ਲੁਧਿਆਣਾ 'ਚ ਪਾਰਕਿੰਗ ਵਿਵਾਦ ਨੇ ਲਈ ਡਰਾਈਵਰ ਦੀ ਜਾਨ, ਗੋਲ਼ੀ ਲੱਗਣ ਨਾਲ 31 ਸਾਲਾ ਹੈਰੀ ਦੀ ਮੌਤ; ਪਤਨੀ ਨੇ ਕਿਹਾ- ਰਾਤ ਨੂੰ ਦੋਸਤ ਘਰੋਂ ਲੈ ਗਏ ਸੀ
ਵਿਵਾਦ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਸੀ। ਦੋਸ਼ ਹੈ ਕਿ ਇਕ ਧਿਰ ਦੇ ਲੋਕਾਂ ਨੇ ਦੂਜੀ ਧਿਰ ਦੀ ਗੱਡੀ ਭੰਨ ਦਿੱਤੀ। ਇਸ ਤੋਂ ਬਾਅਦ ਦੂਜੀ ਧਿਰ ਦੇ ਲੋਕ ਵਿਰੋਧ ਜਤਾਉਣ ਪਹੁੰਚੇ ਅਤੇ ਦੋਵਾਂ ਧਿਰਾਂ ਵਿਚਾਲੇ ਵਿਵਾਦ ਵਧ ਗਿਆ। ਇਸੇ ਦੌਰਾਨ ਫਾਇਰਿੰਗ ਹੋਈ, ਜਿਸ 'ਚ ਹੈਰੀ ਨੂੰ ਗੋਲੀ ਲੱਗ ਗਈ। ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
Publish Date: Wed, 21 Oct 2026 04:40 PM (IST)
Updated Date: Wed, 21 Oct 2026 04:42 PM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ: ਪੰਜਾਬ ਦੇ ਲੁਧਿਆਣਾ 'ਚ ਤਾਜਪੁਰ ਰੋਡ 'ਤੇ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਮੰਗਲਵਾਰ ਦੇਰ ਰਾਤ ਖ਼ੂਨੀ ਝੜਪ 'ਚ ਬਦਲ ਗਿਆ। ਦੋ ਧਿਰਾਂ ਵਿਚਾਲੇ ਬਹਿਸ ਅਤੇ ਕੁੱਟਮਾਰ ਤੋਂ ਬਾਅਦ ਹੋਈ ਫਾਇਰਿੰਗ 'ਚ 31 ਸਾਲਾ ਦਰਬਾਰਾ ਸਿੰਘ ਉਰਫ਼ ਹੈਰੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਉਸ ਦੀ ਛਾਤੀ 'ਚ ਗੋਲੀ ਲੱਗੀ ਸੀ।
ਪਰਿਵਾਰਕ ਮੈਂਬਰ ਉਸ ਨੂੰ ਸੀਐੱਮਸੀ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੈਰੀ ਡਰਾਈਵਰ ਦਾ ਕੰਮ ਕਰਦਾ ਸੀ। ਉਸ ਦੀ ਲਾਸ਼ ਇਕ ਨਿੱਜੀ ਹਸਪਤਾਲ ਦੀ ਮੋਰਚਰੀ 'ਚ ਰਖਵਾਈ ਗਈ ਹੈ।
ਜਾਣਕਾਰੀ ਮੁਤਾਬਕ, ਵਿਵਾਦ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਸੀ। ਦੋਸ਼ ਹੈ ਕਿ ਇਕ ਧਿਰ ਦੇ ਲੋਕਾਂ ਨੇ ਦੂਜੀ ਧਿਰ ਦੀ ਗੱਡੀ ਭੰਨ ਦਿੱਤੀ। ਇਸ ਤੋਂ ਬਾਅਦ ਦੂਜੀ ਧਿਰ ਦੇ ਲੋਕ ਵਿਰੋਧ ਜਤਾਉਣ ਪਹੁੰਚੇ ਅਤੇ ਦੋਵਾਂ ਧਿਰਾਂ ਵਿਚਾਲੇ ਵਿਵਾਦ ਵਧ ਗਿਆ। ਇਸੇ ਦੌਰਾਨ ਫਾਇਰਿੰਗ ਹੋਈ, ਜਿਸ 'ਚ ਹੈਰੀ ਨੂੰ ਗੋਲੀ ਲੱਗ ਗਈ। ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
