- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਦੀਪ ਸਿੰਘ ਨਾਗਰਾ ਦਾ ਨਾਮ ਇਸ ਤੋਂ ਪਹਿਲਾਂ ਵੀ ਕੇਂਦਰੀ ਜਾਂਚ ਏਜੰਸੀਆਂ ਦੀਆਂ ਕਾਰਵਾਈਆਂ ਕਾਰਨ ਚਰਚਾ ’ਚ ਰਿਹਾ ਹੈ। ਸਤੰਬਰ 2024 ’ਚ ਈਡੀ ਨੇ ਉਸ ਨੂੰ ਪੰਜਾਬ ਦੇ ਅਨਾਜ ਢੋਆ-ਢੁਆਈ ਅਤੇ ਲੇਬਰ-ਕਾਰਟੇਜ ਟੈਂਡਰ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ।

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ: ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਸੀਬੀਆਈ ਵੱਲੋਂ ਦਰਜ ਮਾਮਲੇ ਦੀਆਂ ਤਾਰਾਂ ਖੰਨਾ ਨਾਲ ਵੀ ਜੁੜ ਗਈਆਂ ਹਨ। ਐੱਫਆਈਆਰ ’ਚ ਨਾਮਜ਼ਦ ਆਰਐੱਸ ਨਾਗਰਾ ਦੀ ਪਛਾਣ ਰਾਜਦੀਪ ਸਿੰਘ ਨਾਗਰਾ ਵਜੋਂ ਹੋਈ ਹੈ, ਜੋ ਖੰਨਾ ਹਲਕੇ ਦੇ ਪਿੰਡ ਇਕੋਲਾਹੀ ਦਾ ਵਸਨੀਕ ਹੈ। ਉਹ ਏਸ਼ੀਆ ਦੀ ਵੱਡੀ ਅਨਾਜ ਮੰਡੀ ਖੰਨਾ ’ਚ ਆੜ੍ਹਤੀ ਹੋਣ ਦੇ ਨਾਲ ਸ਼ੈਲਰ ਦਾ ਕਾਰੋਬਾਰ ਵੀ ਕਰਦਾ ਹੈ।
ਰਾਜਦੀਪ ਸਿੰਘ ਨਾਗਰਾ ਦਾ ਨਾਮ ਇਸ ਤੋਂ ਪਹਿਲਾਂ ਵੀ ਕੇਂਦਰੀ ਜਾਂਚ ਏਜੰਸੀਆਂ ਦੀਆਂ ਕਾਰਵਾਈਆਂ ਕਾਰਨ ਚਰਚਾ ’ਚ ਰਿਹਾ ਹੈ। ਸਤੰਬਰ 2024 ’ਚ ਈਡੀ ਨੇ ਉਸ ਨੂੰ ਪੰਜਾਬ ਦੇ ਅਨਾਜ ਢੋਆ-ਢੁਆਈ ਅਤੇ ਲੇਬਰ-ਕਾਰਟੇਜ ਟੈਂਡਰ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਵੱਲੋਂ ਠੇਕੇਦਾਰਾਂ ਤੋਂ ਕਥਿਤ ਕਮਿਸ਼ਨ ਲੈਣ ਅਤੇ ਸਾਬਕਾ ਮੰਤਰੀ ਤੇ ਸਰਕਾਰੀ ਅਧਿਕਾਰੀਆਂ ਤੱਕ ਪੈਸਾ ਪਹੁੰਚਾਉਣ ’ਚ ਉਸ ਦੀ ਭੂਮਿਕਾ ਦੀ ਜਾਂਚ ਕੀਤੀ ਗਈ ਸੀ। ਨਾਗਰਾ ਨੂੰ ਸਾਬਕਾ ਮੰਤਰੀ ਆਸ਼ੂ ਦਾ ਕਰੀਬੀ ਦੱਸਿਆ ਗਿਆ ਸੀ।
ਹੁਣ ਨਾਗਰਾ ਦਾ ਨਾਮ ਮੁੱਖ ਮੰਤਰੀ ਦੇ ਓਐੱਸਡੀ ਘੁੰਮਣ ਨਾਲ ਜੁੜੇ ਸੀਬੀਆਈ ਮਾਮਲੇ ’ਚ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੀਬੀਆਈ ਪੰਜਾਬ ’ਚ ਅਧਿਕਾਰੀਆਂ ਦੀਆਂ ਤਾਇਨਾਤੀਆਂ ਤੇ ਤਬਾਦਲਿਆਂ, ਟੈਂਡਰਾਂ ਅਤੇ ਨੀਤੀਗਤ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੇ ਕਥਿਤ ਮਾਮਲੇ ਦੀ ਜਾਂਚ ਕਰ ਰਹੀ ਹੈ। ਐੱਫਆਈਆਰ ’ਚ 2023 ਤੋਂ 2026 ਤੱਕ ਦੀਆਂ ਗਤੀਵਿਧੀਆਂ ਦਾ ਜ਼ਿਕਰ ਹੈ।
