ਨਹਿਰ 'ਚ ਛਾਲ ਮਾਰਨ ਵਾਲੇ ਪ੍ਰੇਮੀ ਜੋੜੇ ਨੂੰ ਲੋਕਾਂ ਨੇ ਬਚਾਇਆ, ਬਾਹਰ ਕੱਢਦੇ ਹੀ ਨੌਜਵਾਨ ਦੀ ਕਰ ਦਿੱਤੀ ਛਿੱਤਰ-ਪਰੇਡ, ਜਾਣੋ ਪੂਰਾ ਮਾਮਲਾ
ਮਹਾਨਗਰ ਲੁਧਿਆਣਾ ਦੇ ਨੀਲੋਂ ਨੇੜੇ ਸਿੱਧਵਾਂ ਕੈਨਾਲ ‘ਤੇ ਉਸ ਵੇਲੇ ਹੈਰਾਨ ਕਰਨ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ ਜਦੋਂ ਇੱਕ ਅਣਵਿਆਹਿਆ ਜੋੜਾ ਲੜਕੀ ਦੇ ਪਰਿਵਾਰਕ ਮੈਂਬਰਾਂ ਤੋਂ ਬਚਣ ਲਈ ਸਰਹਿੰਦ ਨਹਿਰ ਵਿੱਚ ਛਾਲ ਮਾਰ ਬੈਠਾ। ਦੋਵਾਂ ਨੂੰ ਨਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਨੌਜਵਾਨ ਦਾ ਦੋਸ਼ ਹੈ ਕਿ ਬਚਾਏ ਜਾਣ ਤੋਂ ਬਾਅਦ ਵੀ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕੂੰਮ ਕਲਾਂ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sat, 20 Jun 2026 11:21 AM (IST)
Updated Date: Sat, 20 Jun 2026 11:23 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਮਹਾਨਗਰ ਲੁਧਿਆਣਾ ਦੇ ਨੀਲੋਂ ਨੇੜੇ ਸਿੱਧਵਾਂ ਕੈਨਾਲ ‘ਤੇ ਉਸ ਵੇਲੇ ਹੈਰਾਨ ਕਰਨ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ ਜਦੋਂ ਇੱਕ ਅਣਵਿਆਹਿਆ ਜੋੜਾ ਲੜਕੀ ਦੇ ਪਰਿਵਾਰਕ ਮੈਂਬਰਾਂ ਤੋਂ ਬਚਣ ਲਈ ਸਰਹਿੰਦ ਨਹਿਰ ਵਿੱਚ ਛਾਲ ਮਾਰ ਬੈਠਾ। ਦੋਵਾਂ ਨੂੰ ਨਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਨੌਜਵਾਨ ਦਾ ਦੋਸ਼ ਹੈ ਕਿ ਬਚਾਏ ਜਾਣ ਤੋਂ ਬਾਅਦ ਵੀ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕੂੰਮ ਕਲਾਂ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਛੰਦੜਾਂ ਪਿੰਡ ਦੇ 22 ਸਾਲਾ ਹਰਮਨਦੀਪ ਸਿੰਘ ਨੇ ਦੱਸਿਆ ਕਿ ਉਹ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਪਿਛਲੇ ਕੁੱਝ ਮਹੀਨਿਆਂ ਤੋਂ ਉਸ ਦੀ ਇਕ ਕੁੜੀ ਨਾਲ ਦੋਸਤੀ ਸੀ। ਘਟਨਾ ਵਾਲੇ ਦਿਨ ਉਹ ਆਪਣੀ ਦੋਸਤ ਨਾਲ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਇਸ ਦੌਰਾਨ ਕੁੜੀ ਦੇ ਕੁੱਝ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਦੇਖ ਲਿਆ ਤੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਹਰਮਨਦੀਪ ਅਨੁਸਾਰ ਜਦੋਂ ਉਹ ਨੀਲੋਂ ਨੇੜੇ ਸਰਹਿੰਦ ਨਹਿਰ ਕੋਲ ਪਹੁੰਚੇ ਤਾਂ ਪਿੱਛਾ ਕਰ ਰਹੇ ਲੋਕਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਹਲਾਤਾਂ ਨੂੰ ਦੇਖਦੇ ਹੋਏ ਡਰ ਦੇ ਮਾਰੇ ਪਹਿਲਾਂ ਲੜਕੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਕੁਝ ਪਲਾਂ ਬਾਅਦ ਹਰਮਨਦੀਪ ਨੇ ਵੀ ਆਪਣੀ ਜਾਨ ਬਚਾਉਣ ਲਈ ਲੜਕੀ ਦੇ ਪਿੱਛੇ ਹੀ ਨਹਿਰ ਵਿੱਚ ਛਾਲ ਮਾਰ ਦਿੱਤੀ।
ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਦੋਵਾਂ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ, ਪਰ ਮਾਮਲਾ ਇੱਥੇ ਖ਼ਤਮ ਨਹੀਂ ਹੋਇਆ। ਬਾਹਰ ਕੱਢਣ ਤੋਂ ਬਾਅਦ ਉਸ ਉੱਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ। ਇੱਥੋਂ ਤੱਕ ਕਿ ਉਸ ਨੂੰ ਜ਼ਬਰਦਸਤੀ ਇੱਕ ਆਟੋ-ਰਿਕਸ਼ਾ ਵਿੱਚ ਬਿਠਾ ਕੇ ਕਟਾਣੀ ਕਲਾਂ ਸਥਿਤ ਸਿਟੀ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਨਾਲ ਮੁੜ ਕੁੱਟਮਾਰ ਕੀਤੀ ਗਈ। ਹਰਮਨਦੀਪ ਨੇ ਇਹ ਵੀ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਸ ਦੀ ਮਾਂ ਨੂੰ ਮੌਕੇ ’ਤੇ ਬੁਲਾ ਕੇ ਉਸ ਦੀ ਵੀ ਬੇਇੱਜ਼ਤੀ ਕੀਤੀ ਅਤੇ ਜਾਂਦੇ ਸਮੇਂ ਉਸ ਦਾ ਮੋਬਾਇਲ ਫੋਨ ਵੀ ਖੋਹ ਲਿਆ। ਤਫਤੀਸ਼ੀ ਅਫਸਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਨੌਜਵਾਨ ਅਤੇ ਲੜਕੀ ਪਿਛਲੇ ਕੁੱਝ ਸਮੇਂ ਤੋਂ ਇੱਕ-ਦੂਜੇ ਦੇ ਸੰਪਰਕ ਵਿੱਚ ਸਨ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਇਕੱਠੇ ਦੇਖਣ ਤੋਂ ਬਾਅਦ ਕਥਿਤ ਤੌਰ ‘ਤੇ ਨੌਜਵਾਨ ਨਾਲ ਮਾਰਕੁੱਟ ਕੀਤੀ। ਪੁਲਿਸ ਨੇ ਦੀਪੀ, ਸੁੱਖੀ, ਰਵੀ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਸੱਟਾਂ ਮਾਰਨ, ਰਾਹ ਰੋਕਣ, ਧਮਕੀਆਂ ਦੇਣ ਅਤੇ ਸਾਂਝੀ ਨੀਅਤ ਨਾਲ ਅਪਰਾਧ ਕਰਨ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।