- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਦਰਸ਼ਨੀ ਦੇ ਪਹਿਲੇ ਦਿਨ ਮਸ਼ੀਨ ਟੂਲਜ਼, ਪ੍ਰਿਸੀਜ਼ਨ ਕੌਮਪੋਨੈਂਟਸ, ਉਦਯੋਗਕ ਉਪਕਰਨ ਅਤੇ ਆਟੋਮੇਸ਼ਨ ਸਿਸਟਮਾਂ ਨਾਲ ਜੁੜੇ ਨਿਰਮਾਤਾਵਾਂ ਤੇ ਸਪਲਾਇਰਾਂ ਦੀ ਭਰਪੂਰ ਭਾਗੀਦਾਰੀ ਰਹੀ। ਪ੍ਰਤੀਨਿਧੀਆਂ ਨੇ ਕਿਹਾ ਕਿ ਮੈਕਆਟੋ ਐਕਸਪੋ ਤਕਨਾਲੋਜੀ ਅਪਗ੍ਰੇਡੇਸ਼ਨ, ਰਣਨੀਤਕ ਸਾਂਝੇਦਾਰੀਆਂ ਅਤੇ ਵਪਾਰਕ ਵਿਸਥਾਰ ਲਈ ਇਕ ਪ੍ਰੇਰਕ ਮੰਚ ਸਾਬਤ ਹੋ ਰਿਹਾ ਹੈ।

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : 13 ਦੇਸ਼ਾਂ ਦੀਆਂ 650 ਕੰਪਨੀਆਂ ਦੀ ਸ਼ਮੂਲੀਅਤ ਵਾਲੀ ਭਾਰਤ ਵਿਚ ਮਸ਼ੀਨ ਟੂਲਸ ਤੇ ਆਟੋਮੇਸ਼ਨ ਟੈਕਨੋਲਜੀ ਵਿਚ ਲੱਗਣ ਵਾਲੀਆਂ ਪ੍ਰਮੁੱਖ ਪ੍ਰਦਰਸ਼ਨੀਆਂ ਵਿਚੋਂ ਇਕ 15ਵੀਂ ਮੈਕਆਟੋ ਪ੍ਰਦਰਸ਼ਨੀ ਦੀ ਅੱਜ ਲੁਧਿਆਣਾ ਪ੍ਰਦਰਸ਼ਨੀ ਕੇਂਦਰ ਸਾਹਨੇਵਾਲ ਵਿਖੇ ਇਕ ਸ਼ਾਨਦਾਰ ਸ਼ੁਰੂਆਤ ਹੋ ਗਈ ਹੈ। ਪ੍ਰਦਰਸ਼ਨੀ ਦਾ ਉਦਘਾਟਨ ਏਵਨ ਸਾਈਕਲ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਪਦਮਸ਼੍ਰੀ ਓਂਕਾਰ ਸਿੰਘ ਪਾਹਵਾ ਵੱਲੋਂ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿਚ ਦੇਸ਼ ਭਰ ਤੋਂ ਨਿਰਮਾਤਾ, ਤਕਨਾਲੋਜੀ ਮੁਹੱਈਆਕਰਤਾ, ਇੰਜੀਨੀਅਰ ਅਤੇ ਟ੍ਰੇਡ ਵਿਜ਼ਟਰ ਪਹੁੰਚੇ ਹਨ, ਜਿਹੜੇ ਉੱਨਤ ਤਕਨੀਕਾਂ ਦੇ ਨਾਲ-ਨਾਲ ਸ਼ਾਨਦਾਰ ਪ੍ਰਬੰਧਾਂ ਦੀ ਵੀ ਪ੍ਰਸ਼ੰਸਾ ਕਰ ਰਹੇ ਹਨ।
ਉਦਘਾਟਨੀ ਸਮਾਰੋਹ ਵਿਚ ਕਈ ਪ੍ਰਮੁੱਖ ਸਨਅਤੀ ਆਗੂ ਸ਼ਾਮਿਲ ਹੋਏ, ਜਿਨ੍ਹਾਂ ਵਿਚ ਖਾਸ ਤੌਰ ’ਤੇ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਆਈਸੀਯੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਆਲ ਇੰਡੀਆ ਮਸ਼ੀਨ ਟੂਲਸ ਮੈਨੂਫ਼ੈਕਚਰਜ਼ ਐਸੋਸੀਏਸ਼ਨ (ਏਐੱਲਐੱਮਟੀਆਈ) ਦੇ ਪ੍ਰਧਾਨ ਤਰਲੋਚਨ ਸਿੰਘ, ਆਟੋ ਪਾਰਟਸ ਮੈਨੂਫ਼ੈਕਚਰਜ਼ ਐਸੋਸੀਏਸ਼ਨ ਆਫ਼ ਇੰਡੀਆ (ਆਪਮਾ) ਦੇ ਪ੍ਰਧਾਨ ਗੁਰਪ੍ਰਗਟ ਸਿੰਘ ਕਾਹਲੋਂ, ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗਨਾਈਜੇਸ਼ਨਜ਼ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਯੂਨਾਈਟਡ ਸਾਈਕਲਸ ਐਂਡ ਪਾਰਟਸ ਮੈਨੂਫ਼ੈਕਚਰਜ਼ ਐਸੋਸੀਏਸ਼ਨ (ਯੂਸੀਪੀਐੱਮਏ) ਦੇ ਪ੍ਰਧਾਨ ਹਰਸਿਮਰਨਜੀਤ ਸਿੰਘ ਲੱਕੀ, ਯੂਨਾਈਟਡ ਫੈਡਰੇਸ਼ਨ ਆਫ ਇੰਡਸਟਰੀਜ਼ ਐਂਡ ਟਰੇਡਰਜ਼ (ਯੂਐੱਫਆਈਟੀ) ਦੇ ਪ੍ਰਧਾਨ ਨਰਿੰਦਰ ਸੱਗੂ, ਵਿਸ਼ਵਕਰਮਾ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਚਰਨਜੀਤ ਸਿੰਘ ਵਿਸ਼ਕਰਮਾ ਅਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਪ੍ਰਮੁੱਖ ਉਦੋਗਪਤੀ ਜਤਿੰਦਰ ਮਿੱਤਲ ਵੀ ਸ਼ਾਮਿਲ ਰਹੇ। ਜਿਨ੍ਹਾਂ ਨੇ ਪ੍ਰਦਰਸ਼ਨ ਨੂੰ ਸਫਲ ਬਣਾਉਣ ਵਿਚ ਉਦਯੋਗਿਕ ਅਤੇ ਸੰਸਥਾਗਤ ਸਮਰਥਨ ਪ੍ਰਗਟਾਇਆ। ਪਾਹਵਾ ਨੇ ਸ਼ਾਨਦਾਰ ਪ੍ਰਬੰਧਾਂ ਲਈ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮਸ਼ੀਨ ਟੂਲਜ਼ ਅਤੇ ਆਟੋਮੇਸ਼ਨ ਟੈਕਨੋਲਜੀ ਨੂੰ ਸਮਰਪਿਤ ਅਜਿਹੀਆਂ ਪ੍ਰਦਰਸ਼ਨੀਆਂ ਉਦਯੋਗਕ ਆਧੁਨਿਕੀਕਰਨ ਨੂੰ ਤੇਜ਼ ਕਰਨ, ਉਤਪਾਦਕਤਾ ਵਧਾਉਣ ਤੇ ਗਲੋਬਲ ਮੈਨੂਫੈਕਚਰਿੰਗ ਵਿਚ ਭਾਰਤ ਦੀ ਸਥਿਤੀ ਮਜ਼ਬੂਤ ਕਰਨ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਵਿਸ਼ੇਸ਼ ਕਰ ਕੇ ਐੱਮਐੱਸਐੱਮਈ ਖੇਤਰ ਨੂੰ ਸਫਲ ਇੰਜੀਨੀਅਰਿੰਗ, ਸਮਾਰਟ ਆਟੋਮੇਸ਼ਨ ਤੇ ਡਿਜੀਟਲ ਮੈਨੂਫੈਕਚਰਿੰਗ ਸਿਸਟਮਾਂ ਵਿਚ ਨਿਵੇਸ਼ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਦਾ ਦੇਸ਼ ਤੇ ਖਾਸ ਕਰ ਕੇ ਪੰਜਾਬ ਦੇ ਵਿਕਾਸ ਵਿਚ ਅਹਿਮ ਯੋਗਦਾਨ ਹੈ।
