ਹਲਕਾ ਪਾਇਲ ’ਚ ਧਾਰਮਿਕ ਤੇ ਸਮਾਜਿਕ ਸਰਗਰਮੀਆਂ ਰਹਿਣਗੀਆਂ ਜਾਰੀ : ਜਥੇ. ਸਰੌਦ
ਪੰਥਕ ਅਕਾਲੀ ਲਹਿਰ ਹਲਕਾ ਪਾਇਲ ਵੱਲੋਂ 11 ਮੈਂਬਰੀ ਸਲਾਹਕਾਰ ਕੌਂਸਲ ਦਾ ਗਠਨ
Publish Date: Sun, 21 Jun 2026 07:31 PM (IST)
Updated Date: Mon, 22 Jun 2026 04:10 AM (IST)

-ਪੰਥਕ ਅਕਾਲੀ ਲਹਿਰ ਵੱਲੋਂ 11 ਮੈਂਬਰੀ ਸਲਾਹਕਾਰ ਕੌਂਸਲ ਦਾ ਗਠਨ ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ, ਮਲੌਦ : ਪੰਥਕ ਅਕਾਲੀ ਲਹਿਰ ਹਲਕਾ ਪਾਇਲ ਦੇ ਮੁਖੀ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹਲਕਾ ਪਾਇਲ ਦੇ ਸਾਰੇ ਪਿੰਡਾਂ ਵਿੱਚ ਸਮਾਜਿਕ ਅਤੇ ਧਾਰਮਿਕ ਸਰਗਰਮੀਆਂ ਅੱਗੇ ਵਧਾਉਣ ਲਈ ਜਥੇਬੰਦੀ ਦੀ 11 ਮੈਂਬਰੀ ਸਲਾਹਕਾਰ ਕੌਂਸਲ ਦਾ ਗਠਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹਲਕੇ ਵਿੱਚ ਧਾਰਮਿਕ ਸਰਗਰਮੀਆਂ ਪੰਥਕ ਅਕਾਲੀ ਲਹਿਰ ਦਾ ਮੁੱਖ ਹਿੱਸਾ ਹਨ। ਪੰਥਕ ਅਕਾਲੀ ਲਹਿਰ ਦੇ ਕੋਰ ਕਮੇਟੀ ਮੈਂਬਰ ਅਵਤਾਰ ਸਿੰਘ ਜਰਗੜੀ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਗੁਰਬਾਣੀ ਅਤੇ ਸਿੱਖੀ ਸਿਧਾਂਤ ਜਿੱਥੇ ਸਿੱਖ ਧਰਮ ਵਿੱਚ ਸੰਵਾਦ ਦੇ ਸਿਧਾਂਤ ਤੇ ਚੱਲਣ ਦਾ ਉਪਦੇਸ਼ ਦਿੰਦੇ ਹਨ ਉੱਥੇ ਇਕੱਠੇ ਹੋ ਕੇ ਹਰ ਦੁਵਿਧਾ ਵਿੱਚੋਂ ਨਿਕਲਣ ਅਤੇ ਕੌਮ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਆਪਣਾ ਯੋਗਦਾਨ ਪਾਉਣ ਦੀ ਗੱਲ ਵੀ ਕਰਦੇ ਹਨ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਆਗੂਆਂ, ਧਾਰਮਿਕ ਖੇਤਰ ਵਿਚ ਨਿਘਾਰ ਦਾ ਮੁੱਖ ਕਾਰਨ ਸ਼ਬਦ ਗੁਰੂ ਤੋਂ ਬੇਮੁਖ ਹੋਣਾ ਅਤੇ ਸਿੱਖੀ ਸਿਧਾਂਤਾਂ ਤੇ ਪਰੰਪਰਾ ਨੂੰ ਆਪਣੇ ਹਿੱਤਾਂ ਲਈ ਵਰਤਣਾ ਸਾਹਮਣੇ ਆਉਂਦਾ ਹੈ। ਉਹਨਾਂ ਕਿਹਾ ਕਿ ਧਰਮ ਪ੍ਰਚਾਰ ਲਹਿਰ, ਸ਼ਬਦ ਪ੍ਰਚਾਰ ਲਹਿਰ, ਸਿਧਾਂਤਿਕ ਪ੍ਰਚਾਰ ਅਤੇ ਸਿੱਖ ਕੌਮ ਦੇ ਵੱਡਮੁੱਲੇ ਇਤਿਹਾਸ ਤੋਂ ਆਉਣ ਵਾਲੀਆਂ ਪੀੜੀਆਂ ਨੂੰ ਜਾਣੂ ਨਾ ਕਰਵਾ ਸਕਣਾ ਅਤੇ ਸੰਸਥਾਵਾਂ ਨੂੰ ਆਪਣੇ ਹਿੱਤਾਂ ਲਈ ਵਰਤਣਾ ਇਸ ਵਕਤ ਦਾ ਸਭ ਤੋਂ ਵੱਡਾ ਦੁਖਾਂਤ ਹੈ ਪ੍ਰੰਤੂ ਇਸ ਵਿੱਚੋਂ ਨਿਕਲਣ ਲਈ ਪੰਥਕ ਅਕਾਲੀ ਲਹਿਰ ਹਲਕਾ ਪਾਇਲ ਦੇ ਸਾਰੇ ਪਿੰਡਾਂ ਵਿੱਚ ਯਤਨ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਹਲਕਾ ਪਾਇਲ ਅੰਦਰ ਪੰਥਕ ਅਕਾਲੀ ਲਹਿਰ ਦੀਆਂ ਸਰਗਰਮੀਆਂ ਨਿਰੰਤਰ ਜਾਰੀ ਹਨ ਅਤੇ ਜਾਰੀ ਰਹਿਣਗੀਆਂ। ਉਹਨਾਂ ਪੰਜਾਬ ਦੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਦੇ ਵਡਮੁੱਲੇ ਵਿਰਸੇ ਅਤੇ ਇਤਿਹਾਸ ਨੂੰ ਸਮਝਦੇ ਹੋਏ ਸਿੱਖ ਗੁਰੂ ਸਾਹਿਬਾਨ ਵੱਲੋਂ ਪਾਈਆਂ ਮਹਾਨ ਪੈੜਾਂ ਤੇ ਚੱਲ ਕੇ ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਯਤਨ ਕੀਤੇ ਜਾਣ। ਉਹਨਾਂ ਕਿਹਾ ਕਿ ਪੰਥਕ ਅਕਾਲੀ ਲਹਿਰ ਹਲਕਾ ਪਾਇਲ ਦੀ ਸਲਾਹਕਾਰ ਕੌਂਸਲ ਵਿੱਚ ਸ਼ਾਮਿਲ ਕੀਤੇ ਜਾਣ ਵਾਲੇ ਮੈਂਬਰਾਂ ’ਚ ਮਲਕੀਤ ਸਿੰਘ ਗੋਗਾ ਸਾਬਕਾ ਪ੍ਰਧਾਨ ਨਗਰ ਕੌਂਸਲ ਪਾਇਲ, ਸਮਾਜ-ਸੇਵੀ ਅਵਤਾਰ ਸਿੰਘ ਜਰਗੜੀ, ਜਥੇਦਾਰ ਨਾਜਰ ਸਿੰਘ ਲਸਾੜਾ, ਸਾਬਕਾ ਸਰਪੰਚ ਕੁਲਦੀਪ ਸਿੰਘ ਬਰਮਾਲੀਪੁਰ, ਜਥੇਦਾਰ ਰਣਵੀਰ ਸਿੰਘ ਰੋੜੀਆਂ ਮੀਤ ਪ੍ਰਧਾਨ ਸਹਿਕਾਰੀ ਸਭਾ, ਸਾਬਕਾ ਸਰਪੰਚ ਸਵਰਨਜੀਤ ਸਿੰਘ ਬਿੱਟੂ ਘੁਡਾਣੀ ਖੁਰਦ, ਇੰਦਰਜੀਤ ਸਿੰਘ ਕੁਲਾਹੜ, ਆੜ੍ਹਤੀ ਸੁਖਵੰਤ ਸਿੰਘ ਪੰਧੇਰ ਖੇੜੀ, ਮਨਜੀਤ ਸਿੰਘ ਸੀਹਾਂ ਦੌਦ, ਸਾਬਕਾ ਸਰਪੰਚ ਕਰਮ ਸਿੰਘ ਪੱਲਾ, ਸਾਬਕਾ ਕੌਂਸਲਰ ਹਰਭਜਨ ਸਿੰਘ ਸੰਦੀਲਾ ਆਦਿ ਆਗੂ ਸ਼ਾਮਿਲ ਹਨ। ਉਹਨਾਂ ਕਿਹਾ ਕਿ ਸਲਾਹਕਾਰ ਕੌਂਸਲ ਦੀ ਮੀਟਿੰਗ ਤੋਂ ਬਾਅਦ ਜਥੇਬੰਦੀ ਦੇ ਅਗਲੇ ਪ੍ਰੋਗਰਾਮ ਵੀ ਜਲਦ ਜਾਰੀ ਕਰ ਦਿੱਤੇ ਜਾਣਗੇ। ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿੱਚ ਨੰਬਰਦਾਰ ਨਰਿੰਦਰ ਸਿੰਘ ਜਰਗੜੀ ਪ੍ਰਧਾਨ, ਪ੍ਰਧਾਨ ਜਸਵੰਤ ਸਿੰਘ, ਰਣਵੀਰ ਸਿੰਘ ਰਾਣਾ ਸੇਖਾ ਨਿਜੀ ਸਕੱਤਰ ਆਦਿ ਆਗੂ ਇਸ ਮੌਕੇ ਸ਼ਾਮਿਲ ਹੋਏ।