- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਸੁਧਾਰ ਟਰੱਸਟ ਨੇ 2026-27 ਲਈ ਜਾਇਦਾਦਾਂ ਦੀ ਰਿਜ਼ਰਵ ਕੀਮਤ ਨੂੰ ਦਿੱਤੀ ਮਨਜ਼ੂਰੀ

-ਸਿਟੀ ਸੈਂਟਰ ਇਲਾਕੇ ਦੀ ਸੁਰੱਖਿਆ ਲਈ ਚੇਅਰਮੈਨ ਭਿੰਡਰ ਵੱਲੋਂ ਨਿਰਦੇਸ਼ ਜਾਰੀ
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ. ਲੁਧਿਆਣਾ :
ਨਗਰ ਸੁਧਾਰ ਟਰੱਸਟ ਨੇ ਸ਼ਹਿਰ ਦੀਆਂ ਸਕੀਮਾਂ ਦੇ ਵਿਕਾਸ ਕੰਮਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਆਪਣੀਆਂ ਵੱਖ-ਵੱਖ ਵਿਕਾਸ ਸਕੀਮਾਂ ਅਧੀਨ ਆਉਣ ਵਾਲੀਆਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਲਈ ਸਾਲ 2026-27 ਦੀ ਰਿਜ਼ਰਵ ਕੀਮਤ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਅੱਜ ਟਰੱਸਟ ਦੀ ਇਕੱਤਰਤਾ ਦੌਰਾਨ ਲਿਆ, ਜਿਸ ਤੋਂ ਬਾਅਦ ਪ੍ਰਵਾਨ ਕੀਤੀਆਂ ਦਰਾਂ ਨੂੰ ਅੰਤਿਮ ਮਨਜ਼ੂਰੀ ਲਈ ਪੰਜਾਬ ਸਰਕਾਰ ਕੋਲ ਭੇਜ ਦਿੱਤਾ ਗਿਆ ਹੈ।
ਇਸ ਸਬੰਧੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਇਹ ਰਿਜ਼ਰਵ ਕੀਮਤਾਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਤੈਅ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਟਰੱਸਟ ਦੀਆਂ ਜਾਇਦਾਦਾਂ ਦੀ ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਵਿਕਰੀ ਯਕੀਨੀ ਬਣੇਗੀ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਵੀ ਹੋਰ ਗਤੀ ਮਿਲੇਗੀ।
ਇਸ ਤੋਂ ਬਾਅਦ ਚੇਅਰਮੈਨ ਭਿੰਡਰ ਨੇ 475 ਏਕੜ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਥਿਤ ਸਿਟੀ ਸੈਂਟਰ ਵਾਲੀ ਸਾਈਟ ਦਾ ਦੌਰਾ ਕਰਕੇ ਮੌਕੇ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਉਨ੍ਹਾਂ ਨੇ ਬਰਸਾਤੀ ਮੌਸਮ ਕਾਰਨ ਸੜਕ ਵਿੱਚ ਪਏ ਟੋਏ ਅਤੇ ਮਿੱਟੀ ਧੱਸਣ ਦੀ ਸਮੱਸਿਆ ਬਾਰੇ ਤਕਨੀਕੀ ਸ਼ਾਖਾ ਦੇ ਅਧਿਕਾਰੀਆਂ ਤੋਂ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ।
ਤਕਨੀਕੀ ਸ਼ਾਖਾ ਦੇ ਅਧਿਕਾਰੀਆਂ ਨੇ ਚੇਅਰਮੈਨ ਨੂੰ ਜਾਣੂ ਕਰਵਾਇਆ ਕਿ ਹਰ ਸਾਲ ਬਰਸਾਤਾਂ ਦੌਰਾਨ ਸਿਟੀ ਸੈਂਟਰ ਨਾਲ ਲੱਗਦੀ ਸੜਕ ਦੇ ਹੇਠਾਂ ਤੋਂ ਮਿੱਟੀ ਖਿਸਕਣ ਕਾਰਨ ਸੜਕ ਦਾ ਕੁਝ ਹਿੱਸਾ ਧੱਸ ਜਾਂਦਾ ਹੈ, ਜਿਸ ਨਾਲ ਵੱਡਾ ਟੋਆ ਬਣ ਜਾਂਦਾ ਹੈ। ਵੁਨ੍ਹਾਂ ਦੱਸਿਆ ਕਿ ਸੜਕ ਤੇ ਪਏ ਟੋਏ ਨੂੰ ਮਿੱਟੀ ਨਾਲ ਭਰ ਕੇ ਆਵਾਜਾਈ ਨੂੰ ਸੁਚਾਰੂ ਕੀਤਾ ਜਾਂਦਾ ਹੈ, ਪਰ ਇਹ ਸਮੱਸਿਆ ਲਗਭਗ ਹਰ ਬਰਸਾਤੀ ਸੀਜ਼ਨ ਵਿੱਚ ਦੁਬਾਰਾ ਸਾਹਮਣੇ ਆ ਜਾਂਦੀ ਹੈ।
ਚੇਅਰਮੈਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤਕਨੀਕੀ ਸ਼ਾਖਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਬਰਸਾਤੀ ਮੌਸਮ ਦੌਰਾਨ ਸਿਟੀ ਸੈਂਟਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਸੜਕ ਧੱਸਣ ਜਾਂ ਹੋਰ ਕਿਸੇ ਤਰ੍ਹਾਂ ਦੀ ਖ਼ਤਰਨਾਕ ਸਥਿਤੀ ਬਣਦੀ ਹੈ, ਉੱਥੇ ਤੁਰੰਤ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਸੰਭਾਲ ਨਗਰ ਸੁਧਾਰ ਟਰੱਸਟ ਦੀ ਪਹਿਲੀ ਤਰਜੀਹ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਟਰੱਸਟ ਇੰਜੀਨੀਅਰ ਵਿਕਰਮ ਕੁਮਾਰ, ਸਹਾਇਕ ਟਰੱਸਟ ਇੰਜੀਨੀਅਰ ਬਲਬੀਰ ਸਿੰਘ, ਸਹਾਇਕ ਟਰੱਸਟ ਇੰਜੀਨੀਅਰ ਜਸਕਰਨਬੀਰ ਸਿੰਘ, ਜੂਨੀਅਰ ਇੰਜੀਨੀਅਰ ਰਵਿੰਦਰ ਸਿੰਘ ਅਤੇ ਇਲਾਕਾ ਨਿਵਾਸੀ ਵੀ ਹਾਜ਼ਰ ਸਨ।