ਨਵਾਂ ਪੰਜਾਬ ਸਿਰਜਣ ਦਾ ਮੌਕਾ ਹੁਣ ਪੰਜਾਬੀਆਂ ਹੱਥ : ਨਿਤਿਨ ਨਬੀਨ
ਨਿਤਿਨ ਨਬੀਨ ਦਾ ਲੁਧਿਆਣਾ ਪਹੁੰਚਣ ਤੇ ਭਾਜਪਾਈਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ
Publish Date: Sun, 21 Jun 2026 10:27 PM (IST)
Updated Date: Mon, 22 Jun 2026 04:16 AM (IST)

ਲੁਧਿਆਣਾ ਪਹੁੰਚਣ ਤੇ ਭਾਜਪਾਈਆਂ ਨੇ ਕੀਤਾ ਗਰਮਜੋਸ਼ੀ ਨਾਲ ਸਵਾਗਤ ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਤਿੰਨ ਦਿਨਾਂ ਪੰਜਾਬ ਦੌਰੇ ਦੇ ਦੂਜੇ ਦਿਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਗਮ ’ਚ ਸ਼ਿਰਕਤ ਕਰਨ ਤੋਂ ਬਾਅਦ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਪਹੁੰਚਣ ਤੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਵੱਲੋਂ ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਇਕ ਵਿਸ਼ਾਲ ਕਾਫਲੇ ਦੇ ਰੂਪ ਵਿੱਚ ਭਾਜਪਾ ਆਗੂ ਅਤੇ ਵਰਕਰ ਪਾਰਟੀ ਦੇ ਜ਼ਿਲ੍ਹਾ ਦਫਤਰ ਦੁੱਗਰੀ ਰੋਡ ਪੁੱਜੇ, ਜਿੱਥੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਭਾਜਪਾ ਦੇ ਜ਼ਿਲ੍ਹਾ ਦਫਤਰ ਦਾ ਉਦਘਾਟਨ ਕੀਤਾ। ਉਸ ਤੋਂ ਬਾਅਦ ਉਹ ਸਬ-ਸਰਕਲ ਕਾਰਜਕਰਤਾ ਸੰਮੇਲਨ ’ਚ ਚਲੇ ਗਏ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਰਾਜ ਸਭਾ ਮੈਂਬਰ ਤਰੁਣ ਚੁੱਘ, ਭਾਜਪਾ ਪੰਜਾਬ ਦੇ ਖਜਾਨਚੀ ਗੁਰਦੇਵ ਸਰਮਾ ਦੇਬੀ, ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ ਮੌਜੂਦ ਸਨ। ਨਿਤਿਨ ਨਬੀਨ ਨੇ ਕਾਰਜਕਰਤਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਬਣਾਉਣ ਦੀ ਜ਼ਿੰਮੇਵਾਰੀ ਹਰ ਪਾਰਟੀ ਵਰਕਰ ਅਤੇ ਸੂਬੇ ਦੇ ਲੋਕਾਂ ਦੇ ਹੱਥਾਂ ਵਿੱਚ ਹੈ। ਨਬੀਨ ਨੇ ਮੌਜੂਦਾ ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ’ਚ ਬਦਲਾਅ ਤੇ ਰੰਗਲੇ ਪੰਜਾਬ ਦੇ ਸੁਪਨੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਅੱਜ ਉਹ ਹੀ ਲੋਕ ਆਪਣੇ ਫ਼ੈਸਲੇ ’ਤੇ ਪਛਤਾਵਾ ਕਰ ਰਹੇ ਹਨ। ਬਾਕਸ-- ਪੰਜਾਬ ਆਰਥਿਕ ਤੌਰ ਤੇ ਹੋ ਰਿਹਾ ਕਮਜ਼ੋਰ : ਲਾਲਪੁਰਾ ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਆਰਥਿਕ ਤੌਰ ਤੇ ਕਮਜ਼ੋਰ ਹੁੰਦਾ ਜਾ ਰਿਹਾ ਹੈ। ਪੰਜਾਬ ਜੋ ਮਾਲੀਆ ਪੈਦਾ ਕਰਦਾ ਹੈ ਉਹ ਆਪ ਦੇ ਆਪਣੇ ਆਗੂਆਂ ਦੁਆਰਾ ਜੇਬਾਂ ਵਿੱਚ ਪਾਇਆ ਜਾ ਰਿਹਾ ਹੈ। ਸੂਬਾ ਸਰਕਾਰ ਜਨਤਾ ਨੂੰ ਲੁੱਟਣ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਯੁੱਗ ਦੀ ਗੱਲ ਕਰਦੇ ਹਾਂ। ਭਾਜਪਾ ਪੰਜਾਬ ਦੀ ਏਕਤਾ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਪੰਜਾਬ ਅਤੇ ਸਿੱਖ ਭਾਈਚਾਰੇ ਲਈ ਠੋਸ ਕਦਮ ਚੁੱਕੇ ਹਨ। ਬਾਕਸ-- ਭਾਜਪਾ ਨੇ ਗਰੀਬਾਂ ਨੂੰ ਕਈ ਸਹੂਲਤਾਂ ਦਿੱਤੀਆਂ : ਵਿਜੇ ਸਾਂਪਲਾ ਇਸ ਮੌਕੇ ਤੇ ਵਿਜੇ ਸਾਂਪਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕੀ ਅਸੀਂ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਦੇਸ਼ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਗਰੀਬਾਂ ਦਾ ਜੀਵਨ ਉੱਚਾ ਨਹੀਂ ਹੁੰਦਾ। ਭਾਜਪਾ ਨੇ ਗਰੀਬਾਂ ਦਾ ਜੀਵਨ ਉੱਚਾ ਚੁੱਕਣ ਲਈ ਪੱਕੇ ਘਰ, ਮੁਫ਼ਤ ਗੈਸ, ਬਿਜਲੀ ਕੁਨੈਕਸ਼ਨ, ਰਾਸ਼ਨ, ਹਰ ਘਰ ਵਿੱਚ ਟੂਟੀ ਪਾਣੀ ਦੇ ਕੁਨੈਕਸ਼ਨ ਅਤੇ ਮੁਦਰਾ ਯੋਜਨਾ ਦੇ ਲਾਭ ਪ੍ਰਦਾਨ ਕਰਨ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਆਉਣ ਤੇ ਪੰਜਾਬ ਵਿੱਚ ਵੀ ਇਨ੍ਹਾਂ ਯੋਜਨਾਵਾਂ ਤੇ ਤੇਜੀ ਨਾਲ ਕੰਮ ਕੀਤਾ ਜਾਵੇਗਾ। ਬਾਕਸ-- ਹੁਣ ਪੰਜਾਬ ਭਾਜਪਾ ਦੀ ਅਗਵਾਈ ਚਾਹੁੰਦਾ : ਤਰੁਣ ਚੁੱਘ ਤਰੁਣ ਚੁੱਘ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਆਫ਼ਤ ਜਾਂ ਹਫੜਾ-ਦਫੜੀ ਨਹੀਂ ਚਾਹੁੰਦਾ, ਸਗੋਂ ਪੰਜਾਬ ਹੁਣ ਅਮਨ ਸ਼ਾਂਤੀ, ਭਾਈਚਾਰਕ ਸਾਂਝ, ਖੁਸ਼ਹਾਲੀ ਤੇ ਤਰੱਕੀ ਲਈ ਭਾਜਪਾ ਦੀ ਅਗਵਾਈ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੈਂਗਸਟਰਾਂ ਨੂੰ ਖਤਮ ਕਰਨ ਲਈ ਪੰਜਾਬ ਵਿੱਚ ਭਾਜਪਾ ਨੂੰ ਸੱਤਾ ਵਿੱਚ ਲਿਆਉਣਾ ਚਾਹੀਦਾ ਹੈ। ਚੁੱਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਸਾਡਾ ਉਦੇਸ਼ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਸ਼ਾਸਨ ਸਥਾਪਤ ਕਰਨਾ ਅਤੇ ਸੂਬੇ ਵਿੱਚ ਖੁਸ਼ਹਾਲੀ ਲਿਆਉਣਾ ਹੈ। ਬਾਕਸ-- ਕੋਈ ਵੀ ਤਾਕਤ ਭਾਜਪਾ ਨੂੰ ਸਰਕਾਰ ਬਣਾਉਣ ਤੋਂ ਨਹੀਂ ਰੋਕ ਸਕੇਗੀ : ਸ੍ਰੀਨਿਵਾਸੁਲੂ ਸ੍ਰੀਨਿਵਾਸੁਲੂ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਅਗਾਮੀ ਦਿਨਾਂ ਨੂੰ ਦੇਖਦੇ ਹੋਏ ਸਾਰੇ ਪਾਰਟੀ ਵਰਕਰਾਂ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੂੰ ਬੂਥ ਪੱਧਰ ਤੇ ਮਜ਼ਬੂਤ ਕੀਤਾ ਜਾਵੇ ਤਾਂ ਕੋਈ ਵੀ ਤਾਕਤ ਭਾਜਪਾ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਨਹੀਂ ਰੋਕ ਸਕੇਗੀ। ਅਸ਼ਵਨੀ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਿਤਿਨ ਨਬੀਨ ਦਾ ਪੰਜਾਬ ਦੌਰਾ ਯੋਧਿਆਂ ਦੀ ਧਰਤੀ ਪੰਜਾਬ ਦੇ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਨਾਲ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਲੁਧਿਆਣਾ ਪੰਜਾਬ ਦੀ ਆਰਥਿਕ ਰਾਜਧਾਨੀ ਹੈ। ਬਾਕਸ-- ਭਾਜਪਾ ਹੀ ਪੰਜਾਬ ਨੂੰ ਮੁੜ ਖੁਸ਼ਹਲੀ ਤੇ ਵਿਕਾਸ ਦੇ ਰਾਹ ’ਤੇ ਲਿਆ ਸਕਦੀ : ਪ੍ਰਧਾਨ ਕੇਵਲ ਸਿੰਘ ਢਿੱਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਭਾਜਪਾ ਲਈ ਜਸ਼ਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਨਿਤਿਨ ਨਬੀਨ ਦੀ ਅਗਵਾਈ ਹੇਠ ਬੰਗਾਲ ਵਿੱਚ ਸਰਕਾਰ ਬਣਾਈ ਤੇ ਹੁਣ ਪੰਜਾਬ ਵਿੱਚ ਵੀ ਤਿਆਰੀ ਤੇਜ ਕਰ ਦਿੱਤੀ ਹੈ। ਭਾਜਪਾ ਨੇ ਵਰਕਰਾਂ ਦੀ ਮਿਹਨਤ ਨਾਲ ਪਿਛਲੇ 12 ਸਾਲਾਂ ਵਿੱਚ ਬਹੁਤ ਕੁਝ ਪ੍ਰਾਪਤ ਕੀਤਾ ਹੈ। ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਿਕਸਤ ਭਾਰਤ ਵੱਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਨੂੰ ਮੁੜ ਤੋਂ ਖੁਸ਼ਹਲੀ ਤੇ ਵਿਕਾਸ ਦੇ ਰਾਹ ਤੇ ਭਾਜਪਾ ਹੀ ਲਿਆ ਸਕਦੀ ਹੈ।