ਮਧਰੇਪਨ ਤੋਂ ਪ੍ਰਭਾਵਿਤ ਝੋਨਾ-ਕਾਰਨ, ਲੱਛਣ ਤੇ ਬਚਾਅ ਦੇ ਉਪਾਅ
ਮਧਰੇਪਨ ਤੋਂ ਪ੍ਰਭਾਵਿਤ ਝੋਨਾ-ਕਾਰਨ, ਲੱਛਣ ਅਤੇ ਬਚਾਅ ਦੇ ਉਪਾਅ
Publish Date: Thu, 18 Jun 2026 07:33 PM (IST)
Updated Date: Fri, 19 Jun 2026 04:10 AM (IST)

- ਆਮ ਬੂਟਿਆਂ ਨਾਲੋਂ ਦੋ ਤਿਹਾਈ, ਅੱਧੀ ਜਾਂ ਇੱਕ ਤਿਹਾਈ ਹੀ ਰਹਿ ਜਾਂਦੀ ਹੈ ਪ੍ਰਭਾਵਿਤ ਬੂਟਿਆਂ ਦੀ ਉਚਾਈ - ਪੀਐੱਸ ਸੰਧੂ ਵਧੀਕ ਡਾਇਰੈਕਟਰ ਪਸਾਰ ਪੀਏਯੂ ਨੇ ਦੱਸੇ ਅਹਿਮ ਨੁਕਤੇ ਫੋਟੋ ਨੰਬਰ-7,8 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣ : ਝੋਨੇ ਦੀ ਫ਼ਸਲ ’ਚ ਬੂਟਿਆਂ ਦਾ ਮਧਰਾਪਣ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ, ਕਿਉਂਕਿ ਇਸ ਨਾਲ ਫਸਲ ਦੇ ਵਿਕਾਸ ਤੇ ਉਪਜ ਤੇ ਸਿੱਧਾ ਅਸਰ ਪੈਂਦਾ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਸਮੇਂ-ਸਮੇਂ ਤੇ ਫ਼ਸਲ ਦੀ ਨਿਗਰਾਨੀ ਕਰਨ, ਸੰਤੁਲਿਤ ਖਾਦਾਂ ਦੀ ਵਰਤੋਂ ਤੇ ਸਿਫ਼ਾਰਸ਼ਾਂ ਅਨੁਸਾਰ ਫ਼ਸਲ ਪ੍ਰਬੰਧਨ ਅਪਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਝੋਨੇ ਦੇ ਬੂਟਿਆਂ ਦੇ ਮਧਰੇਪਣ ਤੋਂ ਬਚ ਕੇ ਵਧੀਆ ਉਪਜ ਪ੍ਰਾਪਤ ਕੀਤੀ ਜਾ ਸਕੇ। ਪੀਐੱਸ ਸੰਧੂ ਵਧੀਕ ਡਾਇਰੈਕਟਰ ਪਸਾਰ ਪੀਏਯੂ ਨੇ ਦੱਸਿਆ ਕਿ ਝੋਨੇ ਦੇ ਬੂਟਿਆਂ ਦਾ ਮਧਰੇ ਰਹਿ ਜਾਣਾ ਇਕ ਵਿਸ਼ਾਣੂ ਰੋਗ ਹੈ ਅਤੇ ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਪੱਤੇ ਨੌਕਦਾਰ ਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ। ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਦੋ ਤਿਹਾਈ, ਅੱਧੀ ਜਾਂ ਇਕ ਤਿਹਾਈ ਹੀ ਰਹਿ ਜਾਂਦੀ ਹੈ। ਰੋਗ ਦੇ ਜ਼ਿਆਦਾ ਹਮਲੇ ਕਾਰਨ ਕਈ ਵਾਰ ਮੂੰਜਰਾਂ ’ਚ ਦਾਣੇ ਨਹੀਂ ਬਣਦੇ ਤੇ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਹਨ, ਜਿਸ ਨਾਲ ਝਾੜ ’ਚ ਕਾਫੀ ਨੁਕਸਾਨ ਹੋ ਸਕਦਾ ਹੈ। ਇਹ ਵਿਸ਼ਾਣੂ ਰੋਗ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ ’ਤੇ ਹਮਲਾ ਕਰ ਸਕਦਾ ਹੈ। ਝੋਨੇ ਉੱਪਰ ਇਸ ਵਿਸ਼ਾਣੂ ਰੋਗ ਨੂੰ ਚਿੱਟੀ ਪਿੱਠ ਵਾਲਾ ਟਿੱਡਾ ਫੈਲਾਉਂਦਾ ਹੈ। ਇਸ ਲਈ ਰੋਗ ਦੀ ਸ਼ੁਰੂਆਤੀ ਲਾਗ ਤੇ ਬਾਅਦ ’ਚ ਫੈਲਾਅ ਨੂੰ ਰੋਕਣ ਲਈ ਚਿੱਟੀ ਪਿੱਠ ਵਾਲੇ ਟਿੱਡੇ ਦੀ ਪਹਿਚਾਣ ਅਤੇ ਰੋਕਥਾਮ ਬਹੁਤ ਜ਼ਰੂਰੀ ਹੈ। ਇਸ ਕੀੜੇ ਦੇ ਨਵੇਂ ਨਿਕਲੇ ਬੱਚੇ ਸਲੇਟੀ ਚਿੱਟੇ ਰੰਗ ਦੇ ਹੁੰਦੇ ਹਨ, ਜਿਹੜੇ ਬਾਅਦ ’ਚ ਗੂੜੇ ਸਲੇਟੀ ਰੰਗ ਦੇ ਹੋ ਜਾਂਦੇ ਹਨ। ਇਸ ਦੇ ਬਾਲਗ ਦੀ ਪਿੱਠ ਤੇ ਬਰੀਕ ਚਿੱਟੀ ਪੱਟੀ ਹੁੰਦੀ ਹੈ, ਜੋ ਕਿ ਇਨ੍ਹਾਂ ਦੇ ਉੱਪਰਲੇ ਪਾਸੇ ਦਿਖਾਈ ਦਿੰਦੀ ਹੈ ਤੇ ਇਕ ਕਾਲਾ ਧੱਬਾ ਅਗਲੇ ਖੰਭਾਂ ਦੇ ਪਿਛਲੇ ਪਾਸੇ ਦੇ ਵਿਚਕਾਰ ਦਿਖਾਈ ਦਿੰਦਾ ਹੈ। ਪਨੀਰੀ ਤੇ ਖੇਤਾਂ ’ਚ ਇਸ ਕੀੜੇ ਦੇ ਸਰਵੇਖਣ ਲਈ ਕੁੱਝ ਕੁ ਬੂਟਿਆਂ ਨੂੰ ਟੇਢੇ ਕਰ ਕੇ ਹੇਠਾਂ ਤੋਂ 2-3 ਵਾਰੀ ਝਾੜੋ। ਜੇਕਰ ਇਸ ਦੇ ਬੱਚੇ ਜਾ ਬਾਲਗ ਟਿੱਡੇ ਪਾਣੀ ’ਤੇ ਤਰਦੇ ਨਜ਼ਰ ਆਉਣ ਤਾਂ ਫਸਲ ਉੱਤੇ ਸਿਫਾਰਸ਼ ਕੀਟਨਾਸ਼ਕ ਦੀ ਵਰਤੋਂ ਕਰੋ। ਟਿੱਡੇ ਦੀ ਆਮਦ ਦੇਖਣ ਲਈ ਰਾਤ ਨੂੰ ਪਨੀਰੀ/ਖੇਤ ਨੇੜੇ ਬਲੱਬ ਜਗਾ ਕੇ ਰੱਖੋ, ਕਿਉਂਕਿ ਇਹ ਕੀੜਾ ਰੌਸ਼ਨੀ ਵੱਲ ਆਕਰਸ਼ਿਤ ਹੁੰਦਾ ਹੈ। ਜੇ ਮਧਰਾਪਨ ਖੇਤ ਦੇ ਕੁੱਝ ਹਿੱਸਿਆਂ ’ਚ ਹੀ ਦਿਖਾਈ ਦੇ ਰਿਹਾ ਹੈ ਤਾਂ ਮਿੱਟੀ ਜਾਂ ਜ਼ਿੰਕ ਦੀ ਘਾਟ ਦੀ ਜਾਂਚ ਕਰਵਾਉਣਾ ਲਾਭਦਾਇਕ ਰਹਿੰਦਾ ਹੈ, ਜਦਕਿ ਪੂਰੇ ਖੇਤ ’ਚ ਸਮੱਸਿਆ ਹੋਣ ਤੇ ਪਾਣੀ, ਖਾਦ ਤੇ ਕੀੜੇ-ਬਿਮਾਰੀਆਂ ਦੀ ਜਾਂਚ ਕਰਨੀ ਚਾਹੀਦੀ ਹੈ। ਝੋਨੇ ’ਚ ਬੂਟਿਆਂ ਦੇ ਮਧਰੇਪਣ ਦੇ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ – ਖਾਸ ਕਰ ਕੇ ਨਾਈਟ੍ਰੋਜਨ, ਜ਼ਿੰਕ, ਫਾਸਫੋਰਸ ਤੇ ਪੋਟਾਸ਼ ਦੀ ਕਮੀ। ਕੀੜਿਆਂ ਦਾ ਹਮਲਾ – ਤਣਾ ਛੇਦਕ, ਪੱਤਾ ਮੋੜਕ ਅਤੇ ਜੜ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ। ਬਿਮਾਰੀਆਂ – ਵਾਇਰਸ ਜਾਂ ਫਫੂੰਦੀ ਕਾਰਨ ਹੋਣ ਵਾਲੀਆਂ ਬਿਮਾਰੀਆਂ। ਜੜ੍ਹਾਂ ਦਾ ਕਮਜ਼ੋਰ ਵਿਕਾਸ – ਪਾਣੀ ਖੜ੍ਹਾ ਰਹਿਣ, ਸਖ਼ਤ ਮਿੱਟੀ ਜਾਂ ਜੜ੍ਹਾਂ ਦੇ ਨੁਕਸਾਨ ਕਾਰਨ। ਮੌਸਮੀ ਤਣਾਅ – ਬਹੁਤ ਜ਼ਿਆਦਾ ਗਰਮੀ, ਠੰਢ ਜਾਂ ਸੁੱਕਾ। ਨਦੀਨਾਂ (ਜੰਗਲੀ ਬੂਟੀਆਂ) ਦੀ ਭਰਮਾਰ – ਜੋ ਪੌਸ਼ਟਿਕ ਤੱਤਾਂ ਅਤੇ ਨਮੀ ਲਈ ਮੁਕਾਬਲਾ ਕਰਦੀਆਂ ਹਨ। ਖੇਤ ਵਿੱਚ ਪਾਣੀ ਦਾ ਗਲਤ ਪ੍ਰਬੰਧਨ – ਬਹੁਤ ਜ਼ਿਆਦਾ ਜਾਂ ਬਹੁਤ ਘੱਟ ਪਾਣੀ। ਝੋਨੇ ’ਚ ਬੂਟਿਆਂ ਦੇ ਮਧਰੇਪਣ ਦੇ ਲੱਛਣ ਬੂਟਿਆਂ ਦੀ ਉਚਾਈ ਆਮ ਨਾਲੋਂ ਘੱਟ ਰਹਿ ਜਾਣਾ। ਪੱਤਿਆਂ ਦਾ ਪੀਲਾ ਜਾਂ ਫਿੱਕਾ ਹਰਾ ਹੋ ਜਾਣਾ। ਜੜ੍ਹਾਂ ਦਾ ਘੱਟ ਵਿਕਾਸ। ਨਵੇਂ ਪੱਤਿਆਂ ਅਤੇ ਟਿੱਲਰਾਂ (ਫੁੱਟਾਂ) ਦੀ ਗਿਣਤੀ ਘੱਟ ਹੋਣਾ। ਬੂਟਿਆਂ ਦਾ ਕਮਜ਼ੋਰ ਅਤੇ ਪਤਲਾ ਦਿਖਾਈ ਦੇਣਾ। ਫਸਲ ਦਾ ਵਿਕਾਸ ਅਸਮਾਨ ਹੋਣਾ, ਕੁਝ ਥਾਵਾਂ ਤੇ ਬੂਟੇ ਬਹੁਤ ਮਧਰੇ ਰਹਿ ਜਾਣਾ। ਅੰਤ ਵਿੱਚ ਝਾੜ ਅਤੇ ਪੈਦਾਵਾਰ ਵਿੱਚ ਕਮੀ ਆਉਣਾ। ਮਧਰੇਪਣ ਦੇ ਰੋਗ ਤੋਂ ਬਚਾਅ ਲਈ ਕੁੱਝ ਸੁਝਾਅ 1. ਝੋਨੇ ਦੇ ਮਧਰੇਪਣ ਦੇ ਰੋਗ ਦਾ ਸਿੱਧੇ ਤੌਰ ਉੱਤੇ ਪ੍ਰਬੰਧਨ ਮੁਸ਼ਕਲ ਹੈ, ਕਿਉਂਕਿ ਇਹ ਇੱਕ ਵਿਸ਼ਾਣੂ ਰੋਗ ਹੈ। 2. ਜਿਸ ਖੇਤ ਵਿੱਚ ਪਿਛਲੇ ਸਾਲ ਇਹ ਬਿਮਾਰੀ ਨਜ਼ਰ ਆਈ ਹੋਵੇ, ਉੱਥੇ ਖਾਸ ਧਿਆਨ ਰੱਖੋ। 