ਯੋਗ ਨੂੰ ਜੀਵਨ ਦੇ ਇੱਕ ਢੰਗ ਵਜੋਂ ਅਪਣਾਉਣ ਲਈ ਕੀਤਾ ਉਤਸ਼ਾਹਿਤ
ਕੇਸੀਡਬਲਯੂ ਵਿਖੇ ‘ਸਿਹਤਮੰਦ ਉਮਰ ਲਈ ਯੋਗ’ ਵਿਸ਼ੇ ’ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
Publish Date: Sun, 21 Jun 2026 08:17 PM (IST)
Updated Date: Mon, 22 Jun 2026 04:13 AM (IST)

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਖਾਲਸਾ ਕਾਲਜ ਲੜਕੀਆਂ ਸਿਵਲ ਲਾਇਨਜ਼ ਲੁਧਿਆਣਾ ਨੇ 3 ਪੰਜਾਬ ਗਰਲਜ਼ ਬਟਾਲੀਅਨ ਐੱਨਸੀਸੀ ਲੁਧਿਆਣਾ ਦੇ ਸਹਿਯੋਗ ਨਾਲ 12ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਬਹੁਤ ਉਤਸ਼ਾਹ ਤੇ ਭਾਵਨਾ ਨਾਲ ਮਨਾਇਆ। ਇਹ ਸਮਾਗਮ ਐੱਨਸੀਸੀ ਵਿਭਾਗ, ਐੱਨਐੱਸਐੱਸ ਤੇ ਕਾਲਜ ਦੇ ਯੋਗਾ ਕਲੱਬ ਵੱਲੋਂ ‘ਸਿਹਤਮੰਦ ਉਮਰ ਲਈ ਯੋਗ’ ਵਿਸ਼ੇ ਤਹਿਤ ਕਰਵਾਇਆ ਗਿਆ ਸੀ। ਇਹ ਸਮਾਗਮ ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ, ਐਸੋਸੀਏਟ ਐੱਨਸੀਸੀ ਅਫਸਰ ਕੈਪਟਨ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ’ਚ ਡਾ. ਪਰਮਜੀਤ ਕੌਰ, ਡਾ. ਸੁਖਜੀਤ ਕੌਰ (ਐੱਨਐੱਸਐੱਸ ਇੰਚਾਰਜ) ਤੇ ਮਨਦੀਪ ਕੌਰ, ਮੁਖੀ ਸਰੀਰਕ ਸਿੱਖਿਆ ਵਿਭਾਗ, ਕਰਨਲ ਆਰਐੱਸ ਚੌਹਾਨ (ਕਮਾਂਡਿੰਗ ਅਫਸਰ, 3 ਪੀਬੀ ਗਰਲਜ਼ ਬਾਂਡੀ ਐੱਨਸੀਸੀ ਲੁਧਿਆਣਾ) ਨੇ ਇਸ ਮੌਕੇ ਸ਼ਿਰਕਤ ਕੀਤੀ। ਯੋਗਾ, ਭਾਰਤ ਦਾ ਮਨੁੱਖਤਾ ਨੂੰ ਪ੍ਰਾਚੀਨ ਤੋਹਫ਼ਾ, ਸਰੀਰਕ ਤੰਦਰੁਸਤੀ, ਮਾਨਸਿਕ ਤੰਦਰੁਸਤੀ, ਭਾਵਨਾਤਮਕ ਸੰਤੁਲਨ ਅਤੇ ਅਧਿਆਤਮਿਕ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਇੱਕ ਸਿਹਤਮੰਦ ਤੇ ਸਰਗਰਮ ਜੀਵਨ ਸ਼ੈਲੀ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਗਾ ਕੀਤਾ ਗਿਆ। ਮਹਿਮਾਨ ਮਿਸ ਰਾਜ (ਯੋਗਿਨੀ, ਯੋਗਾ ਤੇ ਬੰਜੀ ਸਟੂਡੀਓ ਦੀ ਸੰਸਥਾਪਕ ਅਤੇ ਨਿਰਦੇਸ਼ਕ) ਦੀ ਅਗਵਾਈ ਹੇਠ ਵਿਦਿਆਰਥੀਆਂ ਤੇ ਭਾਈਚਾਰੇ ਵਿੱਚ ਯੋਗ ਦੇ ਫਾਇਦਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਸਮੂਹਿਕ ਯੋਗਾ ਸੈਸ਼ਨ ਕੀਤਾ ਗਿਆ। ਮਾਹਿਰਾਂ ਦੀ ਅਗਵਾਈ ਹੇਠ ਤ੍ਰਿਕੋਣਾਸਨ, ਮਕਰਾਨਾਸਨ, ਸ਼ਵਾਸਨ, ਸਰਵੰਗਾਸਨ, ਪ੍ਰਾਣਾਯਾਮ ਅਤੇ ਧਿਆਨ ਅਭਿਆਸਾਂ ਦੇ ਨਾਲ-ਨਾਲ ਸੈਸ਼ਨ ਨੇ ਜੀਵਨ ਦੇ ਹਰ ਪੜਾਅ ’ਤੇ ਸਰੀਰਕ ਸਿਹਤ, ਮਾਨਸਿਕ ਸ਼ਾਂਤੀ, ਲਚਕਤਾ ਤੇ ਸਮੁੱਚੀ ਤੰਦਰੁਸਤੀ ਬਣਾਈ ਰੱਖਣ ’ਚ ਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਪ੍ਰੋਗਰਾਮ ਨੇ ਭਾਗੀਦਾਰਾਂ ਨੂੰ ਇੱਕ ਸਿਹਤਮੰਦ ਤੇ ਸੰਤੁਲਿਤ ਜੀਵਨ ਸ਼ੈਲੀ ਲਈ ਯੋਗ ਨੂੰ ਨਿਯਮਤ ਅਭਿਆਸ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ। ਸਮਾਗਮ ਦੇ ਦੂਜੇ ਭਾਗ ਵਿੱਚ ਬ੍ਰਹਮਾ ਕੁਮਾਰੀ ਮੋਨਿਕਾ ਅਤੇ ਕੋਮਲ ਗੁਪਤਾ ਨੇ ਧਿਆਨ ਦੀ ਸ਼ਕਤੀ ਰਾਹੀਂ ਨਿੱਜੀ ਪਰਿਵਰਤਨ ਤੇ ਭਾਸ਼ਣ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਇਸ ਸਮਾਗਮ ਦੇ ਪ੍ਰਬੰਧ ਵਿੱਚ ਐਨਸੀਸੀ ਵਿਭਾਗ ਅਤੇ ਯੋਗਾ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਯੋਗ ਨੂੰ ਜੀਵਨ ਦੇ ਇੱਕ ਢੰਗ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ। ਸਮਾਗਮ ਦਾ ਅੰਤ ਯੋਗ ਨੂੰ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਕਰਨ ਅਤੇ ਇੱਕ ਸੁਚੱਜੇ ਜੀਵਨ ਲਈ ਇਸਦੇ ਲਾਭਾਂ ਨੂੰ ਉਤਸ਼ਾਹਿਤ ਕਰਨ ਦੇ ਵਾਅਦੇ ਨਾਲ ਹੋਇਆ।