ਭਾਈ ਖਾਲੜਾ ਦੇ ਜੀਵਨ ਅਧਾਰਿਤ ਫ਼ਿਲਮ ‘ਸਤਲੁਜ’ 'ਤੇ ਰੋਕ ਲਾਉਣ ਦਾ ਵਿਰੋਧ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਭਾਈ ਖਾਲੜਾ ਦੇ ਜੀਵਨ ਅਧਾਰਿਤ ਫ਼ਿਲਮ ਸਤਲੁਜ 'ਤੇ ਰੋਕ ਲਗਾਉਣ ਦਾ ਵਿਰੋਧ
Publish Date: Sat, 11 Jul 2026 08:04 PM (IST)
Updated Date: Sun, 12 Jul 2026 04:13 AM (IST)
ਫਿਲਮ ’ਤੇ ਰੋਕ ਲਾਉਣ ਕਰ ਕੇ ਪੰਜਾਬੀਆਂ ’ਚ ਭਾਰੀ ਰੌਸ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਅਧਾਰਿਤ ਬਣੀ ਫ਼ਿਲਮ ਸਤਲੁਜ ਨੂੰ ਦਿਖਾਉਣ ’ਤੇ ਰੋਕ ਲਾਉਣ ’ਤੇ ਜਥੇਬੰਦੀਆਂ ਨੇ ਨਿੰਦਾ ਕੀਤੀ ਹੈ। ਆਪਣਾ ਪ੍ਰਤੀਕਰਮ ਦਿੰਦਿਆਂ ਗੁਰਦੁਆਰਾ ਗੁਰ ਗਿਆਨ ਵਿਹਾਰ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖ਼ਾਲਸਾ ਨੇ ਕਿਹਾ ਕਿ ਕਸ਼ਮੀਰ ਫਾਈਲਜ਼, ਕੇਰਲਾ ਸਟੋਰੀਜ਼, ਗੋਧਰਾ ਕਾਂਡ ਜਾਂ ਅਜਿਹੀਆਂ ਹੋਰ ਫਰਜ਼ੀ ਕਹਾਣੀਆਂ ਉਤੇ ਆਧਾਰਿਤ ਫ਼ਿਲਮਾਂ ਦਿਖਾਈਆਂ ਜਾ ਸਕਦੀਆਂ ਹਨ, ਤਾਂ ਫਿਰ ਸਿੱਖਾਂ ਅਥਵਾ ਪੰਜਾਬੀਆਂ ਨਾਲ ਵਾਪਰੀਆਂ ਸੱਚੀਆਂ ਘਟਨਾਵਾਂ ਬਾਰੇ ਬਣੀ ਫ਼ਿਲਮ ਸਤਲੁਜ ਤੇ ਰੋਕ ਕਿਉਂ ਲਗਾਈ ਗਈ ਹੈ। ਸਰਕਾਰ ਇਸ ਫ਼ਿਲਮ ਨੂੰ ਵੀ ਸਿਨੇਮਾ ਘਰਾਂ ਅਤੇ ਰਾਜਨੀਤਕ ਸਟੇਜਾਂ ਉਪਰ ਵਿਖਾਉਣ ਦਾ ਪ੍ਰਬੰਧ ਕਰੇ। ਭਾਈ ਖਾਲੜਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮਨੁੱਖੀ ਅਧਿਕਾਰ ਸੰਗਠਨ ਦੇ ਸਰਗਰਮ ਆਗੂ ਸਨ, ਉਹ ਕੋਈ ਸਰਕਾਰ ਖ਼ਿਲਾਫ਼ ਹਥਿਆਰ ਚੁੱਕ ਕੇ ਲੜਾਈ ਨਹੀ ਲੜ੍ਹ ਰਹੇ ਸਨ। ਭਾਈ ਖਾਲੜਾ ਆਪਣੀ ਬੈਂਕ ਦੀ ਨੌਕਰੀ ਛੱਡਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੰਮ ਕਰ ਰਹੇ ਸਨ। ਇਸ ਕਰਕੇ ਉਹ ਸਿੱਖ ਨੌਜਵਾਨਾਂ ਉਤੇ ਢਾਹੇ ਜਾ ਰਹੇ ਤਸ਼ੱਦਦ ਅਤੇ ਸਮੁੱਚੇ ਅਪਰਾਧਾਂ ਤੋਂ ਚੰਗੀ ਤਰਾਂ ਵਾਕਿਫ ਸਨ। 