ਵਿਧਾਇਕ ਸਿੱਧੂ ਤੇ ਕੌਂਸਲਰ ਨੋਨੀ ਨੇ ਲੋਕ ਮਿਲਣੀ ’ਚ ਸੁਣੀਆਂ ਸਮੱਸਿਆਵਾਂ
ਵਿਧਾਇਕ ਸਿੱਧੂ ਤੇ ਕੌਂਸਲਰ ਨੋਨੀ ਨੇ ਲੋਕ ਮਿਲਣੀ ’ਚ ਸੁਣੀਆਂ ਵਾਰਡ 42 ਦੇ ਨਿਵਾਸੀਆਂ ਸਮੱਸਿਆਵਾਂ
Publish Date: Sun, 21 Jun 2026 09:10 PM (IST)
Updated Date: Mon, 22 Jun 2026 04:16 AM (IST)

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਵਾਰਡ ਨੰਬਰ 42 ਦੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਦੇਣ ਦੇ ਉਦੇਸ਼ ਨਾਲ ਕੌਂਸਲਰ ਜਗਮੀਤ ਸਿੰਘ ਨੋਨੀ ਵੱਲੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਵਿਸ਼ੇਸ਼ ਲੋਕ ਮਿਲਣੀ ਮੀਟਿੰਗ ਦਾ ਕਰਵਾਈ ਗਈ। ਇਸ ਮੌਕੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਕਰੀਬ 300 ਤੋਂ ਵੱਧ ਲੋਕਾਂ ਨੇ ਮੀਟਿੰਗ ਵਿੱਚ ਪਹੁੰਚ ਕੇ ਆਪਣੀਆਂ ਸਮੱਸਿਆਵਾਂ ਤੇ ਸੁਝਾਅ ਵਿਧਾਇਕ ਤੇ ਕੌਂਸਲਰ ਦੇ ਸਾਹਮਣੇ ਰੱਖੇ। ਮੀਟਿੰਗ ਦੌਰਾਨ ਲੋਕਾਂ ਨੇ ਸੜਕਾਂ ਦੀ ਮੁਰੰਮਤ, ਸੀਵਰੇਜ ਪ੍ਰਬੰਧ, ਸਫ਼ਾਈ ਵਿਵਸਥਾ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਜੁੜੇ ਮੁੱਦਿਆਂ ਨੂੰ ਉਠਾਇਆ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਈ ਮਾਮਲਿਆਂ ਦਾ ਮੌਕੇ ’ਤੇ ਹੀ ਹੱਲ ਕਰਦਿਆਂ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਹਰ ਇਲਾਕੇ ਦੇ ਸੰਤੁਲਿਤ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਹੈ ਕਿ ਹਰ ਆਮ ਨਾਗਰਿਕ ਤੱਕ ਸਰਕਾਰੀ ਸਹੂਲਤਾਂ ਅਤੇ ਵਿਕਾਸ ਦੇ ਲਾਭ ਪਹੁੰਚਾਏ ਜਾਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਜਾਵੇ। ਕੌਂਸਲਰ ਜਗਮੀਤ ਸਿੰਘ ਨੋਨੀ ਨੇ ਕਿਹਾ ਕਿ ਵਾਰਡ ਨੰਬਰ 42 ਦੇ ਵਸਨੀਕਾਂ ਦੀ ਸੇਵਾ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਦੇ ਹਨ ਅਤੇ ਹਰ ਸਮੱਸਿਆ ਦੇ ਹੱਲ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਵਾਰਡ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਵਿਕਾਸ ਪ੍ਰੋਜੈਕਟ ਵੀ ਇਲਾਕੇ ਵਿੱਚ ਲਿਆਂਦੇ ਜਾਣਗੇ। ਵਿਧਾਇਕ ਤੇ ਕੌਂਸਲਰ ਨੇ ਵਾਰਡ ਵਾਸੀਆਂ ਨੂੰ ਭਰੌਸਾ ਦਿੱਤਾ ਕਿ ਉਨ੍ਹਾਂ ਮਿਆਰੀ ਮੁੱਢਲੀਆਂ ਸਹੂਲਤਾਂ ਮਹੁਈਆ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਬਲਵਿੰਦਰ ਹਾਂਡਾ, ਵਿਪਨ ਸੇਠੀ, ਊਸ਼ਾ ਰਾਣੀ, ਜਸਪਾਲ ਹਾਂਡਾ, ਅਮਰਨਾਥ ਸਿੰਘ, ਅਵਤਾਰ ਸਿੰਘ ਕੰਡਾ, ਬਲਵੀਰ ਸਿੰਘ, ਜਗਜੀਵਨ ਲਾਲ, ਸੋਨਿਕਾ ਕੌਸ਼ਲ, ਬੀਬੀ ਦਲਜੀਤ ਕੌਰ, ਰਾਕੇਸ਼ ਕੁਮਾਰ ਬਾਵਾ ਸਮੇਤ ਵੱਡੀ ਗਿਣਤੀ ਵਿੱਚ ਵਾਰਡ 42 ਦੇ ਨਿਵਾਸੀ ਹਾਜ਼ਰ ਸਨ।