ਪ੍ਰਦਰਸ਼ਨੀ ਦੇ ਪਹਿਲੇ ਦਿਨ ਮਸ਼ੀਨ ਟੂਲਜ਼, ਪ੍ਰਿਸੀਜ਼ਨ ਕੌਮਪੋਨੈਂਟਸ, ਉਦਯੋਗਕ ਉਪਕਰਨ ਅਤੇ ਆਟੋਮੇਸ਼ਨ ਸਿਸਟਮਾਂ ਨਾਲ ਜੁੜੇ ਨਿਰਮਾਤਾਵਾਂ ਤੇ ਸਪਲਾਇਰਾਂ ਦੀ ਭਰਪੂਰ ਭਾਗੀਦਾਰੀ ਰਹੀ। ਪ੍ਰਤੀਨਿਧੀਆਂ ਨੇ ਕਿਹਾ ਕਿ ਮੈਕਆਟੋ ਐਕਸਪੋ ਤਕਨਾਲੋਜੀ ਅਪਗ੍ਰੇਡੇਸ਼ਨ, ਰਣਨੀਤਕ ਸਾਂਝੇਦਾਰੀਆਂ ਅਤੇ ਵਪਾਰਕ ਵਿਸਥਾਰ ਲਈ ਇਕ ਪ੍ਰੇਰਕ ਮੰਚ ਸਾਬਤ ਹੋ ਰਿਹਾ ਹੈ। ਉਨ੍ਹਾਂ ਨੇ ਉਦਯੋਗਿਕ ਤਰੱਕੀ ਲਈ ਇੰਡਸਟਰੀ 4.0, ਰੋਬੋਟਿਕਸ ਅਤੇ ਸਮਾਰਟ ਮੈਨੂਫੈਕਚਰਿੰਗ ਹੱਲਾਂ ਨੂੰ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਅੱਜ ਦਾ ਖਾਸ ਖਿੱਚ ਦਾ ਕੇਂਦਰ ਆਧੁਨਿਕ ਅਤੇ ਉੱਚ-ਕਾਰਗੁਜ਼ਾਰੀ ਮਸ਼ੀਨਰੀ ਅਤੇ ਆਟੋਮੇਸ਼ਨ ਹੱਲਾਂ ਦੀ ਵਿਸ਼ਾਲ ਪ੍ਰਦਰਸ਼ਨੀ ਰਹੀ।
ਪ੍ਰਦਰਸ਼ਨੀ ਵਿਚ ਸੀਐੱਨਸੀ ਟਰਨਿੰਗ ਸੈਂਟਰ, ਵਰਟਿਕਲ ਤੇ ਹੋਰਿਜ਼ੋਂਟਲ ਮਸ਼ੀਨਿੰਗ ਸੈਂਟਰ, ਵੀਐਮਸੀ ਮਸ਼ੀਨਾਂ, ਮਲਟੀ-ਐਕਸਿਸ ਮਸ਼ੀਨਿੰਗ ਸਿਸਟਮ, ਡ੍ਰਿੱਲਿੰਗ ਤੇ ਟੈਪਿੰਗ ਮਸ਼ੀਨਾਂ, ਲੇਜ਼ਰ ਤੇ ਪਲਾਜ਼ਮਾ ਕਟਿੰਗ ਸਿਸਟਮ, ਸ਼ੀਟ ਮੈਟਲ ਪ੍ਰੋਸੈਸਿੰਗ ਉਪਕਰਨ, ਪਾਵਰ ਪ੍ਰੈੱਸ, ਫੋਰਜਿੰਗ ਮਸ਼ੀਨਾਂ, ਰੋਬੋਟਿਕ ਆਰਮ, ਆਟੋਮੇਟਡ ਅਸੈਂਬਲੀ ਸਿਸਟਮ, ਵੈਲਡਿੰਗ ਆਟੋਮੇਸ਼ਨ ਸੋਲੂਸ਼ਨਸ, ਸਰਫੇਸ ਗ੍ਰਾਈਂਡਿੰਗ ਤੇ ਮਿਲਿੰਗ ਮਸ਼ੀਨਾਂ, ਗੀਅਰ ਹੌਬਿੰਗ ਮਸ਼ੀਨਾਂ, ਹਾਈਡ੍ਰੌਲਿਕ ਤੇ ਨਿਊਮੈਟਿਕ ਸਿਸਟਮਾਂ ਦੇ ਨਾਲ-ਨਾਲ ਪ੍ਰਿਸੀਜ਼ਨ ਟੈਸਟਿੰਗ, ਮਾਪ ਤੇ ਇੰਸਪੈਕਸ਼ਨ ਉਪਕਰਨ ਸ਼ਾਮਲ ਸਨ। ਇਸ ਦੌਰਾਨ ਲਾਈਵ ਡੈਮੋਨਸਟਰੈਸ਼ਨਾਂ ਨੇ ਰੀਅਲ-ਟਾਈਮ ਮਸ਼ੀਨਿੰਗ ਤੇ ਡਿਜ਼ੀਟਲ ਮੋਨਿਟਰਿੰਗ ਤਕਨਾਲੋਜੀ ਨੂੰ ਦਰਸਾਇਆ, ਜਿਸ ਨੇ ਤਕਨੀਕੀ ਮਾਹਿਰਾਂ ਤੇ ਵਪਾਰਕ ਪ੍ਰਤੀਨਿਧੀਆਂ ਦਾ ਖੂਬ ਧਿਆਨ ਖਿੱਚਿਆ।
ਆਹੂਜਾ ਨੇ ਬੁਨਿਆਦੀ ਢਾਂਚੇ ਤੇ ਨੀਤੀ ਚੁਣੌਤੀਆਂ ਲਈ ਮਜ਼ਬੂਤ ਉਦਯੋਗਕ ਨੁਮਾਇੰਦਗੀ ਦੀ ਲੋੜ ਦੱਸੀ। ਤਰਲੋਚਨ ਸਿੰਘ ਨੇ ਗਲੋਬਲ ਗੁਣਵੱਤਾ ਮਿਆਰ ਪ੍ਰਾਪਤ ਕਰਨ ’ਚ ਅਧੁਨਿਕ ਮਸ਼ੀਨ ਟੂਲਜ਼ ਦੀ ਕੇਂਦਰੀ ਭੂਮਿਕਾ ਉਜਾਗਰ ਕੀਤੀ। ਕੁਲਾਰ ਨੇ ਪ੍ਰਦਰਸ਼ਨੀ ਦੇ ਪੈਮਾਨੇ ਤੇ ਪੇਸ਼ਾਵਰਾਨਾ ਆਯੋਜਨ ਦੀ ਪ੍ਰਸ਼ੰਸਾ ਕੀਤੀ ਅਤੇ ਲੰਬੇ ਸਮੇਂ ਦੀ ਵਾਧੇ ਲਈ ਨਿਰੰਤਰ ਨਵੀਨਤਾ ’ਤੇ ਜ਼ੋਰ ਦਿੱਤਾ। ਜਦਕਿ ਵਿਸ਼ਵਕਰਮਾ ਅਤੇ ਸੱਗੂ ਨੇ ਵੀ ਆਟੋਮੇਸ਼ਨ ਅਤੇ ਪ੍ਰਿਸੀਜ਼ਨ ਇੰਜੀਨੀਅਰਿੰਗ ਦੀ ਵਧ ਰਹੀ ਮਹੱਤਤਾ ਨੂੰ ਸਵੀਕਾਰਿਆ।
ਉਡਾਨ ਮੀਡੀਆ ਅਤੇ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਦੇ ਐੱਮਡੀ ਜੀਐੱਸ ਢਿੱਲੋਂ ਨੇ ਦੱਸਿਆ ਕਿ ਪ੍ਰਦਰਸ਼ਨੀ ਦੇ ਪਹਿਲੇ ਦਿਨ ਵਪਾਰਕ ਵਿਜ਼ਟਰਾਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ। ਖਾਸ ਤੌਰ ’ਤੇ ਨਵੀਆਂ ਤਕਨੀਕਾਂ ਅਤੇ ਸਾਕਾਰਾਤਮਕ ਵਪਾਰਕ ਚਰਚਾਵਾਂ ਨਾਲ ਮੈਕ ਆਟੋ ਐਕਸਪੋ 2026 ਦੀ ਬਹੁਤ ਹੀ ਉਤਸ਼ਾਹਜਨਕ ਸ਼ੁਰੂਆਤ ਹੋਈ। ਜਿਸ ਨਾਲ ਲੁਧਿਆਣਾ ਦੀ ਪਛਾਣ ਭਾਰਤ ਵਿਚ ਇੰਜੀਨੀਅਰਿੰਗ, ਮਸ਼ੀਨ ਟੂਲਜ਼ ਤੇ ਉਦਯੋਗਕ ਆਟੋਮੇਸ਼ਨ ਤਕਨਾਲੋਜੀ ਦੇ ਅਗੇਤੂ ਕੇਂਦਰ ਵਜੋਂ ਹੋਰ ਮਜ਼ਬੂਤ ਹੋਈ ਹੈ। ਇਸ ਮੌਕੇ ਦੀਦਾਰਜੀਤ ਸਿੰਘ ਲੋਟੇ, ਗੌਤਮ ਮਲਹੋਤਰਾ, ਕਨਿਸ਼ ਕੌੜਾ, ਜਸ਼ਨਦੀਪ ਸਿੰਘ ਕਾਹਲੋਂ, ਭੋਲਾ ਝਾਅ, ਸਸ਼ੀਲ ਕੁਮਾਰ, ਰਵਿੰਦਰ ਸੈਣੀ ਆਦਿ ਹਾਜ਼ਰ ਸਨ।