- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਹਸਪਤਾਲ ਵਿਖੇ ਮੈਥਾਡੋਨ ਮੇਨਟੇਨੈਂਸ ਥੈਰਪੀ ਕਲੀਨਿਕ ਦਾ ਉਦਘਾਟਨ

-ਕਿਹਾ, ਨਸ਼ਾ ਛੱਡਣ ਵੱਲ ਸਰਕਾਰ ਨੇ ਚੁੱਕਿਆ ਇਕ ਹੋਰ ਅਹਿਮ ਕਦਮ
ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਦੇ ਮਿਸ਼ਨ ਨੂੰ ਹੋਰ ਮਜ਼ਬੂਤ ਕਰਨ ਲਈ ਸਿਵਲ ਹਸਪਤਾਲ ਵਿਖੇ ਮੈਥਾਡੋਨ ਮੈਂਟੀਨੈਂਸ ਥੈਰੇਪੀ (ਐੱਮਐੱਮਟੀ) ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ਨਸ਼ੇ ਦੀ ਲਤ ਨਾਲ ਜੂਝ ਰਹੇ ਨੌਜਵਾਨਾਂ ਨੂੰ ਮੁੜ ਆਮ ਤੇ ਸਿਹਤਮੰਦ ਜੀਵਨ ਵੱਲ ਲਿਆਉਣ ਲਈ ਇਹ ਕਲੀਨਿਕ ਇੱਕ ਅਹਿਮ ਭੂਮਿਕਾ ਨਿਭਾਏਗਾ। ਸਿਹਤ ਮੰਤਰੀ ਨੇ ਦੱਸਿਆ ਕਿ ਮੈਥਾਡੋਨ ਇੱਕ ਤਰਲ (ਲਿਕੁਇਡ) ਦਵਾਈ ਹੈ, ਜੋ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਜੋ ਓਪੀਓਇਡ ਜਾਂ ਟੀਕਿਆਂ ਰਾਹੀਂ ਨਸ਼ਾ ਕਰਨ ਦੀ ਲਤ ਨਾਲ ਪੀੜਤ ਹਨ। ਉਨ੍ਹਾਂ ਕਿਹਾ ਕਿ ਇਸ ਥੈਰੇਪੀ ਨਾਲ ਨਸ਼ੇ ਦੀ ਤੀਬਰ ਤਲਬ (ਕ੍ਰੇਵਿੰਗ) ਅਤੇ ਸਰੀਰ ਵਿੱਚ ਹੋਣ ਵਾਲੀ ਤਕਲੀਫ਼ (ਵਿਡਰਾਲ) ਨੂੰ ਕਾਬੂ ਕਰਨ ਵਿਚ ਕਾਫ਼ੀ ਮਦਦ ਮਿਲਦੀ ਹੈ, ਜਿਸ ਨਾਲ ਮਰੀਜ਼ ਹੌਲੀ-ਹੌਲੀ ਨਸ਼ੇ ਤੋਂ ਦੂਰ ਹੋ ਕੇ ਆਮ ਜ਼ਿੰਦਗੀ ਵੱਲ ਵਾਪਸ ਆ ਸਕਦੇ ਹਨ। ਪੰਜਾਬ ਸਰਕਾਰ ਲੋਕ ਭਲਾਈ ਦੀਆਂ ਨੀਤੀਆਂ ਨੂੰ ਲਗਾਤਾਰ ਅਮਲ ਵਿੱਚ ਲਿਆ ਰਹੀ ਹੈ ਅਤੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਹੁਣ ਤੱਕ 68 ਹਜਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਤੇ ਸਿਹਤ ਸੇਵਾਵਾਂ ਨੂੰ ਵੀ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਅਨੁਸਾਰ ਨਸ਼ਾ ਕੇਵਲ ਇੱਕ ਵਿਅਕਤੀ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਨਸ਼ੇ ਦੀ ਲਤ ਵਿੱਚ ਫਸੇ ਨੌਜਵਾਨਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।
ਇਸ ਮੌਕੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਨਸ਼ੇ ਦੀ ਲਪੇਟ ਵਿੱਚ ਆਏ ਨੌਜਵਾਨ ਨੂੰ ਆਪਣੇ ਹੱਥੀ ਦਵਾਈ ਪਿਲਾਈ ਅਤੇ ਮੀਡੀਆ ਨੂੰ ਟੀਕੇ ਲਗਾ ਲਗਾ ਕੇ ਨਸਾਂ ਦੀ ਹਾਲਤ ਬਾਰੇ ਦੱਸਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਛੱਡਣ ਦੇ ਇੱਛੁਕ ਵਿਅਕਤੀ ਬਿਨਾਂ ਕਿਸੇ ਝਿਜਕ ਦੇ ਸਰਕਾਰੀ ਸਿਹਤ ਸੰਸਥਾਵਾਂ ਨਾਲ ਸੰਪਰਕ ਕਰਨ ਤੇ ਇਲਾਜ ਦਾ ਲਾਭ ਲੈਣ। ਇਸ ਮੌਕੇ ਸਿਹਤ ਮੰਤਰੀ ਦੇ ਨਾਲ ਐੱਮਐੱਲਏ ਦਲਜੀਤ ਸਿੰਘ ਗਰੇਵਾਲ ਭੋਲਾ ਸਿਵਲ ਸਰਜਨ ਲੁਧਿਆਣਾ ਰਮਨਦੀਪ ਕੌਰ, ਸੀਨੀਅਰ ਮੈਡੀਕਲ ਅਫਸਰ ਡਾ. ਅਖਿਲ ਸਰੀਨ, ਡਾ. ਰੋਹਿਤ ਰਾਮਪਾਲ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਡਾਕਟਰ, ਸਿਵਲ ਹਸਪਤਾਲ ਦਾ ਸਟਾਫ਼ ਅਤੇ ਹੋਰ ਪਤਵੰਤੇ ਵੀ ਮੌਜੂਦ ਰਹੇ। ਉਨ੍ਹਾਂ ਨੇ ਆਸ ਜਤਾਈ ਕਿ ਇਹ ਕਲੀਨਿਕ ਨਸ਼ਾ ਮੁਕਤੀ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।