- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਬਿਜਲੀ ਕਰਮਚਾਰੀ ਹਰ ਮੌਸਮ ਅਤੇ ਹਰ ਹਾਲਾਤ ਵਿੱਚ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਪੀਐੱਸਪੀਸੀਐੱਲ ਦੇ ਡਿਸਟ੍ਰੀਬਿਊਸ਼ਨ ਸਿਸਟਮ ’ਤੇ ਕੰਮ ਕਰਦੇ ਹੋਏ ਏਐੱਲਐੱਮ, ਲਾਈਨਮੈਨ ਅਤੇ ਹੋਰ ਮੁਲਾਜ਼ਮਾਂ ਨਾਲ ਵਾਪਰੇ ਜਾਨਲੇਵਾ ਅਤੇ ਗੈਰ-ਜਾਨਲੇਵਾ ਹਾਦਸਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ...

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਬਿਜਲੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦੇ ਰਹੀ ਹੈ। ਇਸ ਲੜੀ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਬਿਜਲੀ ਵੰਡ ਪ੍ਰਣਾਲੀ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ 10,500 ਸੁਰੱਖਿਆ ਟੂਲ ਕਿੱਟਾਂ ਖਰੀਦੀਆਂ ਗਈਆਂ ਹਨ, ਜਿਨ੍ਹਾਂ ਦੀ ਵੰਡ ਦੀ ਸ਼ੁਰੂਆਤ ਅੱਜ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਪੀਐੱਸਪੀਸੀਐੱਲ ਦੇ ਸਰਾਭਾ ਨਗਰ ਲੁਧਿਆਣਾ 'ਚ ਪੈਂਦੇ ਦਫਤਰ ਵਿਖੇ ਕਰਵਾਏ ਸਮਾਗਮ ਦੌਰਾਨ ਕੀਤੀ ਗਈ। ਇਸ ਮੌਕੇ ਡਾ. ਬਸੰਤ ਗਰਗ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (ਸੀਐੱਮਡੀ), ਪੀਐੱਸਪੀਸੀਐੱਲ ਅਤੇ ਇੰਜੀ. ਇੰਦਰਪਾਲ ਸਿੰਘ, ਡਾਇਰੈਕਟਰ (ਡਿਸਟ੍ਰੀਬਿਊਸ਼ਨ) ਵੀ ਹਾਜ਼ਰ ਰਹੇ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਬਿਜਲੀ ਕਰਮਚਾਰੀ ਹਰ ਮੌਸਮ ਅਤੇ ਹਰ ਹਾਲਾਤ ਵਿੱਚ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਪੀਐੱਸਪੀਸੀਐੱਲ ਦੇ ਡਿਸਟ੍ਰੀਬਿਊਸ਼ਨ ਸਿਸਟਮ ’ਤੇ ਕੰਮ ਕਰਦੇ ਹੋਏ ਏਐੱਲਐੱਮ, ਲਾਈਨਮੈਨ ਅਤੇ ਹੋਰ ਮੁਲਾਜ਼ਮਾਂ ਨਾਲ ਵਾਪਰੇ ਜਾਨਲੇਵਾ ਅਤੇ ਗੈਰ-ਜਾਨਲੇਵਾ ਹਾਦਸਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਿਸ ਕਾਰਨ ਕਿੰਨ੍ਹੇ ਹੀ ਬਿਜਲੀ ਮੁਲਾਜ਼ਮਾਂ ਨੂੰ ਆਪਣੀ ਕੀਮਤੀ ਜਾਨ ਵੀ ਗੁਆਉਣੀ ਪਈ ਹੈ। ਉਨ੍ਹਾਂ ਕਿਹਾ ਕਿ ਪੀਐੱਸਪੀਸੀਐੱਲ ਵੱਲੋਂ ਹਰੇਕ ਟੂਲ ਕਿੱਟ ’ਤੇ ਲਗਪਗ 12,000 ਰੁਪਏ ਖਰਚ ਕੀਤੇ ਗਏ ਹਨ ਅਤੇ 10,500 ਟੂਲ ਕਿੱਟਾਂ ਦੀ ਖਰੀਦ ’ਤੇ ਕੁੱਲ 12.60 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਇਸ ਕਿੱਟ ਦੇ ਨਾਲ-ਨਾਲ ਕਰਮਚਾਰੀਆਂ ਨੂੰ ਇਨ੍ਹਾਂ ਸੁਰੱਖਿਆ ਉਪਕਰਨਾਂ ਦੀ ਸਹੀ ਵਰਤੋਂ ਸਬੰਧੀ ਨਿਰੰਤਰ ਸਿਖਲਾਈ ਵੀ ਦਿੱਤੀ ਜਾ ਰਹੀ ਹੈ, ਤਾਂ ਜੋ ਕੰਮ ਦੌਰਾਨ ਹੋਣ ਵਾਲੇ ਹਾਦਸਿਆਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।