- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਲ ਦੀਆਂ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ ਨੂੰ ਮਿਲੀ ਨਵੀਂ ਜ਼ਿੰਦਗੀ

ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ, ਲੁਧਿਆਣਾ
ਸਥਾਨਕ ਮੈਕਸ ਹਸਪਤਾਲ ਦੇ ਦਿਲ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰਾਂ ਦੀ ਟੀਮ ਨੇ ਦਿਲ ਦੇ ਤਿੰਨ ਵਾਲਵਾਂ ਦੀ ਗੰਭੀਰ ਬਿਮਾਰੀ ਅਤੇ ਮਹਾਧਮਨੀ (ਏਓਰਟਾ) ਵਿੱਚ ਵੱਡੇ ਐਨਿਊਰਿਜ਼ਮ ਦੀ ਸਮੱਸਿਆ ਨਾਲ ਪੀੜਤ 52 ਸਾਲਾ ਮੋਹਿੰਦਰ ਕੁਮਾਰ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਡਾਕਟਰਾਂ ਦੀ ਟੀਮ ਨੇ ਦੱਸਿਆ ਕੇ ਏਓਰਟਾ ਉਹ ਮੁੱਖ ਧਮਨੀ ਹੈ ਜੋ ਦਿਲ ਤੋਂ ਸਰੀਰ ਦੇ ਬਾਕੀ ਹਿੱਸਿਆਂ ਤੱਕ ਖੂਨ ਪਹੁੰਚਾਉਂਦੀ ਹੈ। ਪੀੜਤ ਮਰੀਜ਼ ਪਿਛਲੇ ਤਿੰਨ ਸਾਲਾਂ ਤੋਂ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਨਾਲ ਜੂਝ ਰਿਹਾ ਸੀ ਤੇ ਪਿਛਲੇ ਚਾਰ ਮਹੀਨਿਆਂ ਵਿੱਚ ਉਨ੍ਹਾਂ ਦੀ ਹਾਲਤ ਹੋਰ ਵੀ ਵਿਗੜ ਗਈ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਨਾਲ ਮੈਕਸ ਹਸਪਤਾਲ ਲਿਆਂਦਾ ਸੀ। ਵਿਸਤ੍ਰਿਤ ਜਾਂਚ ਤੋਂ ਪਤਾ ਲੱਗਿਆ ਕਿ ਦਿਲ ਦੇ ਤਿੰਨਾਂ ਵਾਲਵਾਂ ਵਿੱਚ ਗੰਭੀਰ ਲੀਕੇਜ ਸੀ ਅਤੇ ਸਰੀਰ ਦੀ ਮੁੱਖ ਧਮਨੀ ਵਿੱਚ 53 ਮਿ.ਮੀ. ਦੀ ਸੋਜ਼ਿਸ਼ ਸੀ। ਜੇਕਰ ਇਸ ਦਾ ਇਲਾਜ ਨਾ ਕੀਤਾ ਜਾਂਦਾ ਤਾਂ ਇਹ ਸਥਿਤੀ ਜਾਨਲੇਵਾ ਹੋ ਸਕਦੀ ਸੀ।
ਦਿਲ ਦੀ ਕਾਰਗੁਜ਼ਾਰੀ ਆਮ ਸਮਰੱਥਾ ਦੇ ਕੇਵਲ 30 ਪ੍ਰਤੀਸ਼ਤ ਹੋਣ ਕਾਰਨ ਸਰਜਰੀ ਵਿੱਚ ਕਾਫ਼ੀ ਜੋਖਮ ਸੀ। ਮਾਮਲੇ ਦੀ ਜਟਿਲਤਾ ਦੇ ਬਾਵਜੂਦ, ਮੈਕਸ ਵਿੱਚ ਸੀਨੀਅਰ ਡਾਇਰੈਕਟਰ ਅਤੇ ਵਿਭਾਗ ਮੁਖੀ ਕਾਰਡੀਓਥੋਰੇਸਿਕ ਐਂਡ ਵੈਸਕੁਲਰ ਸਰਜਰੀ ਡਾ. ਸ਼ਸ਼ੀ ਜਿੰਦਲ ਅਤੇ ਪ੍ਰਿੰਸੀਪਲ ਕਨਸਲਟੈਂਟ ਹੈੱਡ ਕਾਰਡਿਯਕ ਐਨੇਸਥੀਸੀਆ ਅਤੇ ਇੰਟੈਂਸਿਵ ਕੇਅਰ ਡਾ. ਸ਼ੈਲੇਸ਼ ਓਝਾ ਦੀ ਅਗਵਾਈ ਹੇਠ ਇੱਕ ਮਲਟੀ-ਡਿਸਿਪਲਿਨਰੀ ਟੀਮ ਨੇ ਇਹ ਚੁਣੌਤੀ ਸਵੀਕਾਰ ਕੀਤੀ ਅਤੇ ਸਫਲਤਾਪੂਰਵਕ 11 ਘੰਟਿਆਂ ਦੀ ਸਰਜਰੀ ਕੀਤੀ।
