ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Publish Date: Mon, 22 Jun 2026 08:33 PM (IST)
Updated Date: Tue, 23 Jun 2026 04:07 AM (IST)

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਮਨੁੱਖਤਾ ਨੂੰ ਸੱਚ ਤੇ ਸੇਵਾ ਦੇ ਰਾਹ ਤੇ ਚੱਲਣ ਦੀ ਪ੍ਰੇਰਣਾ ਦਿੱਤੀ : ਇੰਜੀ. ਬੋਪਾਰਾਏ ਹੈਪੀ ਜੱਲ੍ਹਾ, ਪੰਜਾਬੀ ਜਾਗਰਣ, ਪਾਇਲ : ਪੰਜਵੇਂ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੰਗਤਸਰ ਸਾਹਿਬ, ਵਾਰਡ ਨੰਬਰ-2, ਪਾਇਲ ਤੋਂ ਸਮੂਹ ਨਗਰ ਨਿਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ, ਸਤਿਕਾਰ ਅਤੇ ਧਾਰਮਿਕ ਜਜ਼ਬੇ ਨਾਲ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਿਆ -ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਵਾਰਡਾਂ, ਮੁਹੱਲਿਆਂ ਅਤੇ ਧਾਰਮਿਕ ਸਥਾਨਾਂ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਸੰਪੰਨ ਹੋਇਆ। ਨਗਰ ਕੀਰਤਨ ਦੌਰਾਨ ਰਾਗੀ ਸਿੰਘਾਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ *ਨਾਮ ਬਾਣੀ ਨਾਲ ਜੋੜਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ, ਉਨ੍ਹਾਂ ਦੇ ਉੱਚੇ ਆਦਰਸ਼ਾਂ ਅਤੇ ਸਿੱਖੀ ਸਿਧਾਂਤਾਂ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਢਾਡੀ ਜਥੇ ਦੇ ਮੁਖੀ ਭਾਈ ਗੁਰਦੇਵ ਸਿੰਘ ਕੋਮਲ ਨੇ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਦਿਆਂ ਗੁਰੂ ਸਾਹਿਬ ਦੇ ਮਹਾਨ ਬਲਿਦਾਨ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਨਗਰ ਕੀਰਤਨ ਦੇ ਸਵਾਗਤ ਲਈ ਸ਼ਰਧਾਲੂਆਂ ਵਲੋਂ ਥਾਂ-ਥਾਂ ਤੇ ਸਵਾਗਤੀ ਗੇਟ ਸਜਾਏ ਗਏ, ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ ਅਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ਜਦੋਂ ਪ੍ਰਮੁੱਖ ਇਲੈਕਟ੍ਰੀਕਲ ਕੰਪਨੀ ਬੋਪਾਰਾਏ ਇਲੈਕਟ੍ਰੀਕਲਸ ਐਂਡ ਇਲੈਕਟ੍ਰਾਨਿਕਸ ਅਤੇ ਖਾਲਸਾ ਖੇਤੀ ਸਟੋਰ ਦੇ ਦਫ਼ਤਰ ਅੱਗੇ ਪੁੱਜਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ-ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਇੰਜੀ. ਜਗਦੇਵ ਸਿੰਘ ਬੋਪਾਰਾਏ, ਡਾਇਰੈਕਟਰ ਇੰਜੀ ਹਰਦੀਪ ਸਿੰਘ ਬੋਪਾਰਾਏ, ਸਰਪੰਚ ਗੁਰਦੀਪ ਸਿੰਘ ਚਾਪੜਾ ਅਤੇ ਸਾਬਕਾ ਸਰਪੰਚ ਮਨਦੀਪ ਸਿੰਘ ਚਾਪੜਾ ਆੜ੍ਹਤੀ ਵਲੋਂ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਗਤਾਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਅਤੇ ਛੋਲਿਆਂ ਦੇ ਲੰਗਰ ਵੀ ਲਾਏ ਗਏ। ਇਸ ਮੌਕੇ ਇੰਜੀ. ਬੋਪਾਰਾਏ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹੀਦੀ ਸਿੱਖ ਇਤਿਹਾਸ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਸੱਚ, ਸਹਿਣਸ਼ੀਲਤਾ, ਸੇਵਾ ਅਤੇ ਧਾਰਮਿਕ ਅਜ਼ਾਦੀ ਦੀ ਅਮਰ ਮਿਸਾਲ ਹੈ। ਗੁਰੂ ਸਾਹਿਬ ਨੇ ਅਸਹਿ ਤਸ਼ੱਦਦ ਸਹਾਰ ਕੇ ਵੀ ਸੱਚ ਅਤੇ ਧਰਮ ਦੇ ਮਾਰਗ ਨੂੰ ਨਹੀਂ ਤਿਆਗਿਆ, ਜਿਸ ਕਾਰਨ ਉਨ੍ਹਾਂ ਦੀ ਸ਼ਹੀਦੀ ਪੂਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ। ਇੰਜੀ. ਬੋਪਾਰਾਏ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਦਿੱਤਾ ਗਿਆ ਸਬਰ, ਸੰਤੋਖ, ਨਿਮਰਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਅੱਜ ਵੀ ਸਮਾਜ ਨੂੰ ਆਪਸੀ ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹੀਦੀ ਨੇ ਕੌਮ ਵਿਚ ਆਤਮਿਕਤਾ, ਨਿਡਰਤਾ ਅਤੇ ਬਲਿਦਾਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਲਈ ਉਨ੍ਹਾਂ ਦਾ ਜੀਵਨ ਅਤੇ ਬਾਣੀ ਮਹਾਨ ਮਾਰਗਦਰਸ਼ਕ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਆਪਣੇ ਵਿਹਾਰ ਅਤੇ ਜੀਵਨ ਦਾ ਹਿੱਸਾ ਬਣਾਈਏ ਅਤੇ ਸਮਾਜ ਵਿਚ ਸੇਵਾ, ਸਦਭਾਵਨਾ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰੀਏ। ਇਸ ਮੌਕੇ ਡਾਇਰੈਕਟਰ ਇੰਜੀ ਹਰਦੀਪ ਸਿੰਘ ਬੋਪਾਰਾਏ ਨੇ ਕਿਹਾ ਕਿ ਗੁਰੂ ਸਾਹਿਬ ਦੀ ਮਹਾਨ ਸ਼ਹੀਦੀ ਮਨੁੱਖਤਾ ਦੇ ਇਤਿਹਾਸ ਦਾ ਅਜਿਹਾ ਅਧਿਆਏ ਹੈ, ਜੋ ਸਾਨੂੰ ਹਰ ਹਾਲਾਤ ਵਿਚ ਸੱਚ ਅਤੇ ਇਨਸਾਫ਼ ਦੇ ਪੱਖ ਵਿਚ ਡਟੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ। रा ਇਸ ਮੌਕੇ ਪ੍ਰਧਾਨ ਨਿਰਮਲ ਸਿੰਘ, ਖਜ਼ਾਨਚੀ ਸ਼ੀਤਲ ਸਿੰਘ, ਕੌਂਸਲਰ ਗੁਰਪ੍ਰੀਤ ਸਿੰਘ ਗੁਰੀ, ਸੰਦੀਪ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਜਗਦੀਪ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ, ਗੁਰਸ਼ਰਨ ਸਿੰਘ, ਸੁਰਿੰਦਰ ਸਿੰਘ, ਮਨਪ੍ਰੀਤ ਸਿੰਘ ਬਿੱਲਾ ਸਕ ਘੁਡਾਣੀ, ਰਾਕੇਸ਼ ਕੁਮਾਰ ਰਾਜੂ, ਵਿਜੇ ਕੁਮਾਰ ਨੇਤਾ,ਗੁਰਮੁੱਖ ਨੂੰ ਸਿੰਘ ਰਿੰਕੂ, ਪਰਮਜੀਤ ਸਿੰਘ ਗੋਲੂ, ਗੁਰਮੀਤ ਸਿੰਘ, ਦੀਪਕ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਹਾਜ਼ਰ ਸੰਗਤਾਂ ਨੇ ਜਗਤ ਜੋਤ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਨੂੰ ਕੋਟਿ-ਕੋਟਿ ਨਮਨ ਕਰਦਿਆਂ ਨਗਰ ਕੀਰਤਨ ਦੇ ਰੂਹਾਨੀ ਪਲਾਂ ਦਾ ਲਾਹਾ ਪ੍ਰਾਪਤ ਕੀਤਾ।