ਮਹਾਨਗਰ ’ਚ ਹਲਕਾ ਪੱਧਰ ਤੇ ਚੋਣ ਅਮਲੇ ਦੀ ਵਿਸ਼ੇਸ਼ ਟ੍ਰੇਨਿੰਗ ਸ਼ੁਰੂ
ਵੋਟਰ ਸੂਚੀਆਂ ਦੀ ਸ਼ੁੱਧਤਾ ਲਈ ਐਸਆਈਆਰ ਮੁਹਿੰਮ ਲਈ ਪ੍ਰਸ਼ਾਸਟ ਨੇ ਤੇਜ਼ ਕੀਤੀ ਤਿਆਰੀ
Publish Date: Sat, 13 Jun 2026 09:39 PM (IST)
Updated Date: Sun, 14 Jun 2026 04:09 AM (IST)

ਵੋਟਰ ਸੂਚੀਆਂ ਦੀ ਸ਼ੁੱਧਤਾ ਲਈ ਐਸਆਈਆਰ ਮੁਹਿੰਮ ਲਈ ਪ੍ਰਸ਼ਾਸਨ ਨੇ ਤੇਜ਼ ਕੀਤੀ ਤਿਆਰੀ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀਆਂ ਨੂੰ ਹੋਰ ਸ਼ੁੱਧ, ਪਾਰਦਰਸ਼ੀ ਅਤੇ ਅੱਪਡੇਟ ਬਣਾਉਣ ਦੇ ਮੰਤਵ ਨਾਲ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸਆਈਆਰ) ਮੁਹਿੰਮ ਤਹਿਤ ਲੁਧਿਆਣਾ ਜ਼ਿਲ੍ਹੇ ਵਿੱਚ ਚੋਣ ਅਮਲੇ ਦੀ ਵਿਸ਼ੇਸ਼ ਸਿਖਲਾਈ ਦਾ ਆਗਾਜ਼ ਕੀਤਾ ਗਿਆ। ਇਸ ਸਬੰਧੀ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਵੱਲੋਂ ਬੱਚਤ ਭਵਨ ਵਿੱਚ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ, ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ, ਟੈਕਨੀਕਲ ਅਤੇ ਕਲੈਰੀਕਲ ਸਟਾਫ ਨੂੰ ਦੋ ਵੱਖ-ਵੱਖ ਬੈਚਾਂ ਵਿੱਚ ਟ੍ਰੇਨਿੰਗ ਦਿੱਤੀ ਗਈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਆਈਆਰ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਅਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਇਹ ਸਿਖਲਾਈ ਪ੍ਰੋਗਰਾਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 13 ਜੂਨ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਚੋਣ ਹਲਕਾ 57-ਖੰਨਾ, 58-ਸਮਰਾਲਾ, 59-ਸਾਹਨੇਵਾਲ ਅਤੇ 61-ਲੁਧਿਆਣਾ ਦੱਖਣੀ ਨਾਲ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਗਈ। ਇਸ ਤੋਂ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਚੋਣ ਹਲਕਾ 62-ਆਤਮ ਨਗਰ, 66-ਗਿੱਲ ਅਤੇ 67-ਪਾਇਲ ਦੇ ਅਮਲੇ ਨੂੰ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਪਹਿਲਾ ਪੜਾਅ ਹੈ। ਇਸ ਲੜੀ ਤਹਿਤ ਅਗਲਾ ਟ੍ਰੇਨਿੰਗ ਸੈਸ਼ਨ 15 ਜੂਨ ਨੂੰ ਹੋਵੇਗਾ। ਉਸ ਦਿਨ ਚੋਣ ਹਲਕਾ 60-ਲੁਧਿਆਣਾ ਪੂਰਬੀ, 63-ਲੁਧਿਆਣਾ ਕੇਂਦਰੀ, 64-ਲੁਧਿਆਣਾ ਪੱਛਮੀ ਅਤੇ 65-ਲੁਧਿਆਣਾ ਉੱਤਰੀ ਦੇ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ, ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ, ਟੈਕਨੀਕਲ ਅਤੇ ਕਲੈਰੀਕਲ ਸਟਾਫ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸਿਖਲਾਈ ਦਿੱਤੀ ਜਾਵੇਗੀ। ਇਸੇ ਤਰ੍ਹਾਂ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਚੋਣ ਹਲਕਾ 68-ਦਾਖਾ, 69-ਰਾਏਕੋਟ ਅਤੇ 70-ਜਗਰਾਉਂ ਦੇ ਅਮਲੇ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਹਿਮਾਂਸ਼ੂ ਜੈਨ ਨੇ ਕਿਹਾ ਕਿ ਜ਼ਿਲ੍ਹਾ ਪੱਧਰ ਦੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ 15 ਤੋਂ 20 ਜੂਨ ਤੱਕ ਹਰੇਕ ਵਿਧਾਨ ਸਭਾ ਹਲਕੇ ਵਿੱਚ ਬੂਥ ਪੱਧਰ ਤੇ ਵਿਸ਼ੇਸ਼ ਸਿਖਲਾਈ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਬੂਥ ਲੈਵਲ ਅਫਸਰਾਂ, ਸੁਪਰਵਾਈਜ਼ਰਾਂ ਅਤੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਵੱਲੋਂ ਨਿਯੁਕਤ ਬੂਥ ਲੈਵਲ ਏਜੰਟਾਂ ਨੂੰ ਐਸਆਈਆਰ ਮੁਹਿੰਮ ਨਾਲ ਸਬੰਧਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਸੁਧਾਈ ਅਤੇ ਅੱਪਡੇਸ਼ਨ ਦੀ ਪ੍ਰਕਿਰਿਆ ਵਿੱਚ ਬੀਐਲਓ, ਸੁਪਰਵਾਈਜ਼ਰ ਅਤੇ ਬੀਐੱਲਏ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ, ਕਾਰਜ-ਪ੍ਰਣਾਲੀ ਅਤੇ ਚੋਣ ਕਮਿਸ਼ਨ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਵੋਟਰ ਸੂਚੀਆਂ ਦੀ ਸ਼ੁੱਧਤਾ ਯਕੀਨੀ ਬਣਾਈ ਜਾ ਸਕੇ ਅਤੇ ਸੁਧਾਈ ਦਾ ਕੰਮ ਪੂਰੀ ਪਾਰਦਰਸ਼ਤਾ ਅਤੇ ਨਿਰਵਿਘਨ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ।