ਐਮਐਲਸੀ ਕੇਸਾਂ ਦੇ ਮਾਹਰ ਇਕਲੌਤੇ ਰੇਡੀਓਲੋਜਿਸਟ ਦੇ ਛੁੱਟੀ ’ਤੇ ਜਾਣ ਕਾਰਨ ਲੋਕ ਪਰੇਸ਼ਾਨ
ਐਮਐਲਸੀ ਕੇਸਾਂ ਦੇ ਮਾਹਰ ਇਕਲੌਤੇ ਰੇਡੀਓਲੋਜਿਸਟ ਦੇ ਛੁੱਟੀ ਤੇ ਜਾਣ ਕਾਰਨ ਲੋਕ ਪ੍ਰੇਸ਼ਾਨ
Publish Date: Tue, 16 Jun 2026 09:03 PM (IST)
Updated Date: Tue, 16 Jun 2026 09:03 PM (IST)

-ਲੁਧਿਆਣਾ ਦੇ ਸਿਵਲ ਸਰਜਨ ਦੀ ਨਕਾਮੀ, ਨਹੀਂ ਕੀਤੇ ਬਦਲਵੇਂ ਪ੍ਰਬੰਧ ਬਸੰਤ ਸਿੰਘ ਰੋੜੀਆਂ ਪੰਜਾਬੀ ਜਾਗਰਣ ਲੁਧਿਆਣਾ ਜ਼ਿਲ੍ਹਾ ਸਰਕਾਰੀ ਹਸਪਤਾਲ ਲੁਧਿਆਣਾ ’ਚ ਤਾਇਨਾਤ ਰੇਡੀਓਲੋਜਿਸਟ ਡਾ. ਸੰਦੀਪ ਸੋਹੀ ਲੁਧਿਆਣਾ ’ਚ ਇਕਲੌਤੇ ਰੇਡੀਓਲੋਜਿਸਟ ਹਨ, ਜਿਹੜੇ ਲੜਾਈ ਝਗੜਿਆਂ ਦੇ ਮਾਮਲਿਆਂ ਵਿੱਚ ਸੀਟੀ ਸਕੈਨ, ਐਮਆਰਆਈ ਅਤੇ ਸਕੈਨ ਦੇ ਮਾਹਿਰ ਵਜੋਂ ਜਾਣੇ ਜਾਂਦੇ ਹਨ। ਪੂਰੇ ਜ਼ਿਲ੍ਹੇ ਦੇ ਲੜਾਈ ਝਗੜਿਆਂ ਦੇ ਮਾਮਲਿਆਂ ਵਿੱਚ ਮੈਡੀਕਲ ਲੀਗਲ ਰਿਪੋਰਟਾਂ ਉਨ੍ਹਾਂ ਵੱਲੋਂ ਹੀ ਤਿਆਰ ਕੀਤੀਆਂ ਜਾਂਦੀਆ ਹਨ ਅਤੇ ਉਨ੍ਹਾਂ ਦੀਆਂ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਹੀ ਲੋਕਾਂ ਨੂੰ ਇਨਸਾਫ ਦਿਵਾਉਣ ਵਿੱਚ ਸਹਾਈ ਹੁੰਦੀਆਂ ਹਨ ਪਰ ਹੁਣ ਉਨ੍ਹਾਂ ਦੇ 15 ਦਿਨਾਂ ਦੀ ਛੁੱਟੀ ਤੇ ਜਾਣ ਕਾਰਨ ਜ਼ਿਲ੍ਹੇ ’ਚ ਕੋਈ ਵੀ ਰੇਡੀਓਲੋਜਿਸਟ ਉਪਲਬਧ ਨਹੀਂ ਹੈ। ਇਸ ਕਾਰਨ ਲੜਾਈ-ਝਗੜੇ ਅਤੇ ਹੋਰ ਐਮਐਲਸੀ ਮਾਮਲਿਆਂ ਦੇ ਮਰੀਜ਼ਾਂ ਨੂੰ ਐਕਸ-ਰੇ ਅਤੇ ਰੇਡੀਓਲੋਜੀ ਸੰਬੰਧੀ ਰਿਪੋਰਟਾਂ ਲਈ ਪਟਿਆਲੇ ਦੇ ਰਜਿੰਦਰਾ ਹਸਪਤਾਲ ਵਿੱਚ ਭੇਜਿਆ ਜਾ ਰਿਹਾ ਹੈ। ‘ਪੰਜਾਬੀ ਜਾਗਰਣ’ ਦੀ ਟੀਮ ਵੱਲੋਂ ਜਦੋਂ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਸਕੈਨਿੰਗ ਸੈਂਟਰ ਤੇ ਡਾਕਟਰ ਸੋਹੀ ਦੇ ਵਿਭਾਗ ਵਿੱਚ ਜਾਕੇ ਦੇਖਿਆ ਗਿਆ ਤਾਂ ਡਾ. ਸੰਦੀਪ ਸੋਹੀ ਦੇ ਦਫਤਰ ਨੂੰ ਤਾਲਾ ਲੱਗਿਆ ਹੋਇਆ ਸੀ। ਜਦੋਂ ਇਸ ਸਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਲਈ ਗਈ ਤਾਂ ਪਤਾ ਲੱਗਾ ਕਿ ਡਾ. ਸੋਹੀ 15 ਦਿਨਾਂ ਦੀ ਛੁੱਟੀ ’ਤੇ ਚਲੇ ਗਏ ਹਨ, ਜਦਕਿ ਲੜਾਈ ਝਗੜੇ ਦੇ ਮਾਮਲਿਆਂ ਤੋਂ ਪੀੜਤ ਮਰੀਜ਼ ਸੀਟੀ ਸਕੈਨ, ਐਮਆਰਆਈ ਅਤੇ ਸਕੈਨ ਲਈ ਪਰੇਸ਼ਾਨ ਦਿਖਾਈ ਦਿੱਤੇ। ਜਦੋਂ ਇਸ ਸਬੰਧੀ ਮਰੀਜ਼ਾਂ ਨਾਲ ਗੱਲ ਕੀਤੀ ਤਾਂ ਸਾਹਨੇਵਾਲ ਤੋਂ ਆਏ ਇੱਕ ਮਰੀਜ਼ ਨੇ ਪਰੇਸ਼ਾਨ ਹੁੰਦਿਆਂ ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦਾ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਸੀ, ਜਿਸ ਦੀ ਉਨ੍ਹਾਂ ਐਮਐਲਆਰ ਤਾਂ ਕਟਵਾ ਲਈ ਸੀ ਪਰ ਸਾਹਨੇਵਾਲ ਦੇ ਡਾਕਟਰਾਂ ਵੱਲੋਂ ਬੰਦ ਲਿਫਾਫਾ ਰਿਪੋਰਟ ਉਸ ਨੂੰ ਦੇ ਕੇ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਅਤੇ ਕਿਹਾ ਕਿ ਇਹ ਰਿਪੋਰਟ ਡਾ. ਸੰਦੀਪ ਸੋਹੀ ਨੂੰ ਦੇਣੀ ਹੈ। ਇਸ ਤੋਂ ਬਾਅਦ ਡਾ. ਸੋਹੀ ਇਸ ਨੂੰ ਪੜ੍ਹ ਕੇ ਅਗਲੀ ਕਾਰਵਾਈ ਕਰਨਗੇ। ਸਾਹਨੇਵਾਲ ਦੇ ਡਾਕਟਰਾਂ ਨੇ ਉਸ ਨੂੰ ਲਿਫਾਫਾ ਖੋਲਣ ਤੋਂ ਵੀ ਮਨ੍ਹਾ ਕਰਦਿਆਂ ਕਿਹਾ ਕਿ ਜੇ ਤੁਸੀਂ ਲਿਫਾਫਾ ਖੋਲ੍ਹ ਲਿਆ ਤਾਂ ਫਿਰ ਇਸ ਤੇ ਕਾਰਵਾਈ ਸੰਭਵ ਨਹੀਂ। ਇਸ ਲਈ ਤੁਸੀਂ ਲਿਫਾਫਾ ਬੰਦ ਰਿਪੋਰਟ ਹੀ ਸਰਕਾਰੀ ਹਸਪਤਾਲ ’ਚ ਤਾਇਨਾਤ ਡਾ. ਸੋਹੀ ਨੂੰ ਫੜਾਉਣੀ ਹੈ। ਡਾ. ਸੰਦੀਪ ਸੋਹੀ ਦੇ ਛੁੱਟੀ ’ਤੇ ਜਾਣ ਕਾਰਨ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ ਕਿਉਂਕਿ ਜਗਰਾਓਂ, ਪੱਖੋਵਾਲ, ਸਮਰਾਲਾ, ਸਾਹਨੇਵਾਲ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਵੀ ਅਨੇਕਾਂ ਇਲਾਕਿਆਂ ਦੇ ਲੋਕਾਂ ਨੂੰ ਡਾ. ਸੋਹੀ ਦੇ ਛੁੱਟੀ ਤੇ ਜਾਣ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀੜਤ ਲੋਕਾਂ ਦੇ ਸਵਾਲ -ਲੁਧਿਆਣਾ ਵਰਗੇ ਵੱਡੇ ਜ਼ਿਲ੍ਹੇ ’ਚ ਸਿਰਫ ਇੱਕ ਹੀ ਰੇਡੀਓਲੋਜਿਸਟ ਕਿਉਂ ਤਾਇਨਾਤ ਹੈ? -ਰੇਡੀਓਲੋਜਿਸਟ ਦੀ ਛੁੱਟੀ ਦੌਰਾਨ ਬਦਲਵੇਂ ਪ੍ਰਬੰਧ ਕਿਉਂ ਨਹੀਂ ਕੀਤੇ ਗਏ? -ਇਸ ਕਾਰਨ ਐਮਐਲਸੀ ਕੇਸਾਂ ਦੇ ਨਿਪਟਾਰੇ ਅਤੇ ਪੁਲਿਸ ਜਾਂਚ ਵਿੱਚ ਹੋ ਰਹੀ ਦੇਰੀ ਦੀ ਜ਼ਿੰਮੇਵਾਰੀ ਕਿਸ ਦੀ ਹੈ? -ਮਰੀਜ਼ਾਂ ਨੂੰ ਪਟਿਆਲਾ ਭੇਜਣ ਨਾਲ ਹੋ ਰਹੀ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਲਈ ਸਰਕਾਰ ਕੀ ਕਦਮ ਚੁੱਕ ਰਹੀ ਹੈ? -ਕੀ ਸਰਕਾਰ ਲੁਧਿਆਣਾ ਦੇ ਸਰਕਾਰੀ ਹਸਪਤਾਲਾਂ ਵਿੱਚ ਵਾਧੂ ਰੇਡੀਓਲੋਜਿਸਟਾਂ ਦੀ ਤਾਇਨਾਤੀ ਕਰਨ ਦੀ ਯੋਜਨਾ ਰੱਖਦੀ ਹੈ? - ਸਿਵਲ ਸਰਜਨ ਨੇ ਨਹੀਂ ਚੁੱਕਿਆ ਫੋਨ ਜਦੋਂ ਇਸ ਸਬੰਧੀ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਪਹਿਲਾਂ ਵੀ ਉਨ੍ਹਾਂ ਨੂੰ ਅਨੇਕਾਂ ਵਾਰ ਪੁੱਛਿਆ ਗਿਆ ਹੈ ਕਿ ਤੁਹਾਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦੇ ਹਨ ਤੁਸੀਂ ਫੋਨ ਨਹੀਂ ਚੁੱਕਦੇ ਤਾਂ ਉਨ੍ਹਾਂ ਦਾ ਇੱਕੋ ਹੀ ਜਵਾਬ ਹੁੰਦਾ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਵੀ ਸਮਾਂ ਦੇਣਾ ਹੁੰਦਾ ਹੈ। ਜਿਸ ਕਾਰਨ ਡਿਊਟੀ ਤੋਂ ਬਾਅਦ ਉਹ ਫੋਨ ਨਹੀਂ ਚੁੱਕ ਸਕਦੀ। ਜਦੋਂ ਕਿ ਅਧਿਕਾਰੀ ਪਬਲਿਕ ਲਈ 24 ਘੰਟੇ ਉਪਲੱਬਧ ਹੁੰਦੇ ਹਨ। ਜਦ ਉਨ੍ਹਾਂ ਨੂੰ ਡਿਊਟੀ ਸਮੇਂ ਦੌਰਾਨ ਵੀ ਫੋਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਵੇਲੇ ਵੀ ਉਹ ਫੋਨ ਨਹੀਂ ਚੁੱਕਦੇ।