ਅੱਧੀ ਰਾਤ ਨੂੰ ਘਰਾਂ ’ਚ ਦਾਖ਼ਲ ਹੋ ਕੇ ਕੀਤੀ ਭੰਨਤੋੜ, ਭੜਕੇ ਲੋਕਾਂ ਥਾਣਾ ਘੇਰਿਆ
ਅੱਧੀ ਰਾਤ ਨੂੰ ਘਰਾਂ ’ਚ ਦਾਖ਼ਲ ਹੋਏ ਪੁਲਿਸ ਦੀ ਕੀਤੀ ਭੰਨਤੋੜ ’ਤੇ ਥਾਣਾ ਘੇਰਿਆ
Publish Date: Tue, 23 Jun 2026 09:24 PM (IST)
Updated Date: Wed, 24 Jun 2026 04:07 AM (IST)

ਪਹਿਲਾਂ ਨੌਜਵਾਨਾਂ ਨੇ ਅਤੇ ਰਾਤ ਪੁਲਿਸ ਨੇ ਕੀਤੀ ਭੰਨਤੋੜ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ’ਚ ਨੌਜਵਾਨਾਂ ਦੀ ਰੰਜਿਸ਼ ਦੇ ਚੱਲਦਿਆਂ ਕਈ ਘਰਾਂ ਵਿਚ ਇੱਕ-ਦੂਸਰੇ ਗੁੱਟ ਵੱਲੋਂ ਭੰਨਤੋੜ ਕਰਨ ਦੇ ਵਿਵਾਦ ’ਚ ਅੱਧੀ ਰਾਤ ਨੂੰ ਪੁਲਿਸ ਵੱਲੋਂ ਵੀ 2 ਘਰਾਂ ’ਚ ਦਸਤਕ ਦਿੰਦਿਆਂ ਜੰਮ ਕੇ ਭੰਨਤੋੜ ਕੀਤੀ ਗਈ। ਹਾਲਾਂਕਿ ਪੁਲਿਸ ਇਸ ਮਾਮਲੇ ਨੂੰ ਜਾਂਚ ਦਾ ਵਿਸ਼ਾ ਦੱਸ ਰਹੀ ਹੈ ਪਰ ਭੜਕੇ ਲੋਕਾਂ ਨੇ ਥਾਣੇ ਅੱਗੇ ਪ੍ਰਦਰਸ਼ਨ ਕਰਦਿਆਂ ਐੱਸਐੱਚਓ ਦੀ ਹਾਜ਼ਰੀ ’ਚ ਔਰਤਾਂ ਨੇ ਪਿੱਟ ਸਿਆਪਾ ਕਰਦਿਆਂ ਪੁਲਿਸ ਦੀ ਦੁਹਾਈ ਦਿੱਤੀ। ਇਨ੍ਹਾਂ ਔਰਤਾਂ ਨੇ ਉਨ੍ਹਾਂ ਦੇ ਘਰਾਂ ’ਚ ਜਬਰਨ ਦਾਖ਼ਲ ਹੋਈ ਪੁਲਿਸ ’ਤੇ ਸੋਨੇ, ਚਾਂਦੀ ਦੇ ਗਹਿਣੇ ਤੇ ਹੋਰ ਸਾਮਾਨ ਚੋਰੀ ਕਰਨ ਦੇ ਵੀ ਗੰਭੀਰ ਦੋਸ਼ ਲਾਏ। ਵਰਣਨਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ’ਚ ਨੌਜਵਾਨਾਂ ਦੇ ਦੋ ਗੁੱਟ ਆਪਸੀ ਰੰਜਿਸ਼ ਦੇ ਚੱਲਦਿਆਂ ਆਹਮੋ ਸਾਹਮਣੇ ਹਨ। ਬੀਤੀ ਰਾਤ ਕੋਠੇ ਰਾਹਲਾਂ ਦੇ ਇੱਕ ਘਰ ’ਚ ਜੰਮ ਕੇ ਪੱਥਰਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਉਕਤ ਘਰ ’ਚ ਰਹਿੰਦੇ ਨੌਜਵਾਨ ਦੇ ਗੁੱਟ ਵੱਲੋਂ ਵਿਰੋਧੀ ਗੁੱਟ ਦੇ ਮੁਹੱਲਾ ਰਾਣੀ ਵਾਲਾ ਖੂਹ ’ਚ ਰਹਿੰਦੇ ਨੌਜਵਾਨ ਦੇ ਘਰ ਭੰਨਤੋੜ ਕੀਤੀ ਗਈ ਸੀ, ਜਿਸ ਨੂੰ ਲੈ ਕੇ ਸਾਰੇ ਸ਼ਹਿਰ ’ਚ ਹਾਹਾਕਾਰ ਮਚੀ ਹੋਈ ਸੀ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਬੀਤੀ ਰਾਤ ਜਗਰਾਓਂ ਪੁਲਿਸ ਨੇ ਦੋਵਾਂ ਗੁੱਟਾਂ ਦੇ 8-9 ਠਿਕਾਣਿਆਂ ’ਤੇ ਛਾਪਾਮਾਰੀ ਕੀਤੀ। ਇਸ ਛਾਪਾਮਾਰੀ ’ਚ ਪੁਲਿਸ ਨੇ ਕੁਝ ਸ਼ੱਕੀਆਂ ਨੂੰ ਰਾਊਂਡਅੱਪ ਵੀ ਕੀਤਾ। ਮੰਗਲਵਾਰ ਨੂੰ ਦਿਨ ਚੜ੍ਹਦਿਆਂ ਹੀ ਪੁਲਿਸ ਛਾਪਾਮਾਰੀ ਨੂੰ ਲੈ ਕੇ ਹਾਹਾਕਾਰ ਮਚ ਗਈ। ਮੁਹੱਲਾ ਰਾਣੀ ਵਾਲਾ ਖੂਹ ਦੀ ਪਰਮਿੰਦਰ ਕੌਰ ਤੇ ਇੱਕ ਹੋਰ ਘਰ ਦੀ ਵਸਨੀਕ ਚਰਨਜੀਤ ਕੌਰ ਨੇ ਦੋਸ਼ ਲਾਏ ਕਿ ਬੀਤੀ ਰਾਤ 12 ਵਜੇ ਦੇ ਕਰੀਬ ਵਰਦੀ ’ਚ ਹਥਿਆਰਾਂ ਨਾਲ ਲੈਸ 9 ਪੁਲਿਸ ਮੁਲਾਜ਼ਮ ਦਾਖ਼ਲ ਹੋਏ ਤੇ ਉਨ੍ਹਾਂ ਦੀ ਖਿੱਚ ਧੂਹ ਕਰਦਿਆਂ ਘਰ ’ਚ ਜਿਹੜਾ ਸਾਮਾਨ ਦਿਖਿਆ, ਉਸ ਨੂੰ ਭੰਨਣਾ ਸ਼ੁਰੂ ਕਰ ਦਿੱਤਾ। ਸਾਰੇ ਘਰ ਦਾ ਸਾਮਾਨ ਖਿਲਾਰ ਦਿੱਤਾ ਗਿਆ, ਪੇਟੀਆਂ ਤੱਕ ਫਰੋਲੀਆਂ ਗਈਆਂ, ਜਿਸ ’ਚੋਂ ਉਨ੍ਹਾਂ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ ਹੋਰ ਸਮਾਨ ਗਾਇਬ ਹੈ। ਇਸੇ ਰੰਜਿਸ਼ ਦੇ ਚੱਲਦਿਆਂ ਇਕੱਠੇ ਹੋਏ ਲੋਕ ਥਾਣਾ ਸਿਟੀ ਅੱਗੇ ਪਹੁੰਚ ਗਏ ਤੇ ਰੋਸ ਪ੍ਰਦਰਸ਼ਨ ਕਰਦਿਆਂ ਔਰਤਾਂ ਨੇ ਪਿੱਟ ਸਿਆਪਾ ਕੀਤਾ। ਇਸ ਪੂਰੇ ਮਾਮਲੇ ’ਚ ਥਾਣਾ ਸਿਟੀ ਦੇ ਮੁਖੀ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦਿੰਦਿਆਂ ਸ਼ਾਤ ਕੀਤਾ। ਐੱਸਐੱਚਓ ਪਰਮਿੰਦਰ ਸਿੰਘ ਨੇ ਮੰਨਿਆ ਕਿ ਬੀਤੀ ਰਾਤ ਪੁਲਿਸ ਪਾਰਟੀਆਂ ਨੇ 9 ਥਾਵਾਂ ’ਤੇ ਛਾਪਾਮਾਰੀ ਕੀਤੀ ਪਰ ਘਰਾਂ ’ਚ ਭੰਨਤੋੜ ਅਤੇ ਸਾਮਾਨ ਗਾਇਬ ਹੋਣ ਦੇ ਦੋਸ਼ ਜਾਂਚ ਦਾ ਵਿਸ਼ਾ ਹਨ। ਉਹ ਖੁਦ ਇਸ ਸਾਰੇ ਮਾਮਲੇ ਦੀ ਜਾਂਚ ਕਰਨਗੇ। ਉਨ੍ਹਾਂ ਸਾਫ ਕਿਹਾ ਕਿ ਸ਼ਹਿਰ ਵਿਚ ਇੰਨ੍ਹਾਂ ਦੋ ਧੜਿਆਂ ਵੱਲੋਂ ਹਾਹਾਕਾਰ ਮਚਾਈ ਹੋਈ ਹੈ, ਜਿਸ ’ਤੇ ਸਖਤ ਕਾਰਵਾਈ ਹੋਵੇਗੀ। --------