3. ਬਿਮਾਰੀ ਵਾਲੇ ਬੂਟਿਆਂ ਨੂੰ ਸ਼ੁਰੂ ਵਿੱਚ ਹੀ ਪੁੱਟ ਕੇ ਡੂੰਘਾ ਦੱਬ ਦਿਓ। 4. ਫਸਲ ਦੀ ਰਹਿੰਦ ਖੂੰਹਦ ਨੂੰ ਖੇਤ ਵਿੱਚ ਡੂੰਘਾ ਵਾਹੋ। 5. ਵੱਟਾਂ ਬੰਨਿਆਂ ਅਤੇ ਪਾਣੀ ਵਾਲੇ ਖਾਲਾਂ ਨੂੰ ਨਦੀਨ ਮੁਕਤ ਰੱਖੋ। ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ ਪੀਐੱਸ ਸੰਧੂ ਵਧੀਕ ਡਾਇਰੈਕਟਰ ਪਸਾਰ ਪੀਏਯੂ ਨੇ ਦੱਸਿਆ ਕਿ ਇਸ ਰੋਗ ਦੀ ਸ਼ੁਰੂਆਤੀ ਲਾਗ ਤੇ ਬਾਅਦ ’ਚ ਫੈਲਾਅ ਨੂੰ ਰੋਕਣ ਲਈ ਚਿੱਟੀ ਪਿੱਠ ਵਾਲੇ ਟਿੱਡੇ ਦਾ ਪਨੀਰੀ ਤੇ ਖੇਤ ’ਚ ਸਰਵੇਖਣ ਜ਼ਰੂਰ ਕਰੋ। ਟਿੱਡੇ ਦੀ ਆਮਦ ਨਜ਼ਰ ਆਉਣ ਤੇ ਹੀ ਕਿਸੇ ਇੱਕ ਕੀਟਨਾਸ਼ਕ ਜਿਵੇਂ ਕਿ 60 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨੀਕਾਮਿਡ) ਜਾਂ 80 ਗ੍ਰਾਮ ਟੋਕਨ/ਓਸ਼ੀਨ/ਡੋਮੀਨੈਂਟ 20 ਐਸਸੀ (ਡਾਇਨੋਟੈਫੂਰਾਨ) ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ (ਪਾਈਮੈਟਰੋਜ਼ਿਨ) ਜਾਂ 94 ਮਿਲੀਲਿਟਰ ਪੈਕਸਾਲੋਨ 10 ਐੱਸਸੀ (ਟਰਾਈਫਲੂਮੀਜ਼ੋਪਾਇਰਿਮ) ਜਾਂ 400 ਮਿਲੀਲਿਟਰ ਆਰਕੈਸਟਰਾ 10 ਐਸਸੀ (ਬੈਂਜ਼ਪਾਈਰੀਮੋਕਸਾਨ) ਜਾਂ 300 ਮਿਲੀਲਿਟਰ ਇਮੈਿਜ਼ਨ/ਵਿਓਲਾ 10 ਐਸਸੀ (ਫਲੂਪਾਈਰੀਮਿਨ) ਜਾਂ 800 ਮਿਲੀਲਿਟਰ ਐਕਾਲਕਸ/ਕੁਇਨਗਾਰਡ/ਕਇਨਲਮਾਸ 25 ਈਸੀ (ਕੁਇਨਲਫਾਸ) ਨੂੰ 100 ਲਿਟਰ ਪਾਣੀ ’ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਓ। ਚੰਗੇ ਨਤੀਜਿਆਂ ਲਈ ਛਿੜਕਾਅ ਕਰਨ ਵੇਲੇ ਪੰਪ ਦੇ ਫੁਆਰੇ ਦਾ ਰੁੱਖ ਬੂਟਿਆਂ ਦੇ ਮੁੱਢਾਂ ਵੱਲ ਰੱਖੋ ਤਾਂ ਜੋ ਛਿੜਕਾਅ ਬੂਟਿਆਂ ਦੇ ਮੁੱਢਾਂ ਤੇ ਜ਼ਰੂਰ ਪਵੇ ਜਿੱਥੇ ਇਹ ਕੀੜੇ ਵਧੇਰੇ ਹੁੰਦੇ ਹਨ। ਲੋੜ ਪੈਣ ’ਤੇ ਨੇੜੇ ਪੈਂਦੇ ਖੇਤੀਬਾੜੀ ਵਿਗਿਆਨ ਕੇਂਦਰ ਦੇ ਮਾਹਿਰਾਂ ਨਾਲ ਸੰਪਰਕ ਕਰੋ।