‘ਚਿੱਟੇ’ ’ਤੇ ਮੱਚੀ ਹਾਹਾਕਾਰ, ਨੱਥੋਵਾਲ ਅਤੇ ਮੁੱਲਾਂਪੁਰ ’ਚ ਜਨਤਾ ਆਈ ਐਕਸ਼ਨ ’ਚ ‘ਚਿੱਟੇ’ ਤੇ ਮੱਚੀ ਹਾਹਾਕਾਰ, ਨੱਥੋਵਾਲ ਅਤੇ ਮੁੱਲਾਂਪੁਰ ’ਚ ਜਨਤਾ ਆਈ ‘ਐਕਸ਼ਨ’ ’ਚ
Publish Date: Mon, 13 Jul 2026 06:23 PM (IST)
Updated Date: Mon, 13 Jul 2026 06:33 PM (IST)
- ਗੱਲ ਪੁਲਿਸ ਕੋਲ ਪੁੱਜੀ ਤਾਂ ਹੋਈ ਕਾਰਵਾਈ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸੱਕਰਾਂ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਰ ਇਨ੍ਹਾਂ ਦਾਅਵਿਆਂ ’ਚ ਹੀ ‘ਚਿੱਟੇ’ ਨੂੰ ਲੈ ਕੇ ਰੋਜ ਕਿਤੇ ਨਾ ਕਿਤੇ ਹਾਹਾਕਾਰ ਮੱਚੀ ਹੋਈ ਹੈ। ਇਸੇ ਤਰ੍ਹਾਂ ਦਾ ਰਾਏਕੋਟ ਦੇ ਪਿੰਡ ਲੋਹਟਬੱਦੀ ਅਤੇ ਮੁੱਲਾਂਪੁਰ ਵਿਚ ਚਿੱਟੇ ਦੇ ਰਾਮ ਰੌਲੇ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਪਿੰਡ ਨੱਥੋਵਾਲ ਵਿਚ ਲੋਕਾਂ ਨੇ ਚਿੱਟਾ ਹੀ ਨਹੀਂ, ਹਰ ਤਰ੍ਹਾਂ ਦਾ ਨਸ਼ਾ ਵੇਚਣ ਵਾਲੇ ਦੋ ਨੌਜਵਾਨਾਂ ਨੂੰ ਰੰਗੇਂ ਹੱਥੀ ਕਾਬੂ ਕੀਤਾ। ਇਸੇ ਤਰ੍ਹਾਂ ਮੁੱਲਾਂਪੁਰ ਦੇ ਇੱਕ ਵਸਨੀਕ ਨੇ ਸ਼ਰੇਆਮ ਚਿੱਟਾ ਅਤੇ ਪਾਬੰਦੀਸ਼ੁਦਾ ਗੋਲੀਆਂ, ਕੈਪਸੂਲ ਵਿਕਣ ਦੇ ਦਾਅਵੇ ਕੀਤੇ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਸਚਾਈ ਸਾਹਮਣੇ ਆਉਣ ’ਤੇ ਪੁਲਿਸ ਨੇ ਵੀ ਕਾਰਵਾਈ ਕੀਤੀ। ਰਾਏਕੋਟ ਦੇ ਪਿੰਡ ਨੱਥੋਵਾਲ ’ਚ ਪਿੰਡ ਦੇ ਲੋਕਾਂ ਨੇ ਇੱਕ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੂੰ ਕਾਬੂ ਕੀਤਾ। ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਚਿੱਟਾ, ਪਾਬੰਦੀਸ਼ੁਦਾ ਗੋਲੀਆਂ ਅਤੇ ਹੋਰ ਨਸ਼ਾ ਮਿਲਿਆ ਤਾਂ ਸਭ ਹੈਰਾਨ ਸਨ। ਇਨ੍ਹਾਂ ਵਿਚੋਂ ਇੱਕ ਨੌਜਵਾਨ ਪਿੰਡ ਦਾ ਅਤੇ ਦੂਸਰਾ ਚੱਕ ਭਾਈਕੇ ਦਾ ਰਹਿਣ ਵਾਲਾ ਸੀ। ਪਿੰਡ ਦੇ ਸਰਪੰਚ ਸ਼ਵਿੰਦਰ ਸਿੰਘ ਨੇ ਕਿਹਾ ਕਿ ਇਹ ਦੋਵੇਂ ਗਾਹਕਾਂ ਦੀ ਡਿਮਾਂਡ ਅਨੁਸਾਰ ਉਨ੍ਹਾਂ ਦੀ ਪਸੰਦ ਦਾ ਨਸ਼ਾ ਸਪਲਾਈ ਕਰਦੇ ਸਨ। ਇਹ ਦੋਵੇਂ ਵੀ ਨਸ਼ੇ ਦੇ ਆਦੀ ਹਨ, ਜਿਨ੍ਹਾਂ ਨੂੰ ਅਜੇ ਪੁਲਿਸ ਹਵਾਲੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਪਿਛਲੇ ਦਿਨੀਂ ਕਈ ਚੋਰੀਆਂ ਹੋਈਆਂ ਹਨ, ਜਿਸ ’ਤੇ ਪੁਲਿਸ ਇਨ੍ਹਾਂ ਕੋਲੋਂ ਪੁੱਛਗਿੱਛ ਕਰੇ। ਇਸ ਸਬੰਧੀ ਥਾਣਾ ਹਠੂਰ ਦੇ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਕਤ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਨ੍ਹਾਂ ਦਾ ਇੱਕ ਹੋਰ ਸਾਥੀ ਕਾਬੂ ਕੀਤਾ ਗਿਆ ਹੈ। ਜਦਕਿ ਚੌਥਾ ਇੱਕ ਹੋਰ ਸਾਥੀ ਫ਼ਰਾਰ ਹੈ, ਦੀ ਗ੍ਰਿਫ਼ਤਾਰੀ ਲਈ ਵੀ ਛਾਪਾਮਾਰੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਮੁੱਲਾਂਪੁਰ ਦੇ ਵਸਨੀਕ ਸੱਜਣ ਬਾਂਸਲ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੁੰਦਿਆਂ ਮੁੱਲਾਂਪੁਰ ਦੇ ਰੇਲਵੇ ਸਟੇਸ਼ਨ ਨੇੜੇ ਨਸ਼ੇ ਦਾ ਕਾਰੋਬਾਰ ਧੜੱਲੇ ਨਾਲ ਚੱਲਣ ਦਾ ਦਾਅਵਾ ਕਰਦਿਆਂ ਕਈ ਨਾਮ ਵੀ ਜਨਤਕ ਕੀਤੇ। ਜਿਸ ਵਿਚ ਉਸ ਦੇ ਰਿਸ਼ਤੇਦਾਰ ਦਾ ਨਾਮ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਦਾ ਇਹ ਗਰੁੱਪ ਪਹਿਲਾਂ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਨੂੰ ਨਸ਼ਿਆਂ ਦਾ ਆਦੀ ਬਣਾਉਂਦਾ ਹੈ ਅਤੇ ਫਿਰ ਨਸ਼ੇ ਵਿਕਾਉਂਦਾ ਵੀ ਹੈ। ਇਸ ਦੇ ਸੋਸ਼ਲ ਮੀਡੀਆ ’ਤੇ ਲਾਈਵ ਹੋਣ ਤੋਂ ਬਾਅਦ ਮੁੱਲਾਂਪੁਰ ਦਾਖਾ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਕਈ ਨੌਜਵਾਨਾਂ ਨੂੰ ਨਸ਼ਿਆਂ ਸਮੇਤ ਕਾਬੂ ਕੀਤਾ। ਇਸ ਸਬੰਧੀ ਮੁੱਲਾਂਪੁਰ ਦੇ ਡੀਐੱਸਪੀ ਕਰਨ ਸਿੰਘ ਸੰਧੂ ਨੇ ਕਿਹਾ ਕਿ ਬਾਕੀ ਨੌਜਵਾਨਾਂ ਨੂੰ ਵੀ ਕਾਬੂ ਕਰਨ ਲਈ ਛਾਪਾਮਾਰੀ ਚੱਲ ਰਹੀ ਹੈ।