4 ਮਹੀਨੇ 18 ਦਿਨ ’ਚ ਹੋਇਆ ਨਿਗਮ ਕਮਿਸ਼ਨਰ ਦਾ ਤਬਾਦਲਾ
4 ਮਹੀਨੇ 18 ਦਿਨ ਵਿੱਚ ਹੋਇਆ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦਾ ਤਬਾਦਲਾ
Publish Date: Sat, 13 Jun 2026 10:05 PM (IST)
Updated Date: Sun, 14 Jun 2026 04:09 AM (IST)

ਸੱਤਾਧਾਰੀਆਂ ਨਾਲ ਖਿੱਚੋਤਾਣ ਨੂੰ ਮੰਨਿਆ ਜਾ ਰਿਹਾ ਤਬਾਦਲੇ ਦਾ ਕਾਰਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਦੇ ਲੁਧਿਆਣਾ ਦੌਰੇ ਤੋਂ ਅਗਲੇ ਹੀ ਦਿਨ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦਾ 4 ਮਹੀਨੇ 18 ਦਿਨ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਗਲਾਡਾ ਵਿੱਚ ਵਧੀਕ ਮੁੱਖ ਪ੍ਰਸ਼ਾਸਕ (ਏਸੀਏ) ਵਜੋਂ ਤਾਇਨਾਤ ਓਜਸਵੀ ਅਲੰਕਾਰ ਨੂੰ ਨਵਾਂ ਨਗਰ ਨਿਗਮ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਡਾ. ਗੁਪਤਾ ਦੇ ਤਬਾਦਲੇ ਨੂੰ ਲੈ ਕੇ ਨਗਰ ਨਿਗਮ ਅਤੇ ਸਿਆਸੀ ਹਲਕਿਆਂ ਵਿੱਚ ਕਾਫ਼ੀ ਚਰਚਾ ਛਿੜ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਅਤੇ ਆਪ ਦੇ ਕੁਝ ਵਿਧਾਇਕਾਂ ਵਿਚਾਲੇ ਕਾਫ਼ੀ ਸਮੇਂ ਤੋਂ ਖਿੱਚਤਾਣ ਚੱਲ ਰਹੀ ਸੀ। ਜਿਸ ਦੇ ਚੱਲਦੇ ਕੁਝ ਵਿਧਾਇਕ ਨਿਗਮ ਕਮਿਸ਼ਨਰ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ ਸਨ। ਕਿਉਂਕਿ ਸੱਤਾ ਧਿਰ ਦੇ ਵਿਧਾਇਕ ਕੁਝ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਆਪਣੇ ਅਨੁਸਾਰ ਕੰਮ ਦਬਾਉਣਾ ਚਹੁੰਦੇ ਸਨ ਪਰ ਡਾ. ਗੁਪਤਾ ਨਿਯਮਾਂ ਅਨੁਸਾਰ ਤਾਇਨਾਤੀਆਂ ਕਰ ਰਹੇ ਸਨ, ਜਿਸ ਦੇ ਚੱਲਦੇ ਨਗਰ ਨਿਗਮ ਕਮਿਸ਼ਨਰ ਅਤੇ ਸੱਤਾਧਾਰੀ ਵਿਧਾਇਕਾਂ ਵਿਚਕਾਰ ਦੂਰੀ ਵਧਦੀ ਗਈ। ਨਗਰ ਨਿਗਮ ਕਮਿਸ਼ਨਰ ਦੇ ਇਸ ਤਬਾਦਲੇ ਨੂੰ ਕੁਝ ਲੋਕ ਪਿਛਲੇ ਸਮੇਂ ਦੌਰਾਨ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵਿੱਚ ਹੋਏ ਤਬਾਦਲਿਆਂ ਨਾਲ ਜੋੜਕੇ ਦੇਖ ਰਹੇ ਹਨ। ਜਿਸ ਤੋਂ ਕੁਝ ਵਿਧਾਇਕ ਨਰਾਜ ਸਨ, ਜਦਕਿ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਡਾ. ਨੀਰੂ ਕਤਿਆਲ ਗੁਪਤਾ ਨੇ ਨਗਰ ਨਿਗਮ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਵਿੱਚ ਸਿਆਸੀ ਦਬਾਅ ਹੇਠ ਕੰਮ ਨਹੀਂ ਕੀਤਾ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸ਼ਹਿਰ ਦੀ ਸਫਾਈ ਅਤੇ ਵਿਕਾਸ ਕੰਮਾਂ ਦੀ ਗੁਣਵੱਤਾ ਲਈ ਕਈ ਸਖਤ ਕਦਮ ਵੀ ਚੁੱਕੇ। ਉਨ੍ਹਾਂ ਦਾ ਕੰਮ ਕਰਨ ਦਾ ਇਹ ਤਰੀਕਾ ਹੀ ਉਨ੍ਹਾਂ ਲਈ ਮੁਸ਼ਕਿਲ ਦਾ ਕਾਰਨ ਬਣਿਆ। ਹੁਣ ਨਵੇਂ ਕਮਿਸ਼ਨਰ ਓਜਸਵੀ ਕੁਮਾਰ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ। ਮਾਨਸੂਨ ਦੇ ਮੌਸਮ ਦੌਰਾਨ ਸ਼ਹਿਰ ਵਿੱਚ ਜਲ ਭਰਾਅ ਦੀ ਸਮੱਸਿਆ ਨਾਲ ਨਜਿੱਠਣਾ, ਡੋਰ-ਟੂ-ਡੋਰ ਕੂੜਾ ਇਕੱਠਾ ਕਰਨ, ਵਿਸ਼ਵ ਪੱਧਰੀ ਸੜਕਾਂ ਦੇ ਨਿਰਮਾਣ ਅਤੇ ਸੜਕ ਸਫ਼ਾਈ ਵਰਗੀਆਂ ਲਗਭਗ 2300 ਕਰੋੜ ਰੁਪਏ ਦੀਆਂ ਮਹੱਤਵਪੂਰਨ ਯੋਜਨਾਵਾਂ ਨੂੰ ਅੱਗੇ ਵਧਾਉਣਾ ਉਨ੍ਹਾਂ ਲਈ ਵੱਡੀ ਕਸੌਟੀ ਹੋਵੇਗੀ। ਇਸ ਤੋਂ ਇਲਾਵਾ ਚੋਣੀ ਮਾਹੌਲ ਵਿੱਚ ਸਿਆਸੀ ਅਤੇ ਪ੍ਰਸ਼ਾਸਨਿਕ ਦਬਾਅ ਵਿਚਕਾਰ ਸੰਤੁਲਨ ਬਣਾਈ ਰੱਖਣਾ ਵੀ ਉਨ੍ਹਾਂ ਲਈ ਆਸਾਨ ਨਹੀਂ ਰਹੇਗਾ।