ਟਿਊਸ਼ਨ ਲਈ ਘਰੋਂ ਨਿਕਲੀ 9ਵੀਂ ਦੀ ਵਿਦਿਆਰਥਣ ਲਾਪਤਾ, ਕਈ ਦਿਨਾਂ ਬਾਅਦ ਵੀ ਸੁਰਾਗ ਨਹੀਂ; ਨਾਜਾਇਜ਼ ਹਿਰਾਸਤ ਦਾ ਸ਼ੱਕ
ਪੁਲਿਸ ਵੱਲੋਂ ਵਿਦਿਆਰਥਣ ਦੇ ਟਿਊਸ਼ਨ ਜਾਣ ਵਾਲੇ ਰਸਤੇ ਅਤੇ ਆਸ-ਪਾਸ ਦੇ ਇਲਾਕੇ 'ਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ, ਤਾਂ ਜੋ ਘਰੋਂ ਨਿਕਲਣ ਤੋਂ ਬਾਅਦ ਉਸ ਦੀਆਂ ਗਤੀਵਿਧੀਆਂ ਸਬੰਧੀ ਕੋਈ ਅਹਿਮ ਸੁਰਾਗ ਮਿਲ ਸਕੇ। ਵਿਦਿਆਰਥਣ ਦੀ ਭਾਲ ਲਈ ਪੁਲਿਸ ਵੱਲੋਂ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।
Publish Date: Wed, 07 Oct 2026 01:35 PM (IST)
Updated Date: Wed, 07 Oct 2026 01:37 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਨਿਊ ਗੁਰੂ ਅੰਗਦ ਕਲੋਨੀ ਇਲਾਕੇ 'ਚ ਟਿਊਸ਼ਨ ਪੜ੍ਹਨ ਲਈ ਘਰੋਂ ਗਈ 9ਵੀਂ ਜਮਾਤ ਦੀ ਕਰੀਬ 14 ਸਾਲਾ ਨਾਬਾਲਗ ਵਿਦਿਆਰਥਣ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਈ ਦਿਨ ਬੀਤਣ ਦੇ ਬਾਵਜੂਦ ਵਿਦਿਆਰਥਣ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਪਿਤਾ ਨੇ ਸ਼ੱਕ ਜਤਾਇਆ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਨਿੱਜੀ ਸਵਾਰਥ ਲਈ ਨਾਬਾਲਗ ਲੜਕੀ ਨੂੰ ਨਾਜਾਇਜ਼ ਹਿਰਾਸਤ 'ਚ ਕਿਤੇ ਲੁਕਾ ਕੇ ਰੱਖਿਆ ਹੋ ਸਕਦਾ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਲੜਕੀ ਦੇ ਪਿਤਾ ਨੇ ਦੱਸਿਆ ਕਿ 23 ਸਤੰਬਰ ਨੂੰ ਉਸ ਦੀ ਕਰੀਬ 14 ਸਾਲ ਦੀ ਬੇਟੀ ਟਿਊਸ਼ਨ ਪੜ੍ਹਨ ਲਈ ਘਰੋਂ ਗਈ ਸੀ, ਪਰ ਇਸ ਤੋਂ ਬਾਅਦ ਉਹ ਵਾਪਸ ਨਹੀਂ ਆਈ। ਪਰਿਵਾਰ ਵੱਲੋਂ ਕਾਫੀ ਭਾਲ ਕਰਨ ਦੇ ਬਾਵਜੂਦ ਜਦੋਂ ਉਸ ਦਾ ਕੋਈ ਪਤਾ ਨਹੀਂ ਲੱਗਾ ਤਾਂ ਮਾਮਲਾ ਪੁਲਿਸ ਦੇ ਧਿਆਨ 'ਚ ਲਿਆਂਦਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 127(6) ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਵਿਦਿਆਰਥਣ ਦੇ ਟਿਊਸ਼ਨ ਜਾਣ ਵਾਲੇ ਰਸਤੇ ਅਤੇ ਆਸ-ਪਾਸ ਦੇ ਇਲਾਕੇ 'ਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ, ਤਾਂ ਜੋ ਘਰੋਂ ਨਿਕਲਣ ਤੋਂ ਬਾਅਦ ਉਸ ਦੀਆਂ ਗਤੀਵਿਧੀਆਂ ਸਬੰਧੀ ਕੋਈ ਅਹਿਮ ਸੁਰਾਗ ਮਿਲ ਸਕੇ। ਵਿਦਿਆਰਥਣ ਦੀ ਭਾਲ ਲਈ ਪੁਲਿਸ ਵੱਲੋਂ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਵਿਦਿਆਰਥਣ ਖੁਦ ਕਿਤੇ ਗਈ ਹੈ ਜਾਂ ਕਿਸੇ ਵਿਅਕਤੀ ਵੱਲੋਂ ਉਸ ਨੂੰ ਆਪਣੇ ਕਬਜ਼ੇ 'ਚ ਰੱਖਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਅਹਿਮ ਸੁਰਾਗ ਸਾਹਮਣੇ ਆਉਣ ਦੀ ਉਮੀਦ ਹੈ।