ਵੈਟਰਨਰੀ ’ਵਰਸਿਟੀ ’ਚ ਬਣੇਗੀ ਮੋਬਾਈਲ ਪ੍ਰਯੋਗਸ਼ਾਲਾ, ਮਿਲੀ 1.55 ਕਰੋੜ ਦੀ ਗ੍ਰਾਂਟ
ਵੈਟਰਨਰੀ ’ਵਰਸਿਟੀ ’ਚ ਬਣੇਗੀ ਮੋਬਾਈਲ ਪ੍ਰਯੋਗਸ਼ਾਲਾ, ਮਿਲੀ 1.55 ਕਰੋੜ ਦੀ ਗ੍ਰਾਂਟ
Publish Date: Fri, 12 Jun 2026 07:56 PM (IST)
Updated Date: Sat, 13 Jun 2026 04:06 AM (IST)

ਪੰਜਾਬ ਦੇ ਪਸ਼ੂ ਪਾਲਕਾਂ ਨੂੰ ਮੁਫਤ ਮਿਲਣਗੀਆਂ ਫੀਡ ਅਤੇ ਦੁੱਧ ਜਾਂਚ ਸੇਵਾਵਾਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਪੰਜਾਬ ਭਰ ਦੇ ਪਸ਼ੂ ਪਾਲਕਾਂ ਨੂੰ ਮੁਫਤ ਫੀਡ ਅਤੇ ਦੁੱਧ ਜਾਂਚ ਸੇਵਾਵਾਂ ਅਤੇ ਰਾਸ਼ਨ ਫਾਰਮੂਲਾ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਅਤਿ-ਆਧੁਨਿਕ ਮੋਬਾਈਲ ਫੀਡ ਅਤੇ ਦੁੱਧ ਜਾਂਚ ਪ੍ਰਯੋਗਸ਼ਾਲਾ ਸਥਾਪਤ ਕਰਨ ਲਈ ਕੇਮਿਨ ਇੰਡਸਟਰੀਜ਼ ਸਾਊਥ ਏਸ਼ੀਆ ਤੋਂ 1.55 ਕਰੋੜ ਦੀ ਮਹੱਤਵਪੂਰਨ ਵਿੱਤੀ ਗ੍ਰਾਂਟ ਪ੍ਰਾਪਤ ਕੀਤੀ ਹੈ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਪ੍ਰਾਜੈਕਟ ਟੀਮ ਨੂੰ ਵਧਾਈ ਦਿੱਤੀ ਅਤੇ ਇਸ ਪਹਿਲਕਦਮੀ ਨੂੰ ਪੰਜਾਬ ਦੇ ਡੇਅਰੀ ਖੇਤਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਸੰਬੰਧੀ ਇੱਕ ਇਤਿਹਾਸਕ ਜਨਤਕ-ਨਿੱਜੀ ਭਾਈਵਾਲੀ ਦੱਸਿਆ। ਉਨ੍ਹਾਂ ਕਿਹਾ ਕਿ ਵਿਗਿਆਨਕ ਫੀਡ ਅਤੇ ਦੁੱਧ ਜਾਂਚ ਸੇਵਾਵਾਂ ਤੱਕ ਸੀਮਿਤ ਪਹੁੰਚ, ਪਸ਼ੂ ਪਾਲਕਾਂ ਲਈ ਇੱਕ ਗੰਭੀਰ ਰੁਕਾਵਟ ਬਣੀ ਹੋਈ ਹੈ। ਇਹ ਮੋਬਾਈਲ ਪ੍ਰਯੋਗਸ਼ਾਲਾ ਇਸ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ। ਡਾ. ਗਿੱਲ ਨੇ ਕਿਹਾ ਕਿ ਇਹ ਪ੍ਰੋਜੈਕਟ ਤਕਨਾਲੋਜੀ-ਅਧਾਰਤ ਸੇਵਾਵਾਂ ਰਾਹੀਂ ਪਸ਼ੂ ਉਤਪਾਦਕਤਾ, ਦੁੱਧ ਦੀ ਗੁਣਵੱਤਾ, ਫੀਡ ਸੁਰੱਖਿਆ ਅਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਵੈਟਨਰੀ ਯੂਨੀਵਰਸਿਟੀ ਅਤੇ ਕੇਮਿਨ ਇੰਡਸਟਰੀਜ਼ ਦੇ ਸਾਂਝੇ ਦ੍ਰਿਸ਼ਟੀਕੋਣ ਵਿੱਚੋਂ ਉਪਜਿਆ ਹੈ। ਡਾ. ਜਸਪਾਲ ਸਿੰਘ ਹੁੰਦਲ, ਪ੍ਰਮੁੱਖ ਨਿਰੀਖਕ ਅਤੇ ਪਸ਼ੂ ਆਹਾਰ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਫੀਡ, ਚਾਰਾ, ਸਾਈਲੇਜ, ਅਫਲਾਟੌਕਸਿਨ ਅਤੇ ਦੁੱਧ ਦੀ ਜਾਂਚ ਲਈ ਇੱਕ ਪੂਰੀ ਤਰ੍ਹਾਂ ਢੁੱਕਵੀਂ, ਪ੍ਰਯੋਗਸ਼ਾਲਾ-ਆਨ-ਵ੍ਹੀਲ ਸਥਾਪਿਤ ਕੀਤੀ ਜਾਵੇਗੀ। ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੇ ਹੋਏ ਇਹ ਪ੍ਰਯੋਗਸ਼ਾਲਾ ਮੁਫਤ ਟੈਸਟਿੰਗ, ਸਲਾਹਕਾਰ ਸੇਵਾਵਾਂ, ਰਾਸ਼ਨ ਫਾਰਮੂਲਾ ਅਤੇ ਫੀਡ ਸੁਰੱਖਿਆ, ਲੇਵੇ ਦੀ ਸੋਜ ਦੀ ਰੋਕਥਾਮ, ਸਾਈਲੇਜ ਪ੍ਰਬੰਧਨ ਅਤੇ ਆਧੁਨਿਕ ਡੇਅਰੀ ਤਕਨਾਲੋਜੀਆਂ ਬਾਰੇ ਕਿਸਾਨ ਜਾਗਰੂਕਤਾ ਪ੍ਰੋਗਰਾਮ ਪ੍ਰਦਾਨ ਕਰੇਗੀ। ਡਾ. ਸਵਰਨ ਸਿੰਘ ਰੰਧਾਵਾ, ਖੋਜ ਨਿਰਦੇਸ਼ਕ ਨੇ ਗ੍ਰਾਂਟ ਪ੍ਰਾਪਤ ਕਰਨ ਲਈ ਪ੍ਰਾਜੈਕਟ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪ੍ਰਾਜੈਕਟ, ਪਸ਼ੂਧਨ ਪਸਾਰ ਅਤੇ ਕਿਸਾਨ-ਕੇਂਦ੍ਰਿਤ ਸੇਵਾ ਮੁਹੱਈਆ ਕਰਨ ਲਈ ਇੱਕ ਨਮੂਨੇ ਵਜੋਂ ਕੰਮ ਕਰੇਗਾ। ਇਸਦੇ ਪ੍ਰਭਾਵ ਅਤੇ ਨਤੀਜਿਆਂ ਦੇ ਅਧਾਰ ਤੇ ਵੈਟਰਨਰੀ ਯੂਨੀਵਰਸਿਟੀ ਅਤੇ ਕੇਮਿਨ ਇੰਡਸਟਰੀਜ਼ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੱਕ ਪਹੁੰਚ ਕਰਨ ਅਤੇ ਵਿਗਿਆਨਕ ਪਸ਼ੂਧਨ ਸਲਾਹਕਾਰੀ ਅਤੇ ਨਿਰੀਖਣ ਸੇਵਾਵਾਂ ਤੱਕ ਕਿਸਾਨਾਂ ਦੀ ਪਹੁੰਚ ਨੂੰ ਵਧਾਉਣ ਦੇ ਟੀਚੇ ਦਾ ਇਰਾਦਾ ਰੱਖਦੇ ਹਨ।