1980 ਅਤੇ 1990 ਦੇ ਦਹਾਕੇ ਦੌਰਾਨ ਸਰਕਾਰੀ ਹਿੰਸਾ ਚ’ ਲਾਪਤਾ ਹੋਏ ਹਜਾਰਾਂ ਨੌਜਵਾਨਾਂ ਦੀ ਭਾਲ ਕਰਦੇ ਹੋਏ। ਉਨ੍ਹਾਂ ਨੇ ਪੰਜਾਬ ਪੁਲਿਸ ਵੱਲੋਂ ਅਣਪਛਾਤੀਆਂ ਲਾਸ਼ਾਂ ਦੇ ਕੀਤੇ ਗਏ ਗੈਰ-ਕਾਨੂੰਨੀ ਸਸਕਾਰ ਅਤੇ ਕਤਲਾਂ ਦੇ ਸਬੂਤਾਂ ਦਾ ਪਰਦਾਫਾਸ਼ ਕੀਤਾ। ਪੁਲਿਸ ਵਲੋਂ 25000 ਤੋਂ ਵੱਧ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਕੇ ਉਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ ਸੀ। ਇਸ ਬੇ-ਇਨਸਾਫ਼ੀ ਅਤੇ ਸਰਕਾਰੀ ਜ਼ੁਲਮ ਬਾਰੇ ਭਾਈ ਖਾਲੜਾ ਨੇ ਕੈਨੇਡਾ, ਬਰਤਾਨੀਆ ਸਮੇਤ ਹੋਰ ਦੇਸ਼ਾਂ ਦਾ ਦੌਰਾ ਕੀਤਾ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਜਾਣੂ ਕਰਵਾਇਆ। ਪੰਜਾਬ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਸਿੱਖ ਨੌਜਵਾਨਾਂ ਉਪਰ ਹੋ ਰਹੇ ਅੱਤਿਆਚਾਰ ਖਿਲਾਫ ਆਵਾਜ ਉਠਾਉਣ ਕਰਕੇ 6 ਸਤੰਬਰ 1995 ਨੂੰ ਪੰਜਾਬ ਪੁਲਿਸ ਨੇ ਉਨ੍ਹਾ ਨੂੰ ਘਰ ਤੋਂ ਅਗਵਾ ਕਰ ਲਿਆ ਅਤੇ ਪੁਲਿਸ ਹਿਰਾਸਤ ਵਿੱਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਜਵੱਦੀ ਟਕਸਾਲ ਦੇ ਮੁਖੀ ਤੇ ਫੈਡਰੇਸ਼ਨ ਦੇ ਸਮੂਹ ਆਗੂਆਂ ਵੱਲੋਂ ਇਹ ਮੰਗ ਕੀਤੀ ਗਈ ਕਿ ਭਾਈ ਜਸਵੰਤ ਸਿੰਘ ਖਾਲੜਾ ਦੀਆਂ ਸ਼ਹੀਦ ਹੋਏ ਸਿੱਖ ਨੌਜਵਾਨਾਂ ਦੇ ਪ੍ਰਤੀ ਕੀਤੀਆਂ ਖੋਜ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਰਤਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਭਾਈ ਖਾਲੜਾ ਕੋਈ ਦੇਸ਼ ਵਿਰੋਧੀ ਗਤੀਵਿਧੀ ਕਰਨ ਵਿੱਚ ਸ਼ਾਮਲ ਨਹੀਂ ਸੀ। ਉਨ੍ਹਾਂ ਸਿਰਫ਼ ਪੰਜਾਬ ਅੰਦਰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਲੋਕਤੰਤਰਿਕ ਤਰੀਕੇ ਨਾਲ ਆਵਾਜ ਉਠਾਈ ਸੀ। ਇਹ ਕਹਿਣਾ ਕਿ ਇਸ ਫ਼ਿਲਮ ਨੂੰ ਵਿਖਾਏ ਜਾਣ ਨਾਲ ਪੰਜਾਬ ਦੇ ਹਾਲਾਤ ਖ਼ਰਾਬ ਹੋਣਗੇ। ਮੰਨਣਯੋਗ ਗੱਲ ਨਹੀ ਹੈ ਸਗੋਂ ਉਲਟਾ ਇਸ ਫ਼ਿਲਮ ਨਾਂ ਦਿਖਾਏ ਜਾਣ ਕਰਕੇ ਲੋਕਾਂ ਵਿੱਚ ਰੋਸ ਵੱਧ ਰਿਹਾ ਹੈ ਇਹ ਪੰਜਾਬੀਆਂ ਨਾਲ ਹੋਰ ਬੇਇਨਸਾਫ਼ੀ ਹੈ। ਅਸੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਸਤਲੁਜ ਫ਼ਿਲਮ ਨੂੰ ਜਲਦ ਸਿਨੇਮਾ ਘਰਾਂ ਵਿੱਚ ਦਿਖਾਇਆ ਜਾਵੇ, ਤਾਂ ਜੋ ਸੱਚ ਸਾਹਮਣੇ ਆਵੇ ਲੋਕਾਂ ਅੰਦਰ ਸਰਕਾਰ ਵਿਰੁੱਧ ਵੱਧ ਰਿਹਾ ਰੋਸ ਸ਼ਾਂਤ ਹੋਵੇ।ਇਸ ਮੌਕੇ ਸਕੱਤਰ ਜਨਰਲ ਭਾਈ ਬਲਜੀਤ ਸਿੰਘ ਬੀਤਾ, ਸੁਖਮਿੰਦਰ ਸਿੰਘ ਗਰੇਵਾਲ ਆਦਿ ਵੀ ਹਾਜ਼ਰ ਸਨ।