ਰੀਅਲ ਅਸਟੇਟ ਤੇ ਕੱਪੜੇ ਦੇ ਕਾਰੋਬਾਰੀ ਦੇ ਘਰ ਵੱਡੀ ਵਾਰਦਾਤ
ਰੀਅਲ ਅਸਟੇਟ ਅਤੇ ਕੱਪੜੇ ਦੇ ਕਾਰੋਬਾਰੀ ਦੇ ਘਰ ਵੱਡੀ ਵਾਰਦਾਤ
Publish Date: Sun, 21 Jun 2026 09:51 PM (IST)
Updated Date: Mon, 22 Jun 2026 04:16 AM (IST)

3 ਨੌਕਰਾਣੀਆਂ ਨੂੰ ਨਸ਼ੀਲੀ ਵਸਤੂ ਖਆ ਕੇ ਉਡਾਏ ਸੋਨੇ ਤੇ ਹੀਰਿਆਂ ਦੇ ਗਹਿਣੇ ਚੋਰੀ ਕੀਤੀ ਲੱਖਾਂ ਰੁਪਏ ਦੀ ਨਕਦੀ ਛੁੱਟੀਆਂ ਦੇ ਦਿਨਾਂ ਵਿੱਚ ਪਰਿਵਾਰ ਸਮੇਤ ਥਾਈਲੈਂਡ ਗਿਆ ਸੀ ਕਾਰੋਬਾਰੀ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸ਼ਹਿਰ ਦੇ ਪਾਸ਼ ਇਲਾਕੇ ਰਾਜਗੁਰੂ ਨਗਰ ਵਿੱਚ ਇੱਕ ਹੈਰਾਨੀਜਨਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਅੱਧੀ ਰਾਤ ਨੂੰ 2 ਅਣਪਛਾਤੇ ਲੁਟੇਰਿਆਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਘਰੇਲੂ ਨੌਕਰਾਣੀਆਂ ਨੂੰ ਨਸ਼ੀਲੀ ਵਸਤੂ ਖੁਆ ਕੇ ਬੇਹੋਸ਼ ਕੀਤਾ ਤੇ ਡਰਾਈਵਰ ਨੂੰ ਬੰਦੀ ਬਣਾ ਲਿਆ। ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਲੱਖਾਂ ਰੁਪਏ ਦੀ ਨਕਦੀ ਸਮੇਤ ਸੋਨੇ ਅਤੇ ਹੀਰਿਆਂ ਦੇ ਕੀਮਤੀ ਗਹਿਣੇ ਉਡਾਏ ਤੇ ਰਫੂ ਚੱਕਰ ਹੋ ਗਏ। ਇਹ ਵਾਰਦਾਤ ਰੀਅਲ ਅਸਟੇਟ ਅਤੇ ਕੱਪੜਾ ਕਾਰੋਬਾਰੀ ਸਾਹਿਲ ਧਵਨ ਦੇ ਘਰ ਵਾਪਰੀ। ਜਾਣਕਾਰੀ ਮੁਤਾਬਕ ਸਾਹਿਲ ਧਵਨ ਆਪਣੇ ਪਰਿਵਾਰ ਨਾਲ ਕੁੱਝ ਦਿਨ ਪਹਿਲਾਂ ਥਾਈਲੈਂਡ ਘੁੰਮਣ ਗਏ ਹੋਏ ਸਨ। ਘਰ ਦੀ ਦੇਖਭਾਲ ਲਈ ਉਨ੍ਹਾਂ ਦਾ ਡਰਾਈਵਰ ਤੇ ਘਰੇਲੂ ਨੌਕਰ, ਜੋ ਕਈ ਸਾਲਾਂ ਤੋਂ ਪਰਿਵਾਰ ਨਾਲ ਕੰਮ ਕਰ ਰਹੇ ਹਨ, ਘਰ ਵਿੱਚ ਹੀ ਮੌਜੂਦ ਸਨ। ਪੁਲਿਸ ਸੂਤਰਾਂ ਮੁਤਾਬਕ ਵੀਰਵਾਰ ਦੀ ਰਾਤ ਦੋ ਅਣਪਛਾਤੇ ਵਿਅਕਤੀ ਘਰ ਅੰਦਰ ਦਾਖਲ ਹੋਏ ਤੇ ਡਰਾਈਵਰ ਤੇ ਨੌਕਰ ਨੂੰ ਕਾਬੂ ਕਰ ਕੇ ਰੱਸੀਆਂ ਨਾਲ ਬੰਨ੍ਹ ਦਿੱਤਾ। ਐੱਫਆਈਆਰ ਦੇ ਮੁਤਾਬਕ ਮੁਲਜਮਾਂ ਨੇ ਜ਼ਬਰਦਸਤੀ ਕੋਈ ਨਸ਼ੀਲੀ ਵਸਤੂ ਖੁਆ ਕੇ ਨੌਕਰਾਨੀਆਂ ਨੂੰ ਬੇਸੁਧ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀਆਂ ਨੇ ਘਰ ਦੀ ਤਲਾਸ਼ੀ ਲੈ ਕੇ ਨਕਦੀ ਤੇ ਸੋਨੇ-ਹੀਰਿਆਂ ਦੇ ਕੀਮਤੀ ਗਹਿਣਿਆਂ ’ਤੇ ਹੱਥ ਸਾਫ਼ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਬਾਅਦ ’ਚ ਡਰਾਈਵਰ ਅਤੇ ਨੌਕਰ ਕਿਸੇ ਤਰ੍ਹਾਂ ਆਪਣੇ-ਆਪ ਨੂੰ ਆਜ਼ਾਦ ਕਰਵਾਉਣ ’ਚ ਕਾਮਯਾਬ ਹੋਏ ਤੇ ਉਨ੍ਹਾਂ ਨੇ ਤੁਰੰਤ ਸਾਹਿਲ ਧਵਨ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਧਵਨ ਪਰਿਵਾਰ ਵਿਦੇਸ਼ ਤੋਂ ਵਾਪਸ ਲੁਧਿਆਣਾ ਪਹੁੰਚਿਆ ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਥਾਣਾ ਸਰਾਭਾ ਨਗਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੇ ਹਰ ਪੱਖ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਰੇਲੂ ਨੌਕਰ ਤੇ ਡਰਾਈਵਰ ਦੀ ਭੂਮਿਕਾ ਦੀ ਵੀ ਤਸਦੀਕ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਲਿਆਂਦੀ ਜਾ ਸਕੇ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਲਈ ਹੈ ਤੇ ਮੁਲਜ਼ਮਾਂ ਦੀ ਪਛਾਣ ਲਈ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਸਨਸਨੀਖੇਜ਼ ਵਾਰਦਾਤ ਨੇ ਰਾਜਗੁਰੂ ਨਗਰ ਇਲਾਕੇ ਦੇ ਵਸਨੀਕਾਂ ’ਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।