ਇਸ ਪ੍ਰਕਿਰਿਆ ਵਿੱਚ ਇੱਕੋ ਆਪਰੇਸ਼ਨ ਦੌਰਾਨ ਦਿਲ ਦੇ ਦੋ ਖਰਾਬ ਵਾਲਵਾਂ ਨੂੰ ਬਦਲਣਾ, ਤੀਜੇ ਵਾਲਵ ਦੀ ਮੁਰੰਮਤ ਕਰਨੀ ਅਤੇ ਏਓਰਟਾ ਦੇ ਪ੍ਰਭਾਵਿਤ ਹਿੱਸੇ ਦਾ ਮੁੜ ਨਿਰਮਾਣ ਕਰਨਾ ਸ਼ਾਮਲ ਸੀ। ਡਾ. ਜਿੰਦਲ ਨੇ ਕਿਹਾ ਕਿ ਇਹ ਸਾਡੇ ਵੱਲੋਂ ਕੀਤੀਆਂ ਗਈਆਂ ਸਭ ਤੋਂ ਚੁਣੌਤੀਪੂਰਨ ਕਾਰਡਿਯਕ ਸਰਜਰੀਆਂ ਵਿੱਚੋਂ ਇੱਕ ਸੀ। ਅਜਿਹੇ ਮਾਮਲੇ, ਜਿਨ੍ਹਾਂ ਵਿੱਚ ਮਹਾਧਮਨੀ ਦਾ ਐਨਿਊਰਿਜ਼ਮ ਅਤੇ ਗੰਭੀਰ ਮਲਟੀ-ਵਾਲਵੁਲਰ ਬਿਮਾਰੀ ਦੋਵੇਂ ਹੋਣ, ਆਮ ਨਹੀਂ ਹੁੰਦੇ। ਐਨਿਊਰਿਜ਼ਮ ਦੀ ਸਰਜਰੀ ਕਰਵਾਉਣ ਵਾਲੇ ਮਰੀਜ਼ਾਂ ਵਿੱਚੋਂ ਬਹੁਤ ਹੀ ਘੱਟ ਪ੍ਰਤੀਸ਼ਤ ਨੂੰ ਦਿਲ ਦੇ ਕਈ ਵਾਲਵਾਂ ਨੂੰ ਪ੍ਰਭਾਵਿਤ ਕਰਨ ਵਾਲੀ ਬਿਮਾਰੀ ਹੁੰਦੀ ਹੈ ਅਤੇ ਅਜਿਹੀਆਂ ਸਥਿਤੀਆਂ ਦਾ ਇਲਾਜ ਅਕਸਰ ਵੱਖ-ਵੱਖ ਪੜਾਵਾਂ ਵਿੱਚ ਕੀਤੀਆਂ ਜਾਣ ਵਾਲੀਆਂ ਪ੍ਰਕਿਰਿਆਵਾਂ ਰਾਹੀਂ ਕੀਤਾ ਜਾਂਦਾ ਹੈ। ਮਰੀਜ਼ ਦੇ ਠੀਕ ਹੋਣ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਲਈ ਇੱਕੋ ਸਰਜਰੀ ਵਿੱਚ ਇਨ੍ਹਾਂ ਸਾਰੀਆਂ ਜਾਨਲੇਵਾ ਸਥਿਤੀਆਂ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਸੀ।”
ਡਾ. ਓਝਾ ਨੇ ਦੱਸਿਆ, “ਮਰੀਜ਼ ਦੇ ਦਿਲ ਦੀ ਕਾਰਗੁਜ਼ਾਰੀ ਪਹਿਲਾਂ ਹੀ ਕਾਫ਼ੀ ਘੱਟ ਹੋ ਚੁੱਕੀ ਸੀ, ਜਿਸ ਕਾਰਨ ਸਰਜਰੀ ਦਾ ਜੋਖਮ ਵੱਧ ਗਿਆ ਸੀ। ਪ੍ਰਕਿਰਿਆ ਦੀ ਜਟਿਲਤਾ ਦੇ ਬਾਵਜੂਦ, ਸਰਜਰੀ ਸਫਲ ਰਹੀ ਅਤੇ ਮਰੀਜ਼ ਦੀ ਸਿਹਤਯਾਬੀ ਹੌਸਲਾ ਅਫ਼ਜ਼ਾਈ ਕਰਨ ਵਾਲੀ ਰਹੀ ਹੈ।” ਸਰਜਰੀ ਤੋਂ ਬਾਅਦ, ਕ੍ਰਿਟਿਕਲ ਕੇਅਰ ਟੀਮ ਦੀ ਸਖ਼ਤ ਨਿਗਰਾਨੀ ਹੇਠ ਮਰੀਜ਼ ਦੀ ਹਾਲਤ ਵਿੱਚ ਲਗਾਤਾਰ ਸੁਧਾਰ ਹੋਇਆ ਅਤੇ 16 ਦਿਨਾਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ।