- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਜਾਗਰਣ ਦੇ ਸਮਾਗਮ ਵਿੱਚ ਸ਼ਹਿਰ ਵਾਸੀਆਂ ਨੇ ਕੀਤਾ ਯੋਗਾ

ਅਭਿਆਸੀ ਯੋਗਾ ਦੇ ਰੰਗਾਂ ’ਚ ਮਸਤ ਹੋ ਕੇ ਹੱਸਦੇ ਨਜ਼ਰ ਆਏ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵੱਲੋਂ ਸਤਲੁਜ ਕਲੱਬ ਵਿਖੇ ਇੱਕ ਯੋਗਾ ਸਮਾਗਮ ਕਰਵਾਇਆ। ਸ਼ਹਿਰ ਦੇ ਵੱਖ-ਵੱਖ ਵਰਗਾਂ ਨੇ ਯੋਗਾ ਸਮਾਗਮ ’ਚ ਸ਼ਾਮਲ ਹੋ ਕੇ ਸਮੂਹਿਕ ਰੂਪ ’ਚ ਯੋਗਾ ਕੀਤਾ। ਯੋਗਾ ਲਾਈਫਸਟਾਈਲ ਕਲੀਨਿਕ ਦੇ ਯੋਗਾ ਮਾਹਿਰ ਅਮਿਤ ਆਹੂਜਾ ਨੇ ਆਪਣੀ ਟੀਮ ਨਾਲ ਯੋਗ ਆਸਣ ਤੇ ਪ੍ਰਾਣਾਯਾਮ ਕੀਤੇ। ਦੈਨਿਕ ਜਾਗਰਣ ਦੇ ਪੰਜਾਬ ਤੇ ਚੰਡੀਗੜ੍ਹ ਦੇ ਸਥਾਨਕ ਸੰਪਾਦਕ ਅਮਿਤ ਸ਼ਰਮਾ ਮੁੱਖ ਮਹਿਮਾਨ ਸਨ। ਸਤਲੁਜ ਕਲੱਬ ਦੇ ਖੇਡ ਸਕੱਤਰ ਸ਼ੁਲਭਾ ਜਿੰਦਲ, ਸੱਭਿਆਰਕ ਸਕੱਤਰ ਹਰਕੇਸ਼ ਜਿੰਦਲ ਤੇ ਕਲੱਬ ਦੇ ਹੋਰ ਮੈਂਬਰ ਵੀ ਮੌਜੂਦ ਸਨ।
ਸਵੇਰੇ 6 ਵਜੇ ਸ਼ੁਰੂ ਹੋਇਆ ਇਹ ਪ੍ਰੋਗਰਾਮ ਸਵੇਰੇ 8 ਵਜੇ ਸਮਾਪਤ ਹੋਇਆ। ਦੋ ਘੰਟੇ ਤੱਕ ਮਾਹੌਲ ਯੋਗ ’ਚ ਮਗਨ ਰਿਹਾ। ਸਾਰਿਆਂ ਨੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਉਤਸ਼ਾਹ ਨਾਲ ਵੱਖ-ਵੱਖ ਆਸਣ ਕੀਤੇ। ਪਹਿਲੇ ਸੈਸ਼ਨ ’ਚ ਮੰਤਰਾਂ ਦਾ ਜਾਪ, ਮਹਾਮ੍ਰਿਤਯੁੰਜਯ ਅਤੇ ਗਾਇਤਰੀ ਮੰਤਰਾਂ ਦਾ ਜਾਪ ਸ਼ਾਮਲ ਸੀ। ਇਸ ਤੋਂ ਬਾਅਦ ਯੋਗਾ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਸੂਖਮ ਅਭਿਆਸ ਕੀਤੇ ਗਏ। ਪਾਚਨ ਪ੍ਰਣਾਲੀ ਨੂੰ ਸੁਧਾਰਨ ਲਈ ਪੰਜ ਆਸਣ ਤਾਡਾਸਨ, ਤ੍ਰਿਯਕ ਤਾਡਾਸਨ, ਕਟੀਚਕ੍ਰਾਸਨ, ਤ੍ਰਿਯਕ ਭੁਜੰਗਾਸਨ ਤੇ ਉਦਰਾਕਰਸ਼ਨਾਸਨ ਕੀਤੇ ਗਏ ।
ਉੱਥੇ ਪ੍ਰਾਣਾਯਾਮ ਅਤੇ ਮੁਦਰਾਵਾਂ ਵੀ ਕੀਤੀਆਂ ਗਈਆਂ। ਇਨ੍ਹਾਂ ’ਚ ਨਾਡੀ ਖੋਜਨ ਪ੍ਰਾਣਾਯਾਮ, ਭਸਤਰੀਕਾ, ਕਪਾਲਭਾਤੀ, ਭਰਮਰੀ ਪ੍ਰਾਣਾਯਾਮ ਤੇ ਵੱਖ-ਵੱਖ ਯੋਗ ਆਸਨ ਸ਼ਾਮਲ ਸਨ। ਇਸ ਦੌਰਾਨ ਚਿਹਰੇ ਦੇ ਯੋਗਾ, ਹਾਸੇ ਯੋਗਾ ਤੇ ਦਿਲ ਦੇ ਯੋਗਾ ਰਾਹੀਂ ਸਿਹਤਮੰਦ ਦਿਲ ਨੂੰ ਬਣਾਈ ਰੱਖਣ ਦੀਆਂ ਤਕਨੀਕਾਂ ਸਿਖਾਈਆਂ ਗਈਆਂ। ਇਸ ਨਾਲ ਇੱਕ ਖੁਸ਼ੀ ਭਰਿਆ ਮਾਹੌਲ ਬਣਿਆ। ਹਾਸੇ ਯੋਗਾ ਦੌਰਾਨ ਹਾਸਾ ਲੱਗਭਗ 10 ਮਿੰਟ ਤੱਕ ਜਾਰੀ ਰਿਹਾ। ਇਸ ਯੋਗ ਅਭਿਆਸ ਨੇ ਹਾਸੇ ਤੇ ਮੁਸਕਰਾਹਟ ਨਾਲ ਜ਼ਿੰਦਗੀ ਜਿਊਣ ਦਾ ਸੰਦੇਸ਼ ਦਿੱਤਾ।
ਬਾਕਸ--
ਯੋਗਾ ਸਿਹਤਮੰਦ ਤੇ ਸੰਤੁਲਿਤ ਜੀਵਨ ਜਿਊਣ ਦੀ ਕਲਾ : ਆਹੂਜਾ
ਯੋਗ ਮਾਹਿਰ ਅਮਿਤ ਆਹੂਜਾ ਨੇ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ’ਚ ਯੋਗਾ ਸਿਰਫ਼ ਇੱਕ ਕਸਰਤ ਨਹੀਂ ਹੈ ਸਗੋਂ ਇੱਕ ਸਿਹਤਮੰਦ ਤੇ ਸੰਤੁਲਿਤ ਜੀਵਨ ਜਿਊਣ ਦੀ ਕਲਾ ਹੈ। ਯੋਗਾ ਸਰੀਰ, ਮਨ ਤੇ ਆਤਮਾ ਨੂੰ ਜੋੜਦਾ ਹੈ। ਨਿਯਮਤ ਯੋਗਾ ਅਭਿਆਸ ਸਰੀਰ ਨੂੰ ਲਚਕਦਾਰ, ਮਜ਼ਬੂਤ ਬਣਾਉਂਦਾ ਹੈ ਤੇ ਤਣਾਅ ਨੂੰ ਘਟਾਉਂਦਾ ਹੈ। ਯੋਗਾ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਲਈ ਕਿਸੇ ਵਿਸ਼ੇਸ਼ ਉਪਕਰਣ ਜਾਂ ਵਾਧੂ ਖਰਚ ਦੀ ਲੋੜ ਨਹੀਂ ਹੁੰਦੀ। ਰੋਜ਼ਾਨਾ ਕੁੱਝ ਸਮਾਂ ਯੋਗਾ ਲਈ ਸਮਰਪਿਤ ਕਰ ਕੇ ਇੱਕ ਵਿਅਕਤੀ ਸਰੀਰਕ, ਮਾਨਸਿਕ ਤੇ ਭਾਵਨਾਤਮਕ ਤੌਰ ’ਤੇ ਮਜ਼ਬੂਤ ਬਣ ਸਕਦਾ ਹੈ।
ਬਾਕਸ--
ਡਾ. ਵਨੀਤ ਦੁੱਗਲ ਨੇ ਜਿੰਦਗੀ ਜਿਊਣ ਦੇ ਗੁਰ ਦੱਸੇ
ਯੋਗਾ ਸਮਾਗਮ ਦੌਰਾਨ ਨੇਵਾ ਗਾਰਮੈਂਟਸ ਦੇ ਐੱਮਡੀ ਡਾ. ਵਿਨੀਤ ਦੁੱਗਲ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਯੋਗ ਅਭਿਆਸੀਆਂ ਨੂੰ ਸੰਬੋਧਨ ਕਰਦਿਆਂ ਡਾ. ਦੁੱਗਲ ਨੇ ਵਧੀਆ ਜ਼ਿੰਦਗੀ ਜਿਊਣ ਦੇ ਗੁਰ ਦੱਸੇ। ਉਨ੍ਹਾਂ ਨੇ ਮੰਚ ’ਤੇ ਵੱਖ-ਵੱਖ ਆਸਨ ਵੀ ਕਰ ਕੇ ਦਿਖਾਏ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਧੀਆ ਜ਼ਿੰਦਗੀ ਜਿਉਣ ਲਈ ਆਪਣੇ ਸਰੀਰ ਤੇ ਆਤਮਾ ਦਾ ਖਿਆਲ ਰੱਖਣਾ ਚਾਹੀਦਾ ਹੈ। ਇਨਾਂ ਦੋਵਾਂ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ।
ਬਾਕਸ
ਯੋਗਾ ਸਮਾਗਮ ਕਰਵਾਉਣ ਲਈ ਇਨ੍ਹਾਂ ਨੇ ਪਾਇਆ ਯੋਗਦਾਨ
ਯੋਗਾ ਸਮਾਗਮ ਕਰਵਾਉਣ ਲਈ ਕਈ ਕੰਪਨੀਆਂ ਤੇ ਧਿਰਾਂ ਨੇ ਯੋਗਦਾਨ ਪਾਇਆ। ਰਾਲਕੋ ਗਰੁੱਪ ਇਸ ਸਮਾਗਮ ਦਾ ਮੁੱਖ ਸਪਾਂਸਰ ਸੀ। ਇਸ ਤੋਂ ਇਲਾਵਾ ਨੇਵਾ ਗਾਰਮੈਂਟਸ, ਬੈਰੀਲੀਕੋ ਇੰਸਟੀਚਿਊਟ, ਵੇਦਾਂਸ਼ ਹੋਲਿਸਟਿਕ ਹੈਲਥ ਸੈਂਟਰ, ਨੌਰਦਰਨ ਹੁੰਡਈ, ਦਿ ਮੈਜਿਕ ਹੋਮ, ਉਡਾਨ ਮੀਡੀਆ, ਕੁਆਲਿਟੀ ਸਟੋਰ ਸਪਾਂਸਰ ਸਨ। ਇਸ ਤੋਂ ਇਲਾਵਾ ਬੈਰੀਲੀਕੋ ਇੰਸਟੀਚਿਊਟ ਤੋਂ ਸੁਨੀਲ ਨੰਦਾ, ਵੇਦਾਂਸ਼ ਹੋਲਿਸਟਿਕ ਹੈਲਥ ਸੈਂਟਰ ਤੋਂ ਡਾ. ਪ੍ਰਸ਼ਾਂਤ ਯਾਦਵ, ਸ਼ਨੀ ਯਾਦਵ ਤੇ ਜਾਨ੍ਹਵੀ ਦੇ ਨਾਲ, ਨੌਰਦਰਨ ਹੁੰਡਈ ਤੋਂ ਅਕਸ਼ੈ ਸ਼ਰਮਾ, ਅਮਿਤ ਜੌਲੀ ਤੇ ਹਰਮੀਤ ਸਿੰਘ, ਦਿ ਮੈਜਿਕ ਹੋਮ ਤੋਂ ਹਿਤੇਸ਼ ਟਾਂਗਰੀ, ਉਡਾਨ ਮੀਡੀਆ ਤੋਂ ਜੀਐੱਸ ਢਿੱਲੋਂ, ਕੁਆਲਿਟੀ ਸਟੋਰ ਤੋਂ ਇੰਦਰਪਾਲ ਵਿਸ਼ੇਸ਼ ਤੌਰ ’ਤੇ ਪਹੁੰਚੇ।