ਲੁਧਿਆਣਾ 'ਚ 'ਆਪ੍ਰੇਸ਼ਨ ਪ੍ਰਹਾਰ-3' ਦੀ ਵੱਡੀ ਸਫ਼ਲਤਾ : ਪੁਲਿਸ ਕਮਿਸ਼ਨਰ ਦੀ ਅਗਵਾਈ ਹੇਠ 166 ਥਾਵਾਂ 'ਤੇ ਛਾਪੇਮਾਰੀ, 106 ਅਪਰਾਧੀ ਗ੍ਰਿਫ਼ਤਾਰ
ਮੁਹਿੰਮ ਦੌਰਾਨ ਹੋਈਆਂ ਬਰਾਮਦਗੀਆਂ ਵੀ ਕਾਫ਼ੀ ਮਹੱਤਵਪੂਰਨ ਰਹੀਆਂ। ਪੁਲਿਸ ਨੇ 102.45 ਗ੍ਰਾਮ ਹੈਰੋਇਨ, 19 ਕਿਲੋ ਗਾਂਜਾ, 135 ਨਸ਼ੀਲੀਆਂ ਗੋਲੀਆਂ, 2 ਹਥਿਆਰ, 2 ਜ਼ਿੰਦਾ ਕਾਰਤੂਸ, 15 ਮੋਟਰਸਾਈਕਲ, 3 ਮੋਬਾਈਲ ਫੋਨ, 43 ਪੇਟੀਆਂ/ਬੋਤਲਾਂ ਸ਼ਰਾਬ, 2 ਲੀਟਰ ਨਾਜਾਇਜ਼ ਸ਼ਰਾਬ, 2 ਪਾਊਚ ਨਾਜਾਇਜ਼ ਸ਼ਰਾਬ ਅਤੇ 4 ਲੋਹੇ ਦੀਆਂ ਚਾਬੀਆਂ ਬਰਾਮਦ ਕੀਤੀਆਂ।
Publish Date: Sun, 05 Jul 2026 03:54 PM (IST)
Updated Date: Sun, 05 Jul 2026 04:01 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਵਿੱਚ ਅਪਰਾਧ, ਨਸ਼ਾ ਤਸਕਰੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ 'ਤੇ ਨਕੇਲ ਕੱਸਣ ਲਈ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਇੱਕ ਵਾਰ ਫਿਰ ਆਪਣੀ ਸਖ਼ਤ ਕਾਰਵਾਈ ਦਾ ਸਬੂਤ ਦਿੱਤਾ ਹੈ। ਪੁਲਿਸ ਕਮਿਸ਼ਨਰ ਦੀ ਸਿੱਧੀ ਨਿਗਰਾਨੀ ਹੇਠ ਚਲਾਏ ਗਏ 'ਆਪ੍ਰੇਸ਼ਨ ਪ੍ਰਹਾਰ-3' ਦੌਰਾਨ ਸ਼ਹਿਰ ਭਰ ਵਿੱਚ ਵਿਆਪਕ ਛਾਪੇਮਾਰੀ ਕਰਦੇ ਹੋਏ ਵੱਡੀ ਗਿਣਤੀ ਵਿੱਚ ਅਪਰਾਧੀਆਂ ਨੂੰ ਕਾਬੂ ਕੀਤਾ ਗਿਆ। ਇਸ ਮੁਹਿੰਮ ਦੌਰਾਨ ਨਾ ਸਿਰਫ਼ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਹੋਈ, ਸਗੋਂ ਕਈ ਚੋਰੀਸ਼ੁਦਾ ਵਾਹਨ ਅਤੇ ਹੋਰ ਸਮਾਨ ਵੀ ਪੁਲਿਸ ਦੇ ਹੱਥ ਲੱਗਿਆ। ਇਹ ਕਾਰਵਾਈ ਸਾਫ਼ ਸੰਕੇਤ ਦਿੰਦੀ ਹੈ ਕਿ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦੇਣ ਵਾਲਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀਂ ਵਰਤੀ ਜਾਵੇਗੀ।
ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਸੰਗਠਿਤ ਅਪਰਾਧ, ਨਸ਼ਾ ਤਸਕਰੀ, ਭਗੌੜੇ ਅਪਰਾਧੀਆਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਐਤਵਾਰ ਨੂੰ 'ਆਪ੍ਰੇਸ਼ਨ ਪ੍ਰਹਾਰ-3' ਨੂੰ ਵੱਡੇ ਪੱਧਰ 'ਤੇ ਅਮਲ ਵਿੱਚ ਲਿਆਂਦਾ ਗਿਆ। ਇਹ ਵਿਸ਼ੇਸ਼ ਮੁਹਿੰਮ ਪੁਲਿਸ ਕਮਿਸ਼ਨਰ, ਲੁਧਿਆਣਾ ਦੀ ਅਗਵਾਈ ਅਤੇ ਨਿਗਰਾਨੀ ਹੇਠ ਪੂਰੇ ਕਮਿਸ਼ਨਰੇਟ ਖੇਤਰ ਵਿੱਚ ਇੱਕੋ ਸਮੇਂ ਚਲਾਈ ਗਈ।
ਕਾਰਵਾਈ ਦੌਰਾਨ ਪੁਲਿਸ ਕਮਿਸ਼ਨਰ ਖੁਦ ਫੀਲਡ ਵਿੱਚ ਮੌਜੂਦ ਰਹੇ। ਉਨ੍ਹਾਂ ਵੱਖ-ਵੱਖ ਇਲਾਕਿਆਂ ਵਿੱਚ ਚੱਲ ਰਹੀਆਂ ਛਾਪੇਮਾਰੀਆਂ ਦਾ ਜਾਇਜ਼ਾ ਲਿਆ ਅਤੇ ਸ਼ਹਿਰ ਦੇ ਅਹਿਮ ਅਤੇ ਸੰਵੇਦਨਸ਼ੀਲ ਸਥਾਨਾਂ 'ਤੇ ਲਗਾਏ ਗਏ ਨਾਕਿਆਂ ਦੀ ਵੀ ਜਾਂਚ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਾਰਵਾਈ ਪੂਰੀ ਪੇਸ਼ੇਵਰਤਾ ਅਤੇ ਸਖ਼ਤੀ ਨਾਲ ਕੀਤੀ ਜਾਵੇ ਤਾਂ ਜੋ ਕਿਸੇ ਵੀ ਅਪਰਾਧੀ ਨੂੰ ਬਚਣ ਦਾ ਮੌਕਾ ਨਾ ਮਿਲੇ।
ਪੁਲਿਸ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਇਸ ਵਿਸ਼ੇਸ਼ ਮੁਹਿੰਮ ਦੌਰਾਨ ਕੁੱਲ 166 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੇ ਨਤੀਜੇ ਵਜੋਂ 44 ਨਵੇਂ ਮੁਕਦਮੇ ਦਰਜ ਕੀਤੇ ਗਏ। ਪੁਲਿਸ ਨੇ ਜਾਂਚ ਅਤੇ ਪੁੱਛਗਿੱਛ ਲਈ 132 ਵਿਅਕਤੀਆਂ ਨੂੰ ਰਾਊਂਡ ਅੱਪ ਕੀਤਾ, ਜਦਕਿ 106 ਮੁਲਜ਼ਮਾਂ ਨੂੰ ਵਿਧੀਵਤ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ 62 ਵਿਅਕਤੀਆਂ ਨੂੰ ਅਪਰਾਧ ਰੋਕੂ ਕਾਰਵਾਈ ਤਹਿਤ ਹਿਰਾਸਤ ਵਿੱਚ ਲਿਆ ਗਿਆ, ਜਦਕਿ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ 3 ਭਗੌੜੇ ਅਪਰਾਧੀਆਂ ਨੂੰ ਵੀ ਕਾਬੂ ਕਰਨ ਵਿੱਚ ਪੁਲਿਸ ਨੂੰ ਸਫ਼ਲਤਾ ਮਿਲੀ।
ਛਾਪਾਮਾਰੀ ਦੇ ਦੌਰਾਨ ਕੀਤੀਆਂ ਗਈਆਂ ਬਰਾਮਦਗੀਆਂ
