ਕਿਸਾਨ ਜ਼ਮੀਨਾਂ ’ਤੇ ਜਬਰੀ ਕਬਜ਼ੇ ਨਹੀ ਹੋਣ ਦੇਣਗੇ ਕਿਸਾਨ ਜ਼ਮੀਨਾਂ ਉੱਤੇ ਜਬਰੀ ਕਬਜ਼ੇ ਨਹੀ ਹੋਣ ਦੇਣਗੇ
Publish Date: Sat, 04 Jul 2026 10:00 PM (IST)
Updated Date: Sun, 05 Jul 2026 04:09 AM (IST)
ਬਿੰਨੀ ਡੇਹਲੋ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ ਪੰਜਾਬ ਦੀ ਸੂਬਾ ਸਰਕਾਰ ਵੱਲੋਂ ਮੁੜ ਲਿਆਂਦੀ ਜਾ ਰਹੀ ਸੋਧੀ ਹੋਈ ਲੈਡ ਪੂਲਿੰਗ ਨੀਤੀ ਦਾ ਵਿਰੋਧ ਕਰਦਿਆਂ ਕਿਸਾਨ ਆਗੂਆਂ ਨੇ ਆਖਿਆ ਕਿ ਇਹ ਕਾਰਪੋਰੇਟ ਪੱਖੀ ਨੀਤੀ ਰਾਂਹੀ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ।” ਇਸ ਸਬੰਧੀ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੇ ਚੋਣਵੇਂ ਆਗੂਆਂ ਦੀ ਮੀਟਿੰਗ ਸਭਾ ਦੇ ਪਿੰਡ ਕਿਲ੍ਹਾ ਰਾਏਪੁਰ ਵਿਖੇ ਸਥਿਤ ਦਫਤਰ ਵਿੱਚ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਦਫ਼ਤਰ ਸਕੱਤਰ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਇਲਾਕਾ ਕਮੇਟੀ ਦੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਸਿੰਘ ਮਾਨ ਦੀ ਸੂਬਾ ਸਰਕਾਰ ਲੋਕਾਂ ਵੱਲੋ ਰੱਦ ਕੀਤੀ ਗਈ ਲੈਂਡ ਪੂਲਿੰਗ ਨੀਤੀ ਨੂੰ ਮੁੜ ਸੋਧਾਂ ਕਰਕੇ ਲਾਗੂ ਕਰਨਾ ਚਾਹੁੰਦੀ ਹੈ, ਜਦਕਿ ਕਿਸਾਨ ਇਸ ਨੀਤੀ ਨੂੰ ਪਹਿਲਾਂ ਹੀ ਸਿਰੇ ਤੋਂ ਨਕਾਰ ਚੁੱਕੇ ਹਨ ਅਤੇ ਸਰਕਾਰ ਨੂੰ ਲੋਕਾਂ ਦੇ ਵੱਡੇ ਵਿਰੋਧ ਕਾਰਨ ਇਸ ਨੀਤੀ ਨੂੰ ਵਾਪਸ ਲੈਣਾ ਪਿਆ ਸੀ ਪਰ ਕਾਰਪੋਰੇਟਾਂ ਦੇ ਦਬਾਅ ਹੇਠ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਇਸ ਸੋਧੀ ਹੋਈ ਨੀਤੀ ਨੂੰ ਲੋਕ ਲਾਗੂ ਨਹੀ ਹੋਣ ਦੇਣਗੇ ਅਤੇ ਸਰਕਾਰ ਵੱਲੋ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਜਬਰੀ ਕਬਜ਼ੇ ਦੀਆਂ ਕੋਸ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਨੀਤੀ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਦੀ ਰਾਏਪੁਰ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਦੇ ਪ੍ਰਧਾਨ ਹਰਭਜਨ ਸਿੰਘ ਗਰੇਵਾਲ ਅਤੇ ਸਭਾ ਦੇ ਸੂਬਾ ਆਗੂ ਸੁਰਜੀਤ ਸਿੰਘ ਸੀਲੋਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਯੂਰੀਏ ਖਾਦ ਦੀ ਆ ਰਹੀ ਕਿਲਤ ਨੂੰ ਦੂਰ ਕੀਤਾ ਜਾਵੇ ਅਤੇ ਸੁਸਾਇਟੀਆਂ ਵਿੱਚ ਖਾਦ ਦੀ ਸਪਲਾਈ ਹੋਰ ਤੇਜ਼ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਦੀਆਂ ਦਵਾਈਆਂ, ਬੀਜਾਂ, ਖਾਦਾਂ ਵਾਲੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਨਕਲੀ ਸਮਾਨ ਵੇਚਣ ਅਤੇ ਖਾਦਾਂ ਤੇ ਦਵਾਈਆਂ ਨਾਲ ਵਾਧੂ ਸਮਾਨ ਜਬਰੀ ਦੇਣ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਮਲਕੀਤ ਸਿੰਘ ਗਰੇਵਾਲ, ਪੰਚ ਸਰਬਪ੍ਰੀਤ ਸਿੰਘ ਕਿਲ੍ਹਾ ਰਾਏਪੁਰ ਸਮੇਤ ਵੱਡੀ ਗਿਣਤੀ ’ਚ ਕਿਸਾਨ ਆਗੂ ਹਾਜ਼ਰ ਸਨ।