ਪੁਲਿਸ 369 ਮੋਬਾਈਲ ਫੋਨ ਲੱਭ ਕੇ ਪਹੁੰਚਾਏ ਮਾਲਕਾਂ ਤੱਕ
ਪੁਲਿਸ 369 ਮੋਬਾਇਲ ਫੋਨ ਲੱਭ ਕੇ ਪਹੁੰਚਾਏ ਮਾਲਕਾਂ ਤੱਕ
Publish Date: Fri, 12 Jun 2026 08:50 PM (IST)
Updated Date: Sat, 13 Jun 2026 04:09 AM (IST)

ਲੁਧਿਆਣਾ ਪੁਲਿਸ ਨੇ ਵਾਪਸ ਲਿਆਈਆਂ ਲੋਕਾਂ ਦੀਆਂ ਮੁਸਕਾਨਾਂ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਗੁੰਮੇ ਜਾਂ ਖੋਹੇ ਗਏ ਮੋਬਾਇਲ ਫੋਨਾਂ ਨੂੰ ਲੈ ਕੇ ਨਿਰਾਸ਼ ਹੋਏ ਸੈਂਕੜੇ ਲੋਕਾਂ ਲਈ ਉਸ ਵੇਲੇ ਖੁਸ਼ੀ ਦਾ ਮਾਹੌਲ ਬਣ ਗਿਆ, ਜਦੋਂ ਲੁਧਿਆਣਾ ਪੁਲਿਸ ਨੇ 369 ਮੋਬਾਈਲ ਫੋਨ ਬਰਾਮਦ ਕਰ ਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤੇ। ਇਸ ਕਾਰਵਾਈ ਨਾਲ ਨਾ ਸਿਰਫ਼ ਲੋਕਾਂ ਦਾ ਕੀਮਤੀ ਸਮਾਨ ਵਾਪਸ ਮਿਲਿਆ, ਸਗੋਂ ਉਨ੍ਹਾਂ ਕਈ ਵਿਅਕਤੀਆਂ ਦੇ ਮੋਬਾਈਲਾਂ ਵਿੱਚ ਮੌਜੂਦ ਅਹਿਮ ਡਾਟਾ ਵੀ ਸੁਰੱਖਿਅਤ ਰਿਹਾ। ਪਿਛਲੇ ਕੁਝ ਮਹੀਨਿਆਂ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਮੋਬਾਈਲ ਫੋਨ ਗੁੰਮ ਹੋਣ ਤੇ ਖੋਹੇ ਜਾਣ ਦੀਆਂ ਸ਼ਿਕਾਇਤਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਲੁਧਿਆਣਾ ਪੁਲਿਸ ਨੇ ਵਿਸ਼ੇਸ਼ ਮੁਹਿੰਮ ਚਲਾਈ ਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਮੋਬਾਈਲ ਫੋਨਾਂ ਦੀ ਟਰੇਸਿੰਗ ਸ਼ੁਰੂ ਕੀਤੀ। ਪੁਲਿਸ ਟੀਮਾਂ ਨੇ ਸ਼ਿਕਾਇਤਾਂ ’ਚ ਦਰਜ ਮੋਬਾਈਲਾਂ ਦੇ ਆਈਐੱਮਈਆਈ ਨੰਬਰ ਸੀਈਆਈਆਰ ਪੋਰਟਲ ’ਤੇ ਅਪਲੋਡ ਕਰ ਕੇ ਉਨ੍ਹਾਂ ਦੀ ਲੋਕੇਸ਼ਨ ਤੇ ਵਰਤੋਂ ਸਬੰਧੀ ਜਾਣਕਾਰੀ ਇਕੱਠੀ ਕੀਤੀ। ਲੰਬੀ ਤੇ ਸੁਚੱਜੀ ਜਾਂਚ ਤੋਂ ਬਾਅਦ 369 ਮੋਬਾਈਲ ਫੋਨ ਬਰਾਮਦ ਕੀਤੇ ਗਏ, ਜਿਨ੍ਹਾਂ ਨੂੰ ਬਾਅਦ ’ਚ ਤਸਦੀਕ ਉਪਰੰਤ ਉਨ੍ਹਾਂ ਦੇ ਮਾਲਕਾਂ ਨੂੰ ਸੌਂਪ ਦਿੱਤਾ ਗਿਆ। ਇਸ ਸਬੰਧੀ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਪੁਲਿਸ ਲਾਈਨ ’ਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿੱਥੇ ਉਨਾਂ ਨੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ’ਚ ਗੁੰਮੇ ਹੋਏ ਮੋਬਾਈਲ ਫੋਨ ਉਨ੍ਹਾਂ ਦੇ ਮਾਲਕਾਂ ਹਵਾਲੇ ਕੀਤੇ। ਇਸ ਮੌਕੇ ਡੀਸੀਪੀ ਹਰਪਾਲ ਸਿੰਘ, ਡੀਸੀਪੀ ਰੁਪਿੰਦਰ ਸਿੰਘ, ਏਡੀਸੀਪੀ ਅਮਨਦੀਪ ਸਿੰਘ ਬਰਾੜ, ਏਡੀਸੀਪੀ ਕਰਨਵੀਰ ਸਿੰਘ ਤੇ ਏਡੀਸੀਪੀ ਸਮੀਰ ਵਰਮਾ ਵੀ ਮੌਜੂਦ ਰਹੇ। ਆਪਣੇ ਗੁੰਮੇ ਹੋਏ ਮੋਬਾਈਲ ਵਾਪਸ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਪੁਲਿਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਉਮੀਦ ਨਹੀਂ ਸੀ ਕਿ ਉਨ੍ਹਾਂ ਦੇ ਫੋਨ ਮੁੜ ਮਿਲ ਸਕਣਗੇ। ਮੋਬਾਈਲਾਂ ਦੇ ਨਾਲ-ਨਾਲ ਉਨ੍ਹਾਂ ਦਾ ਮਹੱਤਵਪੂਰਨ ਨਿੱਜੀ ਤੇ ਦਫ਼ਤਰੀ ਡਾਟਾ ਵੀ ਸੁਰੱਖਿਅਤ ਵਾਪਸ ਮਿਲਿਆ ਹੈ। ਲੁਧਿਆਣਾ ਪੁਲਿਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਮੋਬਾਈਲ ਫੋਨ ਗੁੰਮ ਹੋਣ ਜਾਂ ਖੋਹੇ ਜਾਣ ਦੀ ਸੂਰਤ ’ਚ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਕਾਰਵਾਈ ਕਰ ਕੇ ਫੋਨ ਬਰਾਮਦ ਕਰਨ ਦੇ ਯਤਨ ਕੀਤੇ ਜਾ ਸਕਣ।