ਡਿਜੀਟਲ ਅਰੈਸਟ ਦੇ ਨਾਂ 'ਤੇ 20 ਲੱਖ ਦੀ ਠੱਗੀ ਕਰਨ ਵਾਲਾ ਮੁੱਖ ਮੁਲਜ਼ਮ ਕਾਬੂ, ਡਿਜ਼ੀਟਲ ਅਰੈਸਟ ਦੇ ਨਾਂ 'ਤੇ 20 ਲੱਖ ਦੀ ਠੱਗੀ ਕਰਨ ਵਾਲਾ ਮੁੱਖ ਮੁਲਜ਼ਮ ਕਾਬੂ, ਸਾਈਬਰ ਗਿਰੋਹ ਦੇ ਨੈੱਟਵਰਕ ਦੀ ਜਾਂਚ ਤੇਜ਼
Publish Date: Sat, 11 Jul 2026 08:11 PM (IST)
Updated Date: Sun, 12 Jul 2026 04:15 AM (IST)
ਸਾਈਬਰ ਗਿਰੋਹ ਦੇ ਨੈੱਟਵਰਕ ਦੀ ਜਾਂਚ ਤੇਜ਼ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਡਿਜੀਟਲ ਅਰੈਸਟ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਸਾਈਬਰ ਗਿਰੋਹਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਲੁਧਿਆਣਾ ਸਾਈਬਰ ਕ੍ਰਾਈਮ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇੱਕ ਸੀਨੀਅਰ ਸਿਟੀਜ਼ਨ ਨਾਲ ਕਰੀਬ 20 ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਦਾ ਦਾਇਰਾ ਲਗਾਤਾਰ ਵਧਾਇਆ ਜਾ ਰਿਹਾ ਹੈ। ਸਾਈਬਰ ਕ੍ਰਾਈਮ ਦੇ ਇੰਚਾਰਜ ਸਤਬੀਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਸਾਜ਼ਿਸ਼ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਗਿਰੋਹ ਨੇ ਪਹਿਲਾਂ ਸੀਨੀਅਰ ਸਿਟੀਜ਼ਨ ਨਾਲ ਸੰਪਰਕ ਕਰਕੇ ਆਪਣੇ ਆਪ ਨੂੰ ਸਰਕਾਰੀ ਏਜੰਸੀ ਦਾ ਅਧਿਕਾਰੀ ਦੱਸਿਆ ਅਤੇ ਉਸ ਨੂੰ ਡਿਜ਼ੀਟਲ ਅਰੈਸਟ ਹੋਣ ਦਾ ਡਰ ਦਿਖਾਇਆ। ਲਗਾਤਾਰ ਦਬਾਅ ਅਤੇ ਮਾਨਸਿਕ ਡਰ ਦਾ ਮਾਹੌਲ ਬਣਾਉਂਦੇ ਹੋਏ ਪੀੜਤ ਨੂੰ ਇਹ ਯਕੀਨ ਦਿਵਾਇਆ ਗਿਆ ਕਿ ਜੇਕਰ ਉਹ ਤੁਰੰਤ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇਸੇ ਡਰ ਦਾ ਫਾਇਦਾ ਚੁੱਕਦੇ ਹੋਏ ਮੁਲਜ਼ਮਾਂ ਨੇ ਕਰੀਬ 20 ਲੱਖ ਰੁਪਏ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਆਪਣੇ ਕਬਜ਼ੇ ਵਿੱਚ ਕਰਵਾ ਲਏ। ਸਤਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਕਨੀਕੀ ਅਤੇ ਵਿੱਤੀ ਜਾਂਚ ਦੌਰਾਨ ਪੁਲਿਸ ਨੇ ਡਿਜੀਟਲ ਟ੍ਰੇਲ, ਬੈਂਕਿੰਗ ਲੈਣ-ਦੇਣ ਅਤੇ ਹੋਰ ਇਲੈਕਟ੍ਰਾਨਿਕ ਸਬੂਤਾਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ। ਇਸ ਦੇ ਆਧਾਰ ਤੇ ਮੁੱਖ ਮੁਲਜ਼ਮ ਦੀ ਪਛਾਣ ਕੀਤੀ ਗਈ ਅਤੇ ਉਸ ਦੀ ਲੋਕੇਸ਼ਨ ਟਰੇਸ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਛਾਪੇਮਾਰੀ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਉਸ ਤੋਂ ਗਿਰੋਹ ਦੇ ਹੋਰ ਮੈਂਬਰਾਂ, ਠੱਗੀ ਦੀ ਰਕਮ ਦੀ ਵੰਡ, ਵਰਤੇ ਗਏ ਬੈਂਕ ਖਾਤਿਆਂ, ਮੋਬਾਈਲ ਨੰਬਰਾਂ ਅਤੇ ਡਿਜ਼ੀਟਲ ਮਾਧਿਅਮਾਂ ਬਾਰੇ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਟੀਮ ਇਹ ਵੀ ਪਤਾ ਲਗਾ ਰਹੀ ਹੈ ਕਿ ਇਸ ਗਿਰੋਹ ਨੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਾਂ ਨਹੀਂ। ਸਤਬੀਰ ਸਿੰਘ ਨੇ ਕਿਹਾ ਕਿ ਮਾਮਲੇ ਨਾਲ ਸਬੰਧਤ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਰਾਜਾਂ ’ਚ ਛਾਪੇਮਾਰੀ ਜਾਰੀ ਹੈ। ਇਸ ਦੇ ਨਾਲ ਹੀ ਕੇਸ ਨਾਲ ਜੁੜੇ ਡਿਜੀਟਲ ਸਬੂਤਾਂ, ਬੈਂਕ ਰਿਕਾਰਡ ਤੇ ਹੋਰ ਤਕਨੀਕੀ ਜਾਣਕਾਰੀ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਸਾਈਬਰ ਨੈੱਟਵਰਕ ਦਾ ਪਰਦਾਫਾਸ਼ ਕਰ ਕੇ ਇਸ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ। ਬਾਕਸ-- ਪੁਲਿਸ ਨੇ ਲੋਕਾਂ ਨੂੰ ਕੀਤੀ ਅਪੀਲ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਆਪਣੇ ਆਪ ਨੂੰ ਪੁਲਿਸ, ਸੀਬੀਆਈ, ਈਡੀ, ਇਨਕਮ ਟੈਕਸ ਜਾਂ ਕਿਸੇ ਹੋਰ ਸਰਕਾਰੀ ਏਜੰਸੀ ਦਾ ਅਧਿਕਾਰੀ ਦੱਸ ਕੇ ਡਿਜੀਟਲ ਅਰੈਸਟ ਜਾਂ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਜਾਂਦੀ ਹੈ ਤਾਂ ਉਹ ਘਬਰਾਉਣ ਦੀ ਬਜਾਏ ਤੁਰੰਤ ਸਾਈਬਰ ਕ੍ਰਾਈਮ ਪੁਲਿਸ ਨਾਲ ਸੰਪਰਕ ਕਰਨ। ਕਿਸੇ ਵੀ ਅਣਜਾਣ ਵਿਅਕਤੀ ਦੇ ਕਹਿਣ ਤੇ ਬੈਂਕ ਖਾਤੇ ’ਚ ਰਕਮ ਟਰਾਂਸਫਰ ਨਾ ਕੀਤੀ ਜਾਵੇ ਕਿਉਂਕਿ ਡਿਜੀਟਲ ਅਰੈਸਟ ਦੇ ਨਾਂ ਤੇ ਕੀਤੀ ਜਾ ਰਹੀ ਠੱਗੀ ਸਾਈਬਰ ਅਪਰਾਧੀਆਂ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਇੱਕ ਨਵਾਂ ਅਤੇ ਖ਼ਤਰਨਾਕ ਤਰੀਕਾ ਬਣ ਚੁੱਕਾ ਹੈ।