
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਾ. ਰਿਸ਼ੀਪਾਲ ਸਿੰਘ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਤੇ ਅਕਾਦਮਿਕ ਮਾਮਲਿਆਂ ਦਾ ਲੰਬਾ ਤਜਰਬਾ ਰੱਖਦੇ ਹਨ ਅਤੇ ਉਹ ਇਸ ਤੋਂ ਪਹਿਲਾਂ ਵੀ ਵੱਖ-ਵੱਖ ਅਹਿਮ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਦੂਜੇ ਪਾਸੇ ਸਥਾਈ ਵੀਸੀ ਦੀ ਨਿਯੁਕਤੀ ਲਈ ਪ੍ਰਕਿਰਿਆ ਜਾਰੀ ਹੈ।

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੈਕਟਰੀ ਸਮੇਤ ਕਈ ਨਾਵਾਂ ਦੀਆਂ ਕਿਆਸਅਰਾਈਆਂ ਪਿੱਛੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਦੇ ਨਵੇਂ ਵਾਈਸ ਚਾਂਸਲਰ ਦੀ ਨਿਯੁਕਤੀ ਤੱਕ ਪੀਏਯੂ ਦੀ ਕਮਾਨ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਦੇ ਹੱਥ ਦਿੱਤੀ ਗਈ ਹੈ।
ਡਾ. ਰਿਸ਼ੀਪਾਲ ਸਿੰਘ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਤੇ ਅਕਾਦਮਿਕ ਮਾਮਲਿਆਂ ਦਾ ਲੰਬਾ ਤਜਰਬਾ ਰੱਖਦੇ ਹਨ ਅਤੇ ਉਹ ਇਸ ਤੋਂ ਪਹਿਲਾਂ ਵੀ ਵੱਖ-ਵੱਖ ਅਹਿਮ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਦੂਜੇ ਪਾਸੇ ਸਥਾਈ ਵੀਸੀ ਦੀ ਨਿਯੁਕਤੀ ਲਈ ਪ੍ਰਕਿਰਿਆ ਜਾਰੀ ਹੈ। ਮਾਹਿਰਾਂ ਅਨੁਸਾਰ ਨਵੇਂ ਵੀਸੀ ਦੀ ਚੋਣ ਸਿਰਫ਼ ਇੱਕ ਪ੍ਰਸ਼ਾਸਨਿਕ ਨਿਯੁਕਤੀ ਨਹੀਂ, ਸਗੋਂ ਪੰਜਾਬ ਦੀ ਖੇਤੀ ਦੇ ਭਵਿੱਖ ਨਾਲ ਜੁੜੇ ਫੈਸਲੇ ਵਜੋਂ ਦੇਖਿਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ, ਵਿਗਿਆਨੀਆਂ ਅਤੇ ਕਿਸਾਨ ਜਥੇਬੰਦੀਆਂ ਵਿੱਚ ਵੀ ਇਸ ਗੱਲ ਨੂੰ ਲੈ ਕੇ ਉਤਸੁਕਤਾ ਹੈ ਕਿ ਆਖਿਰਕਾਰ ਕੌਣ ਇਸ ਵੱਕਾਰੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੇਗਾ। ਵੱਖ-ਵੱਖ ਨਾਵਾਂ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਹਨ ਪਰ ਰੈਗੂਲਰ ਨਾਂ ’ਤੇ ਅਧਿਕਾਰਿਕ ਮੋਹਰ 26 ਤੋਂ ਬਾਅਦ ਹੀ ਲੱਗੇਗੀ।
