ਸੂਬਾ ਸਰਕਾਰ ਕੀਤੇ ਕੰਮਾਂ ਦਾ ਹਿਸਾਬ ਵੀ ਦੇਵੇ : ਸੈਣੀ
ਨਸ਼ਾ ਰੋਕਣ ਲਈ ਸਿਰਫ਼ ਮੁਹਿੰਮਾਂ ਨਹੀਂ, ਸੂਬਾ ਸਰਕਾਰ ਕੀਤੇ ਕੰਮਾਂ ਦਾ ਹਿਸਾਬ ਵੀ ਦੇਵੇ–ਸੈਣੀ
Publish Date: Sun, 28 Jun 2026 07:30 PM (IST)
Updated Date: Mon, 29 Jun 2026 04:07 AM (IST)

ਕਿਹਾ- ਕਬੀਰ ਸਾਹਿਬ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਮਨੁੱਖਤਾ ਦਾ ਰਾਹ ਦਿਖਾਉਂਦੀਆਂ ਨੇ ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਤਾਜ਼ਾ135ਵੇ ਐਪੀਸੋਡ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨਾਲ ਬੈਠ ਕੇ ਪ੍ਰਧਾਨ ਮੰਤਰੀ ਦਾ ਮਹੀਨਾਵਾਰੀ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਸੁਣਨ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਸੂਬੇ ਅਤੇ ਦੇਸ਼ ਦੀ ਤਰੱਕੀ ਲਈ ਸ਼ਾਨਦਾਰ ਕੰਮ ਕਰਕੇ ਦੂਜਿਆਂ ਲਈ ਪ੍ਰੇਰਣਾ ਬਣਨ ਦਾ ਜਜ਼ਬਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਮਹੀਨੇ ਦੇਸ਼ ਵਾਸੀਆਂ ਨਾਲ ਜੁੜ ਕੇ ਸਮਾਜ ਸੇਵਾ, ਨਵੀਨਤਾਕਾਰੀ ਅਤੇ ਰਾਸ਼ਟਰ ਨਿਰਮਾਣ ਨਾਲ ਸੰਬੰਧਿਤ ਪ੍ਰੇਰਣਾਦਾਇਕ ਉਦਾਹਰਣਾਂ ਸਾਂਝੀਆਂ ਕਰਦੇ ਹਨ। ਪੰਜਾਬ ਸਰਕਾਰ ਵੱਲੋਂ ਨਸ਼ਾ ਛੱਡਣ ਵਾਲੇ ਵਿਅਕਤੀਆਂ ਲਈ ਸ਼ੁਰੂ ਕੀਤੇ ਗਏ ਸੁਰਮਾ ਖਿਤਾਬ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਸ਼ਾ ਮੁਕਤੀ ਲਈ ਕੀਤੀ ਜਾਣ ਵਾਲੀ ਹਰ ਪਹਿਲ ਸ਼ਲਾਘਾਯੋਗ ਹੈ। ਪਰ ਇਸ ਦੇ ਨਾਲ-ਨਾਲ ਸਰਕਾਰ ਦਾ ਇਹ ਵੀ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਪਿੱਠ ਥਪਥਪਾਉਣ ਦੀ ਬਜਾਏ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਦੌਰਾਨ ਨਸ਼ਿਆਂ ਖ਼ਿਲਾਫ਼ ਕੀਤੇ ਅਸਲ ਕੰਮਾਂ ਦਾ ਹਿਸਾਬ ਵੀ ਲੋਕਾਂ ਸਾਹਮਣੇ ਰੱਖੇ। ਉਨ੍ਹਾਂ ਸਵਾਲ ਉਠਾਇਆ ਕਿ ਕੀ ਪੰਜਾਬ ਸਰਕਾਰ ਨੇ ਕਦੇ ਜਨਤਕ ਤੌਰ ਤੇ ਇਹ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਨਸ਼ਿਆਂ ਕਾਰਨ ਕਿੰਨੇ ਨੌਜਵਾਨਾਂ ਦੀਆਂ ਜਾਨਾਂ ਗਈਆਂ, ਕਿੰਨੀਆਂ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਹੋਈਆਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕਿੰਨੀ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਰਫ਼ ਨਵੀਆਂ ਯੋਜਨਾਵਾਂ ਹੀ ਨਹੀਂ, ਸਗੋਂ ਉਨ੍ਹਾਂ ਦੇ ਨਤੀਜਿਆਂ ਬਾਰੇ ਵੀ ਜਾਣਕਾਰੀ ਮਿਲਣੀ ਚਾਹੀਦੀ ਹੈ। ਇਸ ਮੌਕੇ ਨਾਇਬ ਸਿੰਘ ਸੈਣੀ ਇੱਕ ਸਮਾਜਿਕ ਸੰਸਥਾ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਵੀ ਸ਼ਾਮਲ ਹੋਏ। ਉਨ੍ਹਾਂ ਮਹਾਨ ਸਮਾਜ ਸੁਧਾਰਕ ਸਦਗੁਰੂ ਕਬੀਰ ਸਾਹਿਬ ਦੀ ਜਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾ ਅਤੇ ਸਤਿਕਾਰ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕਬੀਰ ਸਾਹਿਬ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਸੱਚ, ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦਾ ਰਾਹ ਦਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਸੰਤਾਂ ਦੇ ਵਿਚਾਰਾਂ ਨੂੰ ਅਪਣਾ ਕੇ ਹੀ ਸਮਾਜ ਵਿੱਚ ਸਦਭਾਵਨਾ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਤੇ ਬੁਲਾਰੇ ਅਨਿਲ ਸਰੀਨ, ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ, ਭਾਜਪਾ ਨੇਤਰੀ ਕਨਿਕਾ ਜਿੰਦਲ, ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ, ਸੁਖਵਿੰਦਰ ਸਿੰਘ ਬਿੰਦਰਾ, ਅਮਰੀਕ ਸਿੰਘ ਆਲੀਵਾਲ ਵੀ ਹਾਜ਼ਰ ਸਨ।