇ ਵੀ ਸੁਝਾਅ ਦਿੱਤੇ ਗਏ।
ਮਹਿਲਾ ਕੈਦੀਆਂ ਦੀ ਪ੍ਰਜਨਨ ਸਿਹਤ ਅਤੇ ਨਸ਼ੇ ਨਾਲ ਪ੍ਰਭਾਵਿਤ ਔਰਤਾਂ ਨੂੰ ਜੇਲ੍ਹ ਦੌਰਾਨ ਅਤੇ ਰਿਹਾਈ ਤੋਂ ਬਾਅਦ ਵੀ ਨਿਰੰਤਰ ਇਲਾਜ ਅਤੇ ਸਹਾਇਤਾ ਮੁਹੱਈਆ ਕਰਵਾਉਣ ਉੱਤੇ ਵਿਸ਼ੇਸ਼ ਚਰਚਾ ਕੀਤੀ ਗਈ।
ਬੈਠਕ ਦੇ ਅੰਤ ’ਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਜੇਲ੍ਹਾਂ ’ਚ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ, ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਆਪਸੀ ਸਹਿਯੋਗ ਹੋਰ ਮਜ਼ਬੂਤ ਕਰਨ ਦਾ ਸੰਕਲਪ ਪ੍ਰਗਟਾਇਆ।