ਜ਼ਿਕਰਯੋਗ ਹੈ ਕਿ ਡਾ. ਸਤਿਬੀਰ ਸਿੰਘ ਗੋਸਲ ਦਾ ਚਾਰ ਸਾਲ ਦਾ ਕਾਰਜਕਾਲ 18 ਅਗਸਤ ਨੂੰ ਪੂਰਾ ਹੋ ਚੁੱਕਾ ਹੈ। ਉਨ੍ਹਾਂ ਨੇ ਅਗਸਤ 2022 ਵਿੱਚ ਪੀਏਯੂ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਿਆ ਸੀ। ਹੁਣ ਉਨ੍ਹਾਂ ਸਾਰੀ ਸਥਿਤੀ 26 ਅਗਸਤ ਨੂੰ ਸਪੱਸ਼ਟ ਹੋਵੇਗੀ। ਪੀਏਯੂ ਦੇ ਬੋਰਡ ਆਫ ਮੈਨੇਜਮੈਂਟ ਵੱਲੋਂ 4 ਅਗਸਤ ਨੂੰ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਨਵੇਂ ਵਾਈਸ ਚਾਂਸਲਰ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ ਅਤੇ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 26 ਅਗਸਤ 2026 ਰੱਖੀ ਗਈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੰਗੀਆਂ ਅਰਜੀਆਂ ਅਨੁਸਾਰ ਵੀਸੀ ਦੇ ਅਹੁਦੇ ਲਈ ਉਮੀਦਵਾਰ ਦਾ ਉੱਚ ਪੱਧਰੀ ਯੋਗਤਾ, ਇਮਾਨਦਾਰੀ, ਨੈਤਿਕਤਾ ਅਤੇ ਸੰਸਥਾ ਪ੍ਰਤੀ ਵਚਨਬੱਧਤਾ ਵਾਲਾ ਹੋਣਾ ਜ਼ਰੂਰੀ ਦੱਸਿਆ ਗਿਆ ਹੈ। ਉਮੀਦਵਾਰ ਉੱਘਾ ਵਿਦਵਾਨ ਅਤੇ ਕੁਸ਼ਲ ਪ੍ਰਸ਼ਾਸਕ ਹੋਵੇ ਅਤੇ ਉਸ ਕੋਲ ਖੇਤੀਬਾੜੀ ਖੋਜ ਤੇ ਵਿਕਾਸ ਦੇ ਕਿਸੇ ਵੀ ਖੇਤਰ ਵਿੱਚ ਪੀਐੱਚਡੀ ਦੀ ਡਿਗਰੀ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਉਮੀਦਵਾਰ ਨੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਘੱਟੋ-ਘੱਟ 10 ਸਾਲ ਪ੍ਰੋਫੈਸਰ ਵਜੋਂ ਸੇਵਾ ਕੀਤੀ ਹੋਵੇ ਜਾਂ ਕਿਸੇ ਪ੍ਰਸਿੱਧ ਖੋਜ ਜਾਂ ਵਿੱਦਿਅਕ ਸੰਸਥਾ ਵਿੱਚ ਪ੍ਰੋਫੈਸਰ ਦੇ ਬਰਾਬਰ ਦੇ ਅਹੁਦੇ ’ਤੇ ਕੰਮ ਕਰਨ ਦਾ ਤਜਰਬਾ ਰੱਖਦਾ ਹੋਵੇ। ਯੋਗ ਉਮੀਦਵਾਰ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ। ਅਰਜ਼ੀਆਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਮੀਦਵਾਰਾਂ ਦੀ ਯੋਗਤਾ ਦੀ ਜਾਂਚ ਅਤੇ ਅਗਲੀ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ। ਪੀਏਯੂ ਦੇ ਅਧਿਕਾਰਤ ਦਸਤਾਵੇਜ਼ਾਂ ਮੁਤਾਬਕ ਵੀਸੀ ਦੀ ਚੋਣ ਵਿੱਚ ਸਕ੍ਰੀਨਿੰਗ ਕਮੇਟੀ ਦੀ ਅਹਿਮ ਭੂਮਿਕਾ ਹੁੰਦੀ ਹੈ। ਕਮੇਟੀ ਅਰਜ਼ੀਆਂ ਜਾਂ ਸੁਝਾਵਾਂ ਦੇ ਆਧਾਰ ’ਤੇ ਉਮੀਦਵਾਰਾਂ ਦੀ ਸੂਚੀ ਤਿਆਰ ਕਰਕੇ ਅੱਗੇ ਸਿਫ਼ਾਰਸ਼ਾਂ ਕਰਦੀ ਹੈ। ਯਾਦ ਰਹੇ 2022 ਵਿੱਚ ਪੀਏਯੂ ਦੇ ਵੀਸੀ ਦੀ ਚੋਣ ਦੌਰਾਨ 57 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ ਅਤੇ ਤਿੰਨ ਨਾਵਾਂ ਦਾ ਪੈਨਲ ਬਣਿਆ ਸੀ, ਜਿਸ ਵਿੱਚੋਂ ਡਾ. ਗੋਸਲ ਦੀ ਚੋਣ ਹੋਈ ਸੀ।