- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰ ਪਰਤਣ ਤੋਂ ਬਾਅਦ ਵੀ ਕਥਿਤ ਏਜੰਟ ਵੱਲੋਂ ਪੈਸੇ ਵਾਪਸ ਨਾ ਕਰਨ ’ਤੇ ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਥਾਣਾ ਜਮਾਲਪੁਰ ਦੀ ਪੁਲਿਸ ਨੇ ਸੁਖਦੇਵ ਨਗਰ ਵਾਸੀ ਗੁਰਦੀਪ ਸਿੰਘ ਦੀ ਸ਼ਿਕਾਇਤ ’ਤੇ ਟਰੈਵਲ ਏਜੰਟ ਰਾਕੇਸ਼ ਕੁਮਾਰ ਉਰਫ਼ ਗੋਰਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਅਮਰੀਕਾ ਜਾਣ ਦੀ ਚਾਹ ਰੱਖਣ ਵਾਲੇ ਲੁਧਿਆਣਾ ਦੇ ਇਕ ਨੌਜਵਾਨ ਨਾਲ ਕਥਿਤ ਤੌਰ ’ਤੇ ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ 40 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਕਥਿਤ ਤੌਰ ’ਤੇ ‘ਡੋਂਕੀ ਰੂਟ’ ਰਾਹੀਂ ਕਈ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਵਾ ਕੇ ਅਮਰੀਕਾ ਪਹੁੰਚਾਇਆ ਗਿਆ, ਜਿੱਥੇ ਉਹ ਕਰੀਬ 10 ਮਹੀਨੇ ਟੈਕਸਾਸ ਦੇ ਸ਼ਰਨਾਰਥੀ ਕੈਂਪ ਵਿੱਚ ਰਿਹਾ। ਆਖ਼ਰਕਾਰ ਉਸ ਨੂੰ 25 ਜੂਨ 2025 ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ।
ਘਰ ਪਰਤਣ ਤੋਂ ਬਾਅਦ ਵੀ ਕਥਿਤ ਏਜੰਟ ਵੱਲੋਂ ਪੈਸੇ ਵਾਪਸ ਨਾ ਕਰਨ ’ਤੇ ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਥਾਣਾ ਜਮਾਲਪੁਰ ਦੀ ਪੁਲਿਸ ਨੇ ਸੁਖਦੇਵ ਨਗਰ ਵਾਸੀ ਗੁਰਦੀਪ ਸਿੰਘ ਦੀ ਸ਼ਿਕਾਇਤ ’ਤੇ ਟਰੈਵਲ ਏਜੰਟ ਰਾਕੇਸ਼ ਕੁਮਾਰ ਉਰਫ਼ ਗੋਰਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।
ਗੁਰਦੀਪ ਸਿੰਘ ਅਨੁਸਾਰ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਇਸ ਸਬੰਧੀ ਉਸ ਦੇ ਮਾਮੇ ਸੰਤੋਖ ਸਿੰਘ ਨੇ ਉਸ ਦੀ ਜਾਣ-ਪਛਾਣ ਪਿੰਡ ਖੱਸਣ ਵਾਸੀ ਰਾਕੇਸ਼ ਕੁਮਾਰ ਨਾਲ ਕਰਵਾਈ। ਸ਼ਿਕਾਇਤ ਮੁਤਾਬਕ 15 ਅਗਸਤ 2023 ਨੂੰ ਹੋਈ ਮੁਲਾਕਾਤ ਦੌਰਾਨ ਏਜੰਟ ਨੇ ਪਹਿਲਾਂ 44 ਲੱਖ ਰੁਪਏ ਦੀ ਮੰਗ ਕੀਤੀ, ਪਰ ਬਾਅਦ ਵਿੱਚ 40 ਲੱਖ ਰੁਪਏ ਵਿੱਚ ਅਮਰੀਕਾ ਭੇਜਣ ਦਾ ਸੌਦਾ ਤੈਅ ਹੋ ਗਿਆ। ਮੁਲਜ਼ਮ ਨੇ ਸ਼ੁਰੂਆਤ ਵਿੱਚ 2 ਲੱਖ ਰੁਪਏ, ਅਸਲ ਪਾਸਪੋਰਟ ਅਤੇ ਹੋਰ ਦਸਤਾਵੇਜ਼ ਲਏ।
ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਕੰਬੋਡੀਆ ਰਾਹੀਂ ਅਮਰੀਕਾ ਭੇਜਣ ਦੀ ਗੱਲ ਕਹੀ ਗਈ, ਪਰ ਬਾਅਦ ਵਿੱਚ ਉਹ ਕਈ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਦਾ ਹੋਇਆ ਅਮਰੀਕੀ ਸਰਹੱਦ ਤੱਕ ਪਹੁੰਚਿਆ। ਉੱਥੋਂ ਉਹ ਟੈਕਸਾਸ ਦੇ ਸ਼ਰਨਾਰਥੀ ਕੈਂਪ ਵਿੱਚ ਪਹੁੰਚ ਗਿਆ, ਜਿੱਥੇ ਉਸ ਨੂੰ ਕਰੀਬ 10 ਮਹੀਨੇ ਰਹਿਣਾ ਪਿਆ।
ਜਾਂਚ ਲਈ ਕਈ ਵਾਰ ਨੋਟਿਸ, ਏਜੰਟ ਨਾ ਹੋਇਆ ਸ਼ਾਮਲ
ਮਾਮਲੇ ਦੀ ਜਾਂਚ ਦੌਰਾਨ ਪੁਲਿਸ ਵੱਲੋਂ ਰਾਕੇਸ਼ ਕੁਮਾਰ ਨੂੰ ਉਸ ਦੇ ਮੋਬਾਈਲ ਨੰਬਰ ’ਤੇ ਵਾਰ-ਵਾਰ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ। ਜਾਂਚ ਰਿਪੋਰਟ ਅਨੁਸਾਰ ਉਸ ਨੂੰ 23 ਅਪ੍ਰੈਲ, 13 ਮਈ, 22 ਮਈ, 9 ਜੂਨ ਅਤੇ 22 ਜੂਨ 2026 ਨੂੰ ਨੋਟਿਸ ਭੇਜੇ ਗਏ। ਫੋਨ ਰਾਹੀਂ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਦੋਸ਼ ਹੈ ਕਿ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ। ਏਐੱਸਆਈ ਸਾਹਿਬ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਧਾਰਾ 420 ਤਹਿਤ ਮਾਮਲਾ ਦਰਜ ਕਰਕੇ ਪੈਸਿਆਂ ਦੇ ਲੈਣ-ਦੇਣ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।