ਹਾਲ ਹੀ ’ਚ ਹੋਈ ਈਡੀ ਦੀ ਜਾਂਚ ਦੌਰਾਨ ਨਿਤਿਨ ਗੋਹਲ ਤੋਂ ਕੀਤੀ ਪੁੱਛਗਿੱਛ ’ਚ ਵੀ ਨਾਗਰਾ ਦਾ ਨਾਮ ਸਾਹਮਣੇ ਆਇਆ ਸੀ। ਗੋਹਲ ਨੇ ਦੱਸਿਆ ਸੀ ਕਿ ਉਹ 2022-23 ਦੌਰਾਨ ਇੱਕ ਦੋਸਤ ਰਾਹੀਂ ਨਾਗਰਾ ਦੇ ਸੰਪਰਕ ’ਚ ਆਇਆ ਸੀ। ਉਸ ਦੇ ਮੁਤਾਬਕ ਨਾਗਰਾ ਨੇ ਪੰਜਾਬ ਸਰਕਾਰ ਦੇ ਟੈਂਡਰਾਂ ਅਤੇ ਪ੍ਰਾਜੈਕਟਾਂ ਸਬੰਧੀ ਮਦਦ ਮੰਗੀ ਸੀ। ਗੋਹਲ ਨੇ ਇਹ ਵੀ ਦੱਸਿਆ ਕਿ ਨਾਗਰਾ ਦੇ ਕਹਿਣ ’ਤੇ ਉਸ ਨੇ ਅਧਿਕਾਰੀਆਂ ਦੀਆਂ ਤਾਇਨਾਤੀਆਂ ਤੇ ਤਬਾਦਲਿਆਂ ਅਤੇ ਕੁਝ ਟੈਂਡਰਾਂ, ਜਿਨ੍ਹਾਂ ’ਚ ਮਿਲਕਫੈੱਡ ਦੇ ਟੈਂਡਰ ਵੀ ਸ਼ਾਮਲ ਸਨ, ਸਬੰਧੀ ਤਬਦੀਲੀਆਂ ਲਈ ਕਿਹਾ ਸੀ। ਈਡੀ ਨੇ ‘ਸਟੇਟ ਪਾਲਿਸੀ ਫਾਰ ਫੂਡਗ੍ਰੇਨ ਲੇਬਰ ਐਂਡ ਕਾਰਟੇਜ 2024’ ਸਿਰਲੇਖ ਵਾਲੀ ਪੀਪੀਟੀ ਦਾ ਵੀ ਹਵਾਲਾ ਲਿਆ ਸੀ, ਜੋ ਗੋਹਲ ਨੇ ਨਾਗਰਾ ਨੂੰ ਭੇਜੀ ਸੀ।
ਨਕਲੀ ਸ਼ਰਾਬ ਫੈਕਟਰੀ ਮਾਮਲੇ ’ਚ ਵੀ ਆਇਆ ਸੀ ਨਾਮ
ਖੰਨਾ ਦੇ ਪਿੰਡ ਬਾਹੋਮਾਜਰਾ ’ਚ ਕੋਰੋਨਾ ਕਾਲ ਦੌਰਾਨ ਫੜੀ ਗਈ ਕਥਿਤ ਨਕਲੀ ਸ਼ਰਾਬ ਫੈਕਟਰੀ ਦੇ ਮਾਮਲੇ ’ਚ ਵੀ ਨਾਗਰਾ ਦਾ ਨਾਮ ਸਾਹਮਣੇ ਆਇਆ ਸੀ। ਵਿਰੋਧੀ ਧਿਰਾਂ ਨੇ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਜਿਸ ਗੋਦਾਮ ’ਚ ਕਥਿਤ ਫੈਕਟਰੀ ਚੱਲ ਰਹੀ ਸੀ, ਉੱਥੇ ਬਿਜਲੀ ਦਾ ਕੁਨੈਕਸ਼ਨ ਨਾਗਰਾ ਦੇ ਇੱਕ ਕਰਮਚਾਰੀ ਦੇ ਨਾਮ ’ਤੇ ਹੋਣ ਦੀ ਗੱਲ ਸਾਹਮਣੇ ਆਈ ਸੀ। ਨਾਗਰਾ ਦਾ ਘਰ ਵੀ ਫੈਕਟਰੀ ਤੋਂ ਕੁਝ ਦੂਰੀ ’ਤੇ ਦੱਸਿਆ ਗਿਆ ਸੀ। ਹਾਲਾਂਕਿ ਇਸ ਮਾਮਲੇ ’ਚ ਕੋਈ ਅੰਤਿਮ ਦੋਸ਼ ਸਾਬਤ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ।
ਕਾਂਗਰਸ ਤੋਂ ਬਾਅਦ ‘ਆਪ’ ਸਰਕਾਰ ਦੌਰਾਨ ਵੀ ਚਰਚਾ
ਨਾਗਰਾ ਦੇ ਸਿਆਸੀ ਸਬੰਧਾਂ ਨੂੰ ਲੈ ਕੇ ਵੀ ਪਹਿਲਾਂ ਚਰਚਾ ਰਹੀ ਹੈ। ਉਸ ਨੂੰ ਸਾਬਕਾ ਕਾਂਗਰਸੀ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਕਰੀਬੀ ਵਜੋਂ ਵੀ ਦੱਸਿਆ ਜਾਂਦਾ ਰਿਹਾ ਹੈ। ਹੁਣ ‘ਆਪ’ ਸਰਕਾਰ ਦੇ ਕਾਰਜਕਾਲ ਨਾਲ ਸਬੰਧਤ ਕਥਿਤ ਟ੍ਰਾਂਸਫਰ-ਪੋਸਟਿੰਗ ਅਤੇ ਨੀਤੀਗਤ ਪ੍ਰਭਾਵ ਦੇ ਮਾਮਲੇ ’ਚ ਸੀਬੀਆਈ ਐੱਫਆਈਆਰ ’ਚ ਉਸ ਦਾ ਨਾਮ ਆਉਣ ਨਾਲ ਖੰਨਾ ਦੀ ਸਿਆਸਤ ’ਚ ਵੀ ਇਸ ਮਾਮਲੇ ਦੀ ਚਰਚਾ ਤੇਜ਼ ਹੋ ਗਈ ਹੈ।