ਮੁਹਿੰਮ ਦੌਰਾਨ ਹੋਈਆਂ ਬਰਾਮਦਗੀਆਂ ਵੀ ਕਾਫ਼ੀ ਮਹੱਤਵਪੂਰਨ ਰਹੀਆਂ। ਪੁਲਿਸ ਨੇ 102.45 ਗ੍ਰਾਮ ਹੈਰੋਇਨ, 19 ਕਿਲੋ ਗਾਂਜਾ, 135 ਨਸ਼ੀਲੀਆਂ ਗੋਲੀਆਂ, 2 ਹਥਿਆਰ, 2 ਜ਼ਿੰਦਾ ਕਾਰਤੂਸ, 15 ਮੋਟਰਸਾਈਕਲ, 3 ਮੋਬਾਈਲ ਫੋਨ, 43 ਪੇਟੀਆਂ/ਬੋਤਲਾਂ ਸ਼ਰਾਬ, 2 ਲੀਟਰ ਨਾਜਾਇਜ਼ ਸ਼ਰਾਬ, 2 ਪਾਊਚ ਨਾਜਾਇਜ਼ ਸ਼ਰਾਬ ਅਤੇ 4 ਲੋਹੇ ਦੀਆਂ ਚਾਬੀਆਂ ਬਰਾਮਦ ਕੀਤੀਆਂ। ਪੁਲਿਸ ਅਨੁਸਾਰ ਇਹ ਬਰਾਮਦਗੀਆਂ ਵੱਖ-ਵੱਖ ਕਾਰਵਾਈਆਂ ਦੌਰਾਨ ਕੀਤੀਆਂ ਗਈਆਂ ਅਤੇ ਸਬੰਧਤ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
ਲੋਕਾਂ ਦੀ ਸੁਰੱਖਿਆ ਨੂੰ ਦਿੱਤੀ ਜਾਵੇਗੀ ਤਰਜੀਹ
ਲੁਧਿਆਣਾ ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਰੱਖਣਾ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸੇ ਉਦੇਸ਼ ਨਾਲ ਅਪਰਾਧੀਆਂ, ਨਸ਼ਾ ਤਸਕਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਲਗਾਤਾਰ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਗੈਰ ਕਾਨੂੰਨੀ ਗਤੀਵਿਧੀਆਂ ਪ੍ਰਤੀ ਜ਼ੀਰੋ ਟੋਰਲੈਂਸ
ਪੁਲਿਸ ਅਧਿਕਾਰੀਆਂ ਨੇ ਦੁਹਰਾਇਆ ਕਿ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਪ੍ਰਤੀ 'ਜ਼ੀਰੋ ਟੋਲਰੈਂਸ' ਦੀ ਨੀਤੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਖੁਫੀਆ ਅਧਾਰਿਤ ਵਿਸ਼ੇਸ਼ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਅਪਰਾਧੀਆਂ ਦੇ ਨੈੱਟਵਰਕ ਨੂੰ ਤੋੜਿਆ ਜਾ ਸਕੇ ਅਤੇ ਸ਼ਹਿਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ ਦਾ ਰਾਜ ਹੋਰ ਮਜ਼ਬੂਤ ਬਣਾਇਆ ਜਾ ਸਕੇ। ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਅਪਰਾਧਿਕ ਸਰਗਰਮੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਸਮੇਂ ਸਿਰ ਕਾਰਵਾਈ ਕਰਕੇ ਅਪਰਾਧ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਇਆ ਜਾ ਸਕੇ।