2 ਰੋਜ਼ਾ ਗੋਡਿਆਂ ਦੀਆਂ ਬਿਮਾਰੀਆਂ ਸਬੰਧੀ ਕੈਂਪ ਸਮਾਪਤ
ਕਲਿਆਣ ਹਸਪਤਾਲ ਵਿੱਚ ਲਗਾਇਆ ਦੋ ਰੋਜ਼ਾ ਗੋਡਿਆਂ ਦੀਆਂ ਬਿਮਾਰੀਆਂ ਸਬੰਧੀ ਕੈਂਪ ਸਮਾਪਤ
Publish Date: Sun, 28 Jun 2026 07:24 PM (IST)
Updated Date: Mon, 29 Jun 2026 04:05 AM (IST)

ਸੈਂਕੜੇ ਮਰੀਜ਼ਾਂ ਨੇ ਲਿਆ ਲਾਹਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਬਾਬਾ ਥਾਨ ਸਿੰਘ ਚੌਂਕ ਦੇ ਨਜ਼ਦੀਕ, ਡਿਵੀਜ਼ਨ ਨੰਬਰ-3 ਸਥਿਤ ਕਲਿਆਣ ਹਸਪਤਾਲ ਵਿਖੇ ਗੋਡਿਆਂ ਦੀਆਂ ਬਿਮਾਰੀਆਂ ਸਬੰਧੀ ਲਗਾਇਆ ਗਿਆ ਦੋ ਰੋਜ਼ਾ ਵਿਸ਼ੇਸ਼ ਜਾਂਚ ਅਤੇ ਸਲਾਹ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ। ਕੈਂਪ ਦੌਰਾਨ ਸੈਂਕੜੇ ਮਰੀਜ਼ਾਂ ਨੇ ਮੁਫ਼ਤ ਜਾਂਚ ਕਰਵਾ ਕੇ ਹੱਡੀਆਂ ਅਤੇ ਗੋਡਿਆਂ ਦੀਆਂ ਸਮੱਸਿਆਵਾਂ ਸਬੰਧੀ ਮਾਹਿਰ ਡਾਕਟਰਾਂ ਤੋਂ ਸਲਾਹ ਪ੍ਰਾਪਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਕਲਿਆਣ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਸਪਾਈਨ ਅਤੇ ਰਿਬੋਟਿਕ ਤਕਨੀਕ ਨਾਲ ਗੋਡੇ ਤੇ ਚੂਲੇ ਬਦਲਣ ਦੇ ਪ੍ਰਸਿੱਧ ਸਰਜਨ ਡਾ. ਰਜਿੰਦਰ ਸਿੰਘ ਕਲਿਆਣ ਨੇ ਦੱਸਿਆ ਕਿ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਅਜਿਹੇ ਮਰੀਜ਼ ਸਾਹਮਣੇ ਆਏ, ਜਿਨ੍ਹਾਂ ਦੇ ਗੋਡਿਆਂ ਦੇ ਜੋੜਾਂ ਵਿੱਚ ਕਾਰਟਿਲੇਜ (ਜਿਸ ਨੂੰ ਆਮ ਬੋਲਚਾਲ ਵਿੱਚ ਗ੍ਰੀਸ ਕਿਹਾ ਜਾਂਦਾ ਹੈ) ਘਿਸ ਚੁੱਕੀ ਸੀ। ਇਸ ਤੋਂ ਇਲਾਵਾ ਕਈ ਮਰੀਜ਼ਾਂ ਦੇ ਗੋਡਿਆਂ ਦੀਆਂ ਹੱਡੀਆਂ ਵਿੱਚ ਕਸਾਅ ਅਤੇ ਜੋੜਾਂ ਨਾਲ ਸੰਬੰਧਿਤ ਹੋਰ ਸਮੱਸਿਆਵਾਂ ਵੀ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕੀਤੇ ਗਏ ਬੋਨ ਮਿਨਰਲ ਡੈਨਸਿਟੀ (ਬੀਐਮਡੀ) ਟੈਸਟਾਂ ਵਿੱਚ ਵੀ ਕਈ ਮਰੀਜ਼ਾਂ ਦੀ ਹੱਡੀਆਂ ਦੀ ਘਣਤਾ ਆਮ ਪੱਧਰ ਤੋਂ ਘੱਟ ਪਾਈ ਗਈ। ਉਨ੍ਹਾਂ ਕਿਹਾ ਕਿ ਬੀਐਮਡੀ ਘੱਟ ਹੋਣ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਹਲਕੀ ਜਿਹੀ ਸੱਟ ਜਾਂ ਡਿੱਗਣ ਨਾਲ ਵੀ ਫ੍ਰੈਕਚਰ ਹੋਣ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ। ਡਾ. ਕਲਿਆਣ ਨੇ ਕਿਹਾ ਕਿ ਅਸੰਤੁਲਿਤ ਖੁਰਾਕ, ਜੰਕ ਫੂਡ ਤੇ ਫਾਸਟ ਫੂਡ ਦਾ ਵੱਧ ਸੇਵਨ, ਸਰੀਰਕ ਕਸਰਤ ਦੀ ਘਾਟ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਹੱਡੀਆਂ ਨੂੰ ਕਮਜ਼ੋਰ ਬਣਾਉਣ ਦੇ ਮੁੱਖ ਕਾਰਨ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਦਾ ਬਣਿਆ ਸੰਤੁਲਿਤ ਤੇ ਪੌਸ਼ਟਿਕ ਭੋਜਨ ਖਾਣ, ਦੁੱਧ, ਦਹੀਂ, ਹਰੀਆਂ ਸਬਜ਼ੀਆਂ ਅਤੇ ਕੈਲਸ਼ੀਅਮ-ਭਰਪੂਰ ਆਹਾਰ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣ। ਇਸ ਦੇ ਨਾਲ-ਨਾਲ ਨਿਯਮਿਤ ਸੈਰ ਅਤੇ ਹਲਕੀ-ਫੁਲਕੀ ਕਸਰਤ ਕਰਕੇ ਹੱਡੀਆਂ ਨੂੰ ਮਜ਼ਬੂਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਗੋਡਿਆਂ ਵਿੱਚ ਲਗਾਤਾਰ ਦਰਦ, ਸੋਜ ਜਾਂ ਤੁਰਨ-ਫਿਰਨ ਵਿੱਚ ਦਿੱਕਤ ਮਹਿਸੂਸ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਸਮੇਂ ਸਿਰ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਤਾਂ ਜੋ ਬਿਮਾਰੀ ਦਾ ਇਲਾਜ ਸ਼ੁਰੂਆਤੀ ਪੜਾਅ ਵਿੱਚ ਹੀ ਕੀਤਾ ਜਾ ਸਕੇ।