ਹੁਣ ਕੋਠੇ ਰਾਹਲਾਂ ’ਚ ਅੱਧੀ ਰਾਤ ਨੂੰ ਇਕ ਘਰ ’ਤੇ ਧਾਵਾ ਬੋਲਿਆ
ਹੁਣ ਕੋਠੇ ਰਾਹਲਾਂ ’ਚ ਅੱਧੀ ਰਾਤ ਨੂੰ ਇੱਕ ਘਰ ’ਤੇ ਧਾਵਾ ਬੋਲਿਆ
Publish Date: Mon, 22 Jun 2026 06:49 PM (IST)
Updated Date: Tue, 23 Jun 2026 04:05 AM (IST)

-ਬਾਹਰੋਂ ਘਰ ਦੇ ਅੰਦਰ ਇੱਟਾਂ, ਰੋੜੇ ਹੀ ਨਹੀਂ ਤੇਜਧਾਰ ਹਥਿਆਰ ਵੀ ਸੁੱਟੇ -ਅੱਧੀ ਰਾਤ ਨੂੰ ਪਿੰਡ ਜਾਗਿਆ ਤਾਂ ਮੰਡੀਰ ਭੱਜੀ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਵਿਚ ਅੱਧੀ ਰਾਤ ਨੂੰ ਹਥਿਆਰਬੰਦ ਮੰਡੀਰ ਦੇ ਝੁੰਡ ਦੀ ਦਹਿਸ਼ਤ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ। ਬੀਤੀ ਰਾਤ ਵੀ ਕੋਠੇ ਰਾਹਲਾਂ ’ਚ ਇਸ ਮੰਡੀਰ ਵੱਲੋਂ ਕਿਸੇ ਰੰਜਿਸ਼ ਦੇ ਚੱਲਦਿਆਂ ਇੱਕ ਘਰ ਵਿਚ ਇੱਟਾਂ, ਰੋੜੇ ਅਤੇ ਹਥਿਆਰਾਂ ਨਾਲ ਇਸ ਕਦਰ ਧਾਵਾ ਬੋਲਿਆ ਕਿ ਸਾਰਾ ਇਲਾਕਾ ਦਹਿਸ਼ਤ ਵਿਚ ਆ ਗਿਆ। ਇੱਟਾਂ, ਰੋੜੇ ਅਤੇ ਹਥਿਆਰਾਂ ਦੇ ਨਾਲ ਲਲਕਾਰਦੇ ਇਸ ਝੁੰਡ ਦੀ ਆਵਾਜ਼ਾਂ ਸੁਣ ਕੇ ਪਿੰਡ ਜਾਗਿਆ ਤਾਂ ਮੰਡੀਰ ਭੱਜ ਨਿਕਲੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਮੁਹੱਲਾ ਰਾਣੀ ਵਾਲਾ ਖੂਹ ਵਿਖੇ ਵੀ ਅੱਧੀ ਰਾਤ ਨੂੰ ਦੋ ਗੁੱਟਾਂ ਦੇ ਪੁਰਾਣੇ ਵਿਵਾਦ ਦੇ ਚੱਲਦਿਆਂ ਇੱਕ ਗੁੱਟ ਨੇ ਦੂਸਰੇ ਗੁੱਟ ਦੇ ਨੌਜਵਾਨ ਦੇ ਘਰ ਧਾਵਾ ਬੋਲਿਆ ਸੀ। ਇਸ ਗੁੱਟ ਕੋਲ ਤਲਵਾਰਾਂ, ਡੰਡੇ, ਬੇਸਬਾਲ ਅਤੇ ਹੋਰ ਹਥਿਆਰ ਸਨ। ਸੀਸੀਟੀਵੀ ਫੁਟੇਜ ਅਨੁਸਾਰ ਇਹ 20-25 ਨੌਜਵਾਨਾਂ ਦਾ ਝੁੰਡ ਸੀ, ਜਿਸ ਨੇ ਹਥਿਆਰ ਲਹਿਰਾਉਂਦਿਆਂ ਉਕਤ ਘਰ ’ਤੇ ਇੱਟਾਂ, ਰੋੜੇ ਚਲਾਏ ਸਨ। ਇਸ ਘਟਨਾ ਦੇ 4 ਦਿਨ ਬਾਅਦ ਬੀਤੀ ਰਾਤ ਨੂੰ ਕੋਠੇ ਰਾਹਲਾਂ ’ਚ ਕਿਰਾਏ ਦੇ ਘਰ ਵਿਚ ਰਹਿੰਦੇ ਬੂਟਾ ਸਿੰਘ ਪੁੱਤਰ ਜਗਸੀਰ ਸਿੰਘ ਦੇ ਘਰ ਅੱਧੀ ਰਾਤ ਨੂੰ 20-25 ਮੋਟਰਸਾਈਕਲਾਂ ’ਤੇ ਹਥਿਆਰਾਂ ਨਾਲ ਲੈਸ ਨੌਜਵਾਨਾਂ ਦਾ ਵੱਡਾ ਝੁੰਡ ਆ ਕੇ ਰੁਕਦਾ ਹੈ। ਘਰ ਦੇ ਅੰਦਰ ਰਹਿੰਦੇ ਨੌਜਵਾਨ ਨੂੰ ਲਲਕਾਰਦੇ ਹੋਏ ਬਾਹਰ ਨਿਕਲਣ ਦਾ ਕਹਿ ਕੇ ਘਰ ਦੇ ਕੋਲ ਹੀ ਇੱਕ ਘਰ ਦੇ ਅੱਗੇ ਪਈਆਂ ਇੰਟਰਲੌਕ ਟਾਈਲਾਂ ਚੁੱਕਦੇ ਹਨ ਤੇ ਘਰ ਦੇ ਅੰਦਰ ਅਤੇ ਗੇਟ ’ਤੇ ਮਾਰਨ ਲੱਗ ਜਾਂਦੇ ਹਨ। ਇਹੀ ਨਹੀਂ, ਹੱਥ ਵਿਚ ਫੜੇ ਖੰਡੇ ਅਤੇ ਹੋਰ ਹਥਿਆਰਾਂ ਦੇ ਨਾਲ ਵਾਰ ਕਰਕੇ ਕਈ ਥਾਵਾਂ ਤੋਂ ਗੇਟ ਪਾੜ ਦਿੰਦੇ ਹਨ। ਉਨ੍ਹਾਂ ਵੱਲੋਂ ਇਸ ਦੌਰਾਨ ਦਾਤਰਨੁਮਾ ਹਥਿਆਰ ਘਰ ਦੇ ਅੰਦਰ ਵੀ ਸੁੱਟੇ ਪਰ ਸਹਿਮਿÇਆ ਪਰਿਵਾਰ ਘਰ ਦੇ ਅੰਦਰ ਹੀ ਲੁਕਿਆ ਰਿਹਾ। ਇਸ ਵਾਰਦਾਤ ਦੀ ਉਚੀਂ ਆਵਾਜ਼ਾਂ ਸੁਣ ਕੇ ਪਿੰਡ ਜਾਗਿਆ ਤਾਂ ਇਹ ਹਜੂਮ ਭੱਜ ਨਿਕਲਿਆ। ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਮੌਕੇ ’ਤੇ ਪੁੱਜੀ ਅਤੇ ਜਾਂਚ ਵਿਚ ਜੁਟ ਗਈ ਹੈ। ਜਗਰਾਓਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਇਸ ਘਟਨਾ ਵਿਚ ਪਰਿਵਾਰ ਨੂੰ ਸ਼ਿਕਾਇਤ ਦੇਣ ਲਈ ਕਿਹਾ ਗਿਆ ਹੈ। ਜਿਸ ’ਤੇ ਮੁਕੱਦਮਾ ਦਰਜ ਕੀਤਾ ਜਾਵੇਗਾ। ਦਿਨ ਦਿਹਾੜੇ ਕੱਚਾ ਕਿਲ੍ਹਾ ਦੇ ਇਕ ਘਰ ਦਾ ਗੇਟ ਵੀ ਭੰਨਿਆ ਜਗਰਾਓਂ ਦੇ ਮੁਹੱਲਾ ਕੱਚਾ ਕਿਲਾ ਵਿਖੇ ਇੱਕ ਘਰ ਦੇ ਬਾਹਰ ਆਏ ਅੱਧੀ ਦਰਜਨ ਮੂੰਹ ਬੰਨੇ ਨੌਜਵਾਨਾਂ ਨੇ ਹਥਿਆਰਾਂ ਨਾਲ ਗੇਟ ਭੰਨਣਾ ਸ਼ੁਰੂ ਕਰ ਦਿੱਤਾ। ਘਰ ਵਿਚ ਮੌਜੂਦ ਪਤੀ, ਪਤਨੀ ਨੇ ਉਨ੍ਹਾਂ ਨੂੰ ਅੰਦਰੋਂ ਹੀ ਘਰ ਵਿਚ ਇਕੱਲੇ ਹੋਣ ਦਾ ਕਹਿ ਕੇ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਗੇਟ ’ਤੇ ਹਥਿਆਰਾਂ ਦੇ ਵਾਰ ਕਰਦੇ ਰਹੇ, ਜਿਸ ਕਾਰਨ ਪਰਿਵਾਰ ਦਹਿਸ਼ਤ ਵਿਚ ਆ ਗਿਆ। ਇਸ ਦੌਰਾਨ ਲੋਕ ਇਕੱਠੇ ਹੋਏ ਤਾਂ ਉਕਤ ਸਾਰੇ ਭੱਜ ਗਏ। ਇਸ ਘਟਨਾ ਨੂੰ ਲੈ ਕੇ ਪਰਿਵਾਰ ਦੇ ਨਾਲ ਮੁਹੱਲਾ ਵਾਸੀ ਦਹਿਸ਼ਤ ਵਿਚ ਹਨ।