Swami Shankranand ਵੱਲੋਂ ਦੇਸ਼ ਤੇ ਵਿਦੇਸ਼ਾਂ ਤੋਂ ਦਾਨ ਦੇ ਨਾਮ ’ਤੇ ਆਈ ਬੇਸ਼ੁਮਾਰ ਦੌਲਤ ਨਾਲ ਪੰਜਾਬ, ਲੁਧਿਆਣਾ, ਰਾਜਸਥਾਨ ਤੇ ਹੋਰਾਂ ਸੂਬਿਆਂ ’ਚ ਵੱਡੀ ਜਾਇਦਾਦ ਖੜ੍ਹੀ ਕਰ ਲਈ ਹੈ। ਦਾਨ ਦੇ ਪੈਸੇ ਨਾਲ ਖ਼ਰੀਦੀ ਇਹ ਜਾਇਦਾਦ ਸੰਸਥਾ ਦੇ ਨਹੀਂ, ਬਲਕਿ ਕੁਝ ਔਰਤਾਂ ਤੇ ਮਰਦਾਂ ਦੇ ਨਾਮ ’ਤੇ ਖ਼ਰੀਦੀ ਗਈ, ਜਿਸ ਨੂੰ ਲੈ ਕੇ ਸੰਸਥਾ ਪੂਰੀ ਤਰ੍ਹਾਂ ਗੰਭੀਰ ਹੈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਮੁੱਲਾਂਪੁਰ ਦੇ ਪ੍ਰਸਿੱਧ ਧਾਰਮਿਕ ਡੇਰੇ ਦੇ ਸਵਾਮੀ ਸ਼ੰਕਰਾਨੰਦ ਦੀ ਮਹਿਲਾ ਸ਼ਰਧਾਲੂ ਨਾਲ ਵਾਇਰਲ ਅਸ਼ਲੀਲ ਵੀਡੀਓ ’ਤੇ ਧਾਰਮਿਕ ਡੇਰੇ ਦੇ ਰਾਜਸਥਾਨ ਸਥਿਤ ਮੁੱਖ ਅਸਥਾਨ ਤੋਂ ਐਕਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੁੱਖ ਅਸਥਾਨ ਦੇ ਮੁਖੀ ਮਹੰਤ ਦਯਾਸਾਗਰ ਨੇ 13 ਜੂਨ, ਸ਼ੁੱਕਰਵਾਰ ਨੂੰ ਖੁਦ ਸੋਸ਼ਲ ਮੀਡੀਆ ’ਤੇ ਲਾਈਵ ਹੁੰਦਿਆਂ ਵਾਇਰਲ ਵੀਡੀਓ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਇਹ ਸੰਤ ਕੀ ਲੀਲਾ ਕਰ ਰਹੇ ਹਨ। ਉਨ੍ਹਾਂ ਇਹ ਤਕ ਕਿਹਾ ਅਸ਼ਲੀਲ ਵੀਡੀਓ ਹੀ ਨਹੀਂ, ਸਵਾਮੀ ਵੱਲੋਂ ਦੇਸ਼ ਤੇ ਵਿਦੇਸ਼ਾਂ ਤੋਂ ਦਾਨ ਦੇ ਨਾਮ ’ਤੇ ਆਈ ਬੇਸ਼ੁਮਾਰ ਦੌਲਤ ਨਾਲ ਪੰਜਾਬ, ਲੁਧਿਆਣਾ, ਰਾਜਸਥਾਨ ਤੇ ਹੋਰਾਂ ਸੂਬਿਆਂ ’ਚ ਵੱਡੀ ਜਾਇਦਾਦ ਖੜ੍ਹੀ ਕਰ ਲਈ ਹੈ। ਦਾਨ ਦੇ ਪੈਸੇ ਨਾਲ ਖ਼ਰੀਦੀ ਇਹ ਜਾਇਦਾਦ ਸੰਸਥਾ ਦੇ ਨਹੀਂ, ਬਲਕਿ ਕੁਝ ਔਰਤਾਂ ਤੇ ਮਰਦਾਂ ਦੇ ਨਾਮ ’ਤੇ ਖ਼ਰੀਦੀ ਗਈ, ਜਿਸ ਨੂੰ ਲੈ ਕੇ ਸੰਸਥਾ ਪੂਰੀ ਤਰ੍ਹਾਂ ਗੰਭੀਰ ਹੈ।
ਸੋਸ਼ਲ ਮੀਡੀਆ ’ਤੇ ਲਾਈਵ ਹੋਏ ਮਹੰਤ ਦਯਾਸਾਗਰ ਨੇ ਕਿਹਾ ਵਾਇਰਲ ਵੀਡੀਓ ਦੀ ਘਟਨਾ ਨਿੰਦਣਯੋਗ ਹੈ। ਇਸ ਦੇ ਨਾਲ ਗਰੀਬ ਦਾਸ ਪੰਥ ਦਾ ਸੰਤ ਸਮਾਜ ਚਿੰਤਤ ਹੈ। ਉਹ ਖੁਦ ਪਿਛਲੇ ਚਾਰ ਦਿਨ ਤੋਂ ਚਿੰਤਨ ’ਚ ਹਨ। ਉਨ੍ਹਾਂ ਵੀਡੀਓ ਦੇਖ ਕੇ ਸਵਾਮੀ ਨੂੰ ਫੋਨ ਵੀ ਕੀਤਾ ਪਰ ਉਨ੍ਹਾਂ ਵੱਲੋਂ ਇਸ ਬਾਰੇ ਕੁਝ ਸਪੱਸ਼ਟ ਨਹੀਂ ਦੱਸਿਆ ਗਿਆ ਤੇ ਨਾ ਹੀ ਮੁੜ ਇਸ ਮੁੱਦੇ ’ਤੇ ਸੱਚ ਝੂਠ ਸਾਹਮਣੇ ਰੱਖਣ ਲਈ ਕੋਈ ਸੰਪਰਕ ਕੀਤਾ ਗਿਆ। ਉਨ੍ਹਾਂ ਕਿਹਾ ਪਤਾ ਤਾਂ ਇਹ ਵੀ ਲੱਗਾ ਹੈ ਕਿ ਹੋਰ ਵੀਡੀਓ ਵੀ ਹਨ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਇਹ ਸੰਸਥਾ ਦੇ ਮੁਖੀ ਹੋਣ ਦੇ ਨਾਤੇ ਸਵਾਮੀ ਤੇ ਉਨ੍ਹਾਂ ਦੇ ਸੇਵਾਦਾਰਾਂ ਨੂੰ ਤਲਬ ਕਰਨਗੇ ਤਾਂ ਕਿ ਉਨ੍ਹਾਂ ਦਾ ਪੱਖ ਸੁਣਿਆ ਜਾਵੇ। ਉਨ੍ਹਾਂ ਹੋਰਾਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੁਦ ਇਸ ਮਾਮਲੇ ’ਚ ਕੋਈ ਕਾਰਵਾਈ ਨਾ ਕਰਨ, ਕਿਉਂਕਿ ਇਹ ਉਨ੍ਹਾਂ ਦੀ ਸੰਸਥਾ ਦਾ ਮਾਮਲਾ ਹੈ, ਜਿਸ ਲਈ ਸਖਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਪਹਿਲਾਂ ਵੀ ਕਈ ਘਟਨਾਵਾਂ ਚਰਚਾ ’ਚ ਰਹੀਆਂ ਹਨ ਪਰ ਇਸ ਵਾਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ਾਇਦ ਕਿਸੇ ਗਵਾਹੀ ਜਾਂ ਜਾਂਚ ਦੀ ਲੋੜ ਨਹੀਂ ਪਰ ਫਿਰ ਵੀ ਦੋਸ਼ੀ ਪੱਖ ਨੂੰ ਸੁਣਿਆ ਜ਼ਰੂਰ ਜਾਵੇਗਾ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਮੁੱਖ ਸਕੱਤਰ, ਪੰਜਾਬ ਦੇ ਡੀਜੀਪੀ ਤੇ ਲੁਧਿਆਣਾ ਦੇ ਡੀਸੀ ਨੂੰ ਅਪੀਲ ਕੀਤੀ ਕਿ ਡੇਰੇ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਤਾਕਿ ਕਿਸੇ ਤਰ੍ਹਾਂ ਦਾ ਮਾਹੌਲ ਨਾ ਵਿਗੜੇ। ਉਹ ਇਸ ਦੇ ਲਈ ਬਕਾਇਦਾ ਉਨ੍ਹਾਂ ਨੂੰ ਲਿਖਤੀ ਵੀ ਭੇਜਣਗੇ। ਉਨ੍ਹਾਂ ਨਾਲ ਹੀ ਸਵਾਮੀ ਤੇ ਉਨ੍ਹਾਂ ਤੋਂ ਬਾਅਦ ਦੇ ਸੰਤਾਂ ਦੇ ਕਿਸੇ ਤਰ੍ਹਾਂ ਦੇ ਪ੍ਰਚਾਰ ’ਤੇ ਵੀ ਰੋਕ ਲਗਾਉਣ ਦੀ ਅਪੀਲ ਕੀਤੀ।