ਸ਼ਰਮਨਾਕ ਕਰਤੂਤ : ਚਲਦੀ ਕਾਰ ’ਚ ਵਸ਼ੀਕਰਨ ਕਰਕੇ ਖਾਲੀ ਪਲਾਟ ’ਚ ਕੀਤਾ ਜਬਰ-ਜਨਾਹ , ਅਸ਼ਲੀਲ ਤਸਵੀਰਾਂ ਵੀ ਖਿੱਚੀਆਂ
ਅਖਬਾਰ ’ਚ ਤਾਂਤਰਿਕ ਵਿਦਿਆ ਰਾਹੀਂ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਇਸ਼ਤਿਹਾਰ ਦੇਣ ਵਾਲੇ ਇੱਕ ਵਿਅਕਤੀ ਖ਼ਿਲਾਫ਼ ਇੱਕ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਥਾਣਾ ਸ਼ਿਮਲਾਪੁਰੀ ਪੁਲਿਸ ਨੇ ਕੇਸ ਦਰਜ ਕੀਤਾ ਹੈ।
Publish Date: Tue, 07 Jul 2026 01:28 PM (IST)
Updated Date: Tue, 07 Jul 2026 01:34 PM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ। ਅਖਬਾਰ ’ਚ ਤਾਂਤਰਿਕ ਵਿਦਿਆ ਰਾਹੀਂ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਇਸ਼ਤਿਹਾਰ ਦੇਣ ਵਾਲੇ ਇੱਕ ਵਿਅਕਤੀ ਖ਼ਿਲਾਫ਼ ਇੱਕ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਥਾਣਾ ਸ਼ਿਮਲਾਪੁਰੀ ਪੁਲਿਸ ਨੇ ਕੇਸ ਦਰਜ ਕੀਤਾ ਹੈ।
ਦੋਸ਼ ਹੈ ਕਿ ਮੁਲਜ਼ਮ ਨੇ ਉਪਾਏ ਕਰਨ ਦਾ ਭਰੋਸਾ ਦੇ ਕੇ ਔਰਤ ਨੂੰ ਆਪਣੇ ਕੋਲ ਬੁਲਾਇਆ ਅਤੇ ਬਾਅਦ ’ਚ ਕਾਰ ਵਿੱਚ ਬਿਠਾ ਕੇ ਖਾਲੀ ਪਲਾਟ ਵਿੱਚ ਲੈ ਜਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਇਸ ਦੌਰਾਨ ਮੁਲਜ਼ਮ ਨੇ ਪੀੜਤਾ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਖਿੱਚ ਲਈਆਂ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਪੀੜਤਾ ਨੇ ਅਖਬਾਰ ’ਚ ਛਪਿਆ ਇੱਕ ਇਸ਼ਤਿਹਾਰ ਪੜ੍ਹਿਆ ਸੀ, ਜਿਸ ਵਿੱਚ ਮੁਲਜ਼ਮ ਆਪਣੇ ਆਪ ਨੂੰ ਤਾਂਤਰਿਕ ਦੱਸ ਕੇ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਦਾਅਵਾ ਕਰਦਾ ਸੀ। ਇਸ਼ਤਿਹਾਰ ਦੇਖਣ ਤੋਂ ਬਾਅਦ ਸਰੀਰਕ ਸਮੱਸਿਆ ਨਾਲ ਉਲਝ ਰਹੀ ਔਰਤ ਨੇ ਆਪਣੇ ਬਿਮਾਰੀ ਦਾ ਇਲਾਜ ਕਰਵਾਉਣ ਲਈ ਉਸ ਨਾਲ ਸੰਪਰਕ ਕੀਤਾ।
ਸ਼ਿਕਾਇਤ ਅਨੁਸਾਰ ਮੁਲਜ਼ਮ ਨੇ ਉਪਾਏ ਕਰਨ ਦੇ ਬਹਾਨੇ ਔਰਤ ਨੂੰ ਆਪਣੇ ਕੋਲ ਬੁਲਾਇਆ। ਫਿਰ ਉਹ ਉਸ ਨੂੰ ਕਾਰ ’ਚ ਬਿਠਾ ਕੇ ਗਿੱਲ ਨਹਿਰ ਤੋਂ ਗਿੱਲ ਚੌਕ ਵੱਲ ਲੈ ਗਿਆ। ਮਹਿਲਾਂ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਰਾਹ ਵਿੱਚ ਉਸ ਉੱਪਰ ਵਸ਼ੀਕਰਨ ਕਰ ਦਿੱਤਾ ਅਤੇ ਰਸਤੇ ਵਿੱਚ ਇੱਕ ਸੁੰਨਸਾਨ ਖਾਲੀ ਪਲਾਟ ਵਿੱਚ ਕਾਰ ਰੋਕ ਕੇ ਉਸ ਨਾਲ ਜਬਰ-ਜਨਾਹ ਕੀਤਾ।
ਦੋਸ਼ ਹੈ ਕਿ ਇਸ ਦੌਰਾਨ ਉਸ ਨੇ ਔਰਤ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਖਿੱਚ ਲਈਆਂ।
ਸ਼ਿਕਾਇਤ ਦੀ ਜਾਂਚ ਤੋਂ ਬਾਅਦ ਥਾਣਾ ਸ਼ਿਮਲਾਪੁਰੀ ਪੁਲਿਸ ਨੇ ਰਾਜਪੁਰਾ ਨੇੜਲੇ ਪਿੰਡ ਜੰਡੋਲੀ ਦੇ ਰਹਿਣ ਵਾਲੇ ਗੁਰਦੇਵ ਸਿੰਘ ਉਰਫ਼ ਸ਼ੈਟੀ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ਿਮਲਾਪੁਰੀ ਦੇ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅਗਲੇਰੀ ਜਾਂਚ ਉਪਰੰਤ ਜਲਦੀ ਹੀ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।