
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਪਰਵਾਈਜ਼ਰ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਚੋਰਾਂ ਦੇ ਫੈਕਟਰੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਉੱਥੇ ਲੱਗੇ ਸੀਸੀਟੀਵੀ ਕੈਮਰੇ ਬੰਦ ਹੋ ਗਏ ਸਨ। ਕੈਮਰੇ ਆਪਣੇ ਆਪ ਕਿਸੇ ਤਕਨੀਕੀ ਖ਼ਰਾਬੀ ਕਾਰਨ ਬੰਦ ਹੋਏ ਜਾਂ ਉਨ੍ਹਾਂ ਨੂੰ ਕਿਸੇ ਨੇ ਜਾਣਬੁੱਝ ਕੇ ਬੰਦ ਕੀਤਾ, ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋ ਸਕਿਆ। ਸਵੇਰੇ 9 ਵਜੇ ਦੇ ਕਰੀਬ ਕੈਮਰੇ ਆਪਣੇ ਆਪ ਚਾਲੂ ਹੋ ਗਏ। ਇਸ ਪਹਿਲੂ ਨੂੰ ਪੁਲਿਸ ਨੇ ਜਾਂਚ ਵਿੱਚ ਖ਼ਾਸ ਤੌਰ ’ਤੇ ਸ਼ਾਮਲ ਕੀਤਾ ਹੈ।

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ। ਕੋਹਾੜਾ ਰੋਡ ਸਥਿਤ ਏਐਨਪੀ ਟੈਕਸਟਾਈਲ ਫੈਕਟਰੀ ਵਿੱਚ ਚੋਰਾਂ ਨੇ ਸੁਰੱਖਿਆ ਪ੍ਰਬੰਧਾਂ ਨੂੰ ਚੁਣੌਤੀ ਦਿੰਦਿਆਂ ਰਾਤ ਸਮੇਂ ਫਾਇਰ ਬ੍ਰਿਗੇਡ ਦੇ ਪਾਈਪ ਦੇ ਜ਼ਰੀਏ ਪਹਿਲੀ ਮੰਜ਼ਿਲ ’ਤੇ ਚੜ੍ਹ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਚੋਰ ਦਰਵਾਜ਼ਾ ਤੋੜ ਕੇ ਫੈਕਟਰੀ ਦੇ ਅੰਦਰ ਦਾਖਲ ਹੋਏ ਅਤੇ 30 ਤੋਂ ਵੱਧ ਬੋਰੇ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਕੀਮਤ ਕਰੀਬ 7 ਤੋਂ 8 ਲੱਖ ਰੁਪਏ ਦੱਸੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਦੇ ਦਾਖਲ ਹੋਣ ਤੋਂ ਪਹਿਲਾਂ ਹੀ ਫੈਕਟਰੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਬੰਦ ਹੋ ਗਏ ਸਨ। ਕੈਮਰੇ ਤਕਨੀਕੀ ਖ਼ਰਾਬੀ ਕਾਰਨ ਬੰਦ ਹੋਏ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਸੀ, ਇਹ ਪੁਲਿਸ ਜਾਂਚ ਦਾ ਵਿਸ਼ਾ ਬਣ ਗਿਆ ਹੈ।
ਥਾਣਾ ਜਮਾਲਪੁਰ ਅਧੀਨ ਕੋਹਾੜਾ ਰੋਡ ’ਤੇ ਸਥਿਤ ਏਐਨਪੀ ਟੈਕਸਟਾਈਲ ਫੈਕਟਰੀ ਵਿੱਚ ਹੋਈ ਲੱਖਾਂ ਰੁਪਏ ਦੀ ਚੋਰੀ ਨੇ ਪੁਲਿਸ ਲਈ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਚੋਰਾਂ ਨੇ ਫੈਕਟਰੀ ਦੇ ਪਿਛਲੇ ਪਾਸੇ ਤੋਂ ਰਸਤਾ ਬਣਾਉਂਦਿਆਂ ਫਾਇਰ ਬ੍ਰਿਗੇਡ ਦੇ ਪਾਈਪ ਦੇ ਜ਼ਰੀਏ ਪਹਿਲੀ ਮੰਜ਼ਿਲ ਤੱਕ ਪਹੁੰਚ ਕੀਤੀ ਅਤੇ ਉੱਥੇ ਲੱਗਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਗਏ। ਇਸ ਤੋਂ ਬਾਅਦ ਚੋਰ ਫੈਕਟਰੀ ਵਿੱਚੋਂ 30 ਤੋਂ ਵੱਧ ਬੋਰੇ ਚੋਰੀ ਕਰਕੇ ਫਰਾਰ ਹੋ ਗਏ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਫੈਕਟਰੀ ਦੇ ਸੁਪਰਵਾਈਜ਼ਰ ਪਿੰਕੂ ਨੇ ਦੱਸਿਆ ਕਿ ਉਹ ਏਐਨਪੀ ਟੈਕਸਟਾਈਲ ਵਿੱਚ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਹੈ। ਸਵੇਰੇ ਕਰੀਬ 8 ਵਜੇ ਜਦੋਂ ਉਹ ਫੈਕਟਰੀ ਵਿੱਚ ਪਹੁੰਚਿਆ ਤਾਂ ਉਸ ਨੇ ਦਫ਼ਤਰ ਦਾ ਸ਼ੀਸ਼ਾ ਟੁੱਟਿਆ ਹੋਇਆ ਦੇਖਿਆ। ਇਸ ਤੋਂ ਬਾਅਦ ਜਦੋਂ ਫੈਕਟਰੀ ਦੇ ਅੰਦਰ ਅਤੇ ਬਾਹਰ ਜਾਂਚ ਕੀਤੀ ਗਈ ਤਾਂ ਧਾਗੇ ਦੇ 30 ਤੋਂ ਵੱਧ ਬੋਰੇ ਗਾਇਬ ਮਿਲੇ। ਇਨ੍ਹਾਂ ਦੀ ਕੀਮਤ ਕਰੀਬ 7 ਤੋਂ 8 ਲੱਖ ਰੁਪਏ ਦੱਸੀ ਗਈ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਚੋਰਾਂ ਨੇ ਫੈਕਟਰੀ ਵਿੱਚ ਆਮ ਰਸਤੇ ਤੋਂ ਦਾਖਲਹੋਣ ਦੀ ਬਜਾਏ ਫਾਇਰ ਬ੍ਰਿਗੇਡ ਦੇ ਪਾਈਪ ਨੂੰ ਸਹਾਰਾ ਬਣਾਇਆ ਅਤੇ ਉਸ ਦੇ ਜ਼ਰੀਏ ਪਹਿਲੀ ਮੰਜ਼ਿਲ ’ਤੇ ਚੜ੍ਹ ਗਏ। ਪਹਿਲੀ ਮੰਜ਼ਿਲ ’ਤੇ ਪਹੁੰਚਣ ਤੋਂ ਬਾਅਦ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਵੱਡੀ ਮਾਤਰਾ ਵਿੱਚ ਪਿਆ ਸਮਾਨ ਬਾਹਰ ਕੱਢ ਕੇ ਲੈ ਗਏ।
ਸੁਪਰਵਾਈਜ਼ਰ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਚੋਰਾਂ ਦੇ ਫੈਕਟਰੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਉੱਥੇ ਲੱਗੇ ਸੀਸੀਟੀਵੀ ਕੈਮਰੇ ਬੰਦ ਹੋ ਗਏ ਸਨ। ਕੈਮਰੇ ਆਪਣੇ ਆਪ ਕਿਸੇ ਤਕਨੀਕੀ ਖ਼ਰਾਬੀ ਕਾਰਨ ਬੰਦ ਹੋਏ ਜਾਂ ਉਨ੍ਹਾਂ ਨੂੰ ਕਿਸੇ ਨੇ ਜਾਣਬੁੱਝ ਕੇ ਬੰਦ ਕੀਤਾ, ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋ ਸਕਿਆ। ਸਵੇਰੇ 9 ਵਜੇ ਦੇ ਕਰੀਬ ਕੈਮਰੇ ਆਪਣੇ ਆਪ ਚਾਲੂ ਹੋ ਗਏ। ਇਸ ਪਹਿਲੂ ਨੂੰ ਪੁਲਿਸ ਨੇ ਜਾਂਚ ਵਿੱਚ ਖ਼ਾਸ ਤੌਰ ’ਤੇ ਸ਼ਾਮਲ ਕੀਤਾ ਹੈ।
ਇੰਨੀ ਵੱਡੀ ਮਾਤਰਾ ਵਿੱਚ ਬੋਰੇ ਚੋਰੀ ਕਰਕੇ ਲਿਜਾਣ ਲਈ ਵਾਹਨ ਦੀ ਵਰਤੋਂ ਹੋਣ ਦਾ ਵੀ ਸ਼ੱਕ ਹੈ। ਸੁਪਰਵਾਈਜ਼ਰ ਮੁਤਾਬਕ 30 ਤੋਂ ਵੱਧ ਬੋਰੇ ਕਿਸੇ ਦੋਪਹੀਆ ਵਾਹਨ ’ਤੇ ਲਿਜਾਣਾ ਸੰਭਵ ਨਹੀਂ, ਇਸ ਲਈ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਚੋਰ ਕਿਸੇ ਚਾਰ ਪਹੀਆ ਵਾਹਨ, ਛੋਟੇ ਹਾਥੀ ਜਾਂ ਟੈਂਪੂ ਵਰਗੇ ਵਾਹਨ ਵਿੱਚ ਸਮਾਨ ਲੱਦ ਕੇ ਲੈ ਕੇ ਗਏ ਹੋ ਸਕਦੇ ਹਨ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਫੈਕਟਰੀ ਦੇ ਆਲੇ-ਦੁਆਲੇ ਦੇ ਇਲਾਕੇ ਤੋਂ ਇਲਾਵਾ ਨੇੜਲੀਆਂ ਹੋਰ ਫੈਕਟਰੀਆਂ ਅਤੇ ਮੁੱਖ ਰਸਤਿਆਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਹੜੇ ਸ਼ੱਕੀ ਵਿਅਕਤੀ ਜਾਂ ਵਾਹਨ ਇਲਾਕੇ ਵਿੱਚੋਂ ਲੰਘੇ ਸਨ। ਪੁਲਿਸ ਨੂੰ ਉਮੀਦ ਹੈ ਕਿ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਜਾਂਚ ਦੇ ਆਧਾਰ ’ਤੇ ਜਲਦ ਹੀ ਚੋਰਾਂ ਤੱਕ ਪਹੁੰਚ ਕੀਤੀ ਜਾ ਸਕੇਗੀ।