ਪਤੀ ਨੂੰ ਘਰੋਂ ਬੁਲਾ ਕੇ ਲੈ ਗਏ ਸਨ ਦੋਸਤ
ਮ੍ਰਿਤਕ ਦੀ ਪਤਨੀ ਰਾਜਵਿੰਦਰ ਨੇ ਦੱਸਿਆ ਕਿ ਮੰਗਲਵਾਰ ਰਾਤ ਉਸ ਦੇ ਪਤੀ ਨੂੰ ਬੁਖ਼ਾਰ ਸੀ ਅਤੇ ਉਹ ਘਰ 'ਚ ਹੀ ਬੈਠੇ ਸਨ। ਇਸੇ ਦੌਰਾਨ ਉਨ੍ਹਾਂ ਦਾ ਇਕ ਦੋਸਤ ਘਰ ਆਇਆ ਅਤੇ ਦੱਸਿਆ ਕਿ ਉੱਥੇ ਖੜ੍ਹੀ ਗੱਡੀ ਦੇ ਸ਼ੀਸ਼ੇ ਟੁੱਟ ਗਏ ਹਨ। ਇਸ ਤੋਂ ਬਾਅਦ ਚਾਰ-ਪੰਜ ਨੌਜਵਾਨ ਆਏ ਅਤੇ ਉਸ ਦੇ ਪਤੀ ਨੂੰ ਆਪਣੇ ਨਾਲ ਲੈ ਗਏ।
ਰਾਜਵਿੰਦਰ ਮੁਤਾਬਕ, ਰਾਤ ਕਰੀਬ ਤਿੰਨ ਵਜੇ ਉਸ ਨੂੰ ਫ਼ੋਨ ਆਇਆ ਕਿ ਹੈਰੀ ਨੂੰ ਗੋਲੀ ਲੱਗ ਗਈ ਹੈ। ਉਸ ਨੇ ਦੱਸਿਆ ਕਿ ਜਿਹੜੇ ਨੌਜਵਾਨ ਅੱਗੇ ਸਨ, ਉਨ੍ਹਾਂ ਨੂੰ ਖਰੋਚ ਤੱਕ ਨਹੀਂ ਆਈ, ਜਦਕਿ ਉਸ ਦਾ ਪਤੀ ਛੇ-ਸੱਤ ਲੋਕਾਂ ਦੇ ਪਿੱਛੇ ਖੜ੍ਹਾ ਸੀ ਅਤੇ ਉਸ ਨੂੰ ਗੋਲੀ ਲੱਗ ਗਈ।
ਪਤਨੀ ਨੇ ਮਾਮਲੇ 'ਚ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਉਸ ਦੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ ਹੈ।
ਪਹਿਲਾਂ ਵੀ ਹੋਈ ਸੀ ਕੁੱਟਮਾਰ
ਰਾਜਵਿੰਦਰ ਨੇ ਦੱਸਿਆ ਕਿ ਪਿਛਲੇ ਸ਼ਨੀਵਾਰ ਨੂੰ ਵੀ ਕੁਝ ਨੌਜਵਾਨ ਉਸ ਦੇ ਪਤੀ ਨਾਲ ਕੁੱਟਮਾਰ ਕਰਕੇ ਗਏ ਸਨ। ਉਸ ਦਿਨ ਹੈਰੀ ਆਪਣੀ ਸਹੇਲੀ ਸੀਨੂ ਨਾਲ ਸੀ, ਜੋ ਗਿੱਲਾਂ ਪਿੰਡ 'ਚ ਰਹਿੰਦੀ ਹੈ। ਰਾਜਵਿੰਦਰ ਅਨੁਸਾਰ, ਉਸ ਕੋਲ ਸਹੇਲੀ ਦੀ ਇਕ ਰਿਕਾਰਡਿੰਗ ਵੀ ਹੈ, ਜਿਸ 'ਚ ਉਹ ਦੱਸ ਰਹੀ ਹੈ ਕਿ ਹੋਟਲ 'ਚ ਕੁਝ ਨੌਜਵਾਨ ਕੁੱਟਮਾਰ ਕਰਕੇ ਗਏ ਸਨ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਫਾਇਰਿੰਗ ਦੇ ਹਾਲਾਤ ਅਤੇ ਇਸ 'ਚ ਸ਼ਾਮਲ ਲੋਕਾਂ ਦੀ ਭੂਮਿਕਾ ਦੀ ਪੜਤਾਲ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਘਟਨਾ ਨਾਲ ਜੁੜੇ ਹੋਰ ਤੱਥਾਂ ਦਾ ਖੁਲਾਸਾ ਹੋ ਸਕੇਗਾ।