- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਨਗਰ ਚੌਕ 'ਚ ਸਥਾਪਿਤ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਹੁਣ ਸ਼ਹਿਰ ਵਾਸੀਆਂ ਲਈ ਸਿਰਫ਼ ਇੱਕ ਯਾਦਗਾਰ ਨਹੀਂ, ਸਗੋਂ ਦੇਸ਼ ਦੀ ਰੱਖਿਆ ਲਈ ਦਿੱਤੀ ਗਈ ਬਹਾਦਰੀ ਅਤੇ ਸਰਵਉੱਚ ਕੁਰਬਾਨੀ ਦਾ ਪ੍ਰਤੀਕ ਬਣ ਗਿਆ ਹੈ। ਬੁੱਤ ਦੇ ਨਾਲ ਖੜ੍ਹਾ ਪੈਟਨ ਟੈਂਕ ਵੀ ਭਾਰਤੀ ਫੌਜ ਦੀ ਬਹਾਦਰੀ ਅਤੇ ਦੁਸ਼ਮਣ ਵਿਰੁੱਧ ਲੜੀਆਂ ਗਈਆਂ ਜੰਗਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ।

ਸਰਬਜੀਤ ਲੁਧਿਆਣਵੀਂ, ਪੰਜਾਬੀ ਜਾਗਰਣ ਲੁਧਿਆਣਾ : ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਵੀਰ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸੇ ਜਜ਼ਬੇ ਅਤੇ ਦੇਸ਼ ਭਗਤੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਭਾਰਤ ਨਗਰ ਚੌਕ ਵਿੱਚ ਮਹਾਂਵੀਰ ਚੱਕਰ ਜੇਤੂ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਅਤੇ ਪੈਟਨ ਟੈਂਕ ਮੁੜ ਸਥਾਪਿਤ ਕਰ ਦਿੱਤੇ ਗਏ ