ਨਗਰ ਨਿਗਮ ਲੁਧਿਆਣਾ ਨੂੰ ਮਿਲਿਆ ਵੱਕਾਰੀ ਸਕੋਚ ਸਿਲਵਰ ਪੁਰਸਕਾਰ
ਨਹਿਰੀ ਜਲ ਸਪਲਾਈ ਪ੍ਰੋਜੈਕਟ ਲਈ ਨਗਰ ਨਿਗਮ ਲੁਧਿਆਣਾ ਨੂੰ ਮਿਲਿਆ ਵੱਕਾਰੀ ਸਕੋਚ ਸਿਲਵਰ ਪੁਰਸਕਾਰ
Publish Date: Sun, 21 Jun 2026 09:27 PM (IST)
Updated Date: Mon, 22 Jun 2026 04:16 AM (IST)

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਦੇ ਨਿਵਾਸੀਆਂ ਨੂੰ ਪੀਣ ਯੋਗ ਨਹਿਰ ਪਾਣੀ ਦੀ ਸਪਲਾਈ ਲਈ ਨਗਰ ਨਿਗਮ ਵੱਲੋਂ ਵਰਲਡ ਬੈਂਕ, ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਅਤੇ ਪੰਜਾਬ ਸਰਕਾਰ ਤੋਂ ਫੰਡ ਪ੍ਰਾਪਤ ਕਰ ਬਣਾਏ ਜਾ ਰਹੇ 580 ਐਮਐਲਡੀ ਸਮਰੱਥਾ ਵਾਲੇ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟ ਨੂੰ ਦੇਸ਼ ਪੱਧਰ ਤੇ ਉਸ ਵੇਲੇ ਵੱਡੀ ਮਾਨਤਾ ਮਿਲੀ ਜਦੋਂ ਨਗਰ ਨਿਗਮ ਲੁਧਿਆਣਾ ਨੂੰ ਇਸ ਯੋਜਨਾ ਲਈ ‘ਨਗਰ ਪ੍ਰਸ਼ਾਸਨ-ਜਲ ਸਪਲਾਈ ਬੁਨਿਆਦੀ ਢਾਂਚਾ’ ਸ੍ਰੇਣੀ ਤਹਿਤ ਵੱਕਾਰੀ ਸਕੋਚ ਸਿਲਵਰ ਪੁਰਸਕਾਰ ਮਿਲਿਆ। ਇਹ ਪੁਰਸਕਾਰ ਬੀਤੇ ਸ਼ਨਿਚਰਵਾਰ ਨੂੰ ਨਵੀਂ ਦਿੱਲੀ ਵਿਖੇ ਆਯੋਜਿਤ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ। ਸਕੋਚ ਗਰੁੱਪ ਵੱਲੋਂ ਦਿੱਤੇ ਜਾਣ ਵਾਲੇ ਇਹ ਪੁਰਸਕਾਰ ਭਾਰਤ ਦੇ ਸਭ ਤੋਂ ਮਾਣਯੋਗ ਸੁਤੰਤਰ ਸਨਮਾਨਾਂ ਵਿੱਚ ਗਿਣੇ ਜਾਂਦੇ ਹਨ, ਜੋ ਸਮਾਜਿਕ-ਆਰਥਿਕ ਵਿਕਾਸ, ਸੁਸ਼ਾਸਨ ਅਤੇ ਟਿਕਾਊ ਵਿਕਾਸ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਪਹਿਲਕਦਮੀਆਂ ਨੂੰ ਮਾਨਤਾ ਦਿੰਦੇ ਹਨ। ਲੁਧਿਆਣਾ ਸਰਫੇਸ ਵਾਟਰ ਸਪਲਾਈ ਸਕੀਮ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰੀ ਜਲ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਸ ਪ੍ਰੋਜੈਕਟ ਨੂੰ ਨਗਰ ਨਿਗਮ ਲੁਧਿਆਣਾ ਵੱਲੋਂ ਪੰਜਾਬ ਮਿਊਂਸੀਪਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਕੰਪਨੀ ਦੇ ਤਕਨੀਕੀ ਸਹਿਯੋਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਤਹਿਤ ਸਾਹਨੇਵਾਲ ਨੇੜਲੇ ਪਿੰਡ ਬਿਲਗਾ ਵਿੱਚ 580 ਐਮਐਲਡੀ ਸਮਰੱਥਾ ਵਾਲਾ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਰੀਬ 165 ਕਿਲੋਮੀਟਰ ਲੰਬੀਆਂ ਟ੍ਰਾਂਸਮਿਸ਼ਨ ਪਾਈਪਲਾਈਨਾਂ ਵਿਛਾਈਆਂ ਜਾ ਰਹੀਆਂ ਹਨ। ਯੋਜਨਾ ਅਧੀਨ 66 ਮੌਜੂਦਾ ਪਾਣੀ ਦੀਆਂ ਟੈਂਕੀਆਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 70 ਨਵੀਆਂ ਪਾਣੀ ਵਾਲੀਆਂ ਟੈਂਕੀਆਂ ਦਾ ਨਿਰਮਾਣ ਵੀ ਹੋ ਰਿਹਾ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਜ਼ਮੀਨੀ ਪਾਣੀ ਨੂੰ ਬਚਾਉਣ ਲਈ ਲੁਧਿਆਣਾ ਦੇ ਲਗਭਗ 30 ਲੱਖ ਵਸਨੀਕਾਂ ਨੂੰ ਸਾਫ਼ ਅਤੇ ਟ੍ਰੀਟ ਕੀਤਾ ਹੋਇਆ ਸਤਹੀ ਪਾਣੀ ਮੁਹੱਈਆ ਕਰਵਾਉਣਾ ਹੈ। ਮੌਜੂਦਾ ਸਮੇਂ ਵਿੱਚ ਪ੍ਰੋਜੈਕਟ ਦਾ ਲਗਭਗ 37 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਵੱਖ-ਵੱਖ ਸਾਈਟਾਂ ’ਤੇ ਨਿਰਮਾਣ ਕਾਰਜ ਤੇਜ਼ੀ ਨਾਲ ਜਾਰੀ ਹਨ। ਇਸ ਮਹੱਤਵਪੂਰਨ ਪ੍ਰਾਪਤੀ ਤੇ ਖੁਸ਼ੀ ਜ਼ਾਹਿਰ ਕਰਦਿਆਂ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਕਿਹਾ ਕਿ ਇਹ ਸਨਮਾਨ ਨਗਰ ਨਿਗਮ, ਪੀਆਈਯੂ, ਪੀਐੱਮਆਈਡੀਸੀ, ਸਲਾਹਕਾਰਾਂ, ਠੇਕੇਦਾਰਾਂ ਅਤੇ ਹੋਰ ਸਾਰੇ ਹਿੱਸੇਦਾਰਾਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਮਾਨਤਾ ਪੂਰੀ ਟੀਮ ਨੂੰ ਲੁਧਿਆਣਾ ਲਈ ਵਿਸ਼ਵ ਪੱਧਰੀ, ਟਿਕਾਊ ਅਤੇ ਭਰੋਸੇਯੋਗ ਜਲ ਸਪਲਾਈ ਪ੍ਰਣਾਲੀ ਵਿਕਸਿਤ ਕਰਨ ਲਈ ਹੋਰ ਉਤਸ਼ਾਹਿਤ ਕਰੇਗੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਨਗਰ ਨਿਗਮ ਲੁਧਿਆਣਾ ਨੂੰ ਮਾਰਚ 2026 ਵਿੱਚ ਨਵੀਂ ਦਿੱਲੀ ਵਿਖੇ ਗਲੋਬਲ ਸਸਟੇਨੇਬਿਲਟੀ ਐਂਡ ਇਨੋਵੇਸ਼ਨ ਅਵਾਰਡ ਸਮਾਰੋਹ ਦੌਰਾਨ ‘ਬੈਸਟ ਸਮਾਰਟ ਸਿਟੀ ਵਾਟਰ ਇਨੀਸ਼ੀਏਟਿਵ ਅਵਾਰਡ’ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਲਗਾਤਾਰ ਮਿਲ ਰਹੀਆਂ ਇਹ ਮਾਨਤਾਵਾਂ ਲੁਧਿਆਣਾ ਨੂੰ ਪਾਣੀ ਪ੍ਰਬੰਧਨ ਅਤੇ ਟਿਕਾਊ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਇੱਕ ਮਿਸਾਲ ਵਜੋਂ ਸਥਾਪਿਤ ਕਰ ਰਹੀਆਂ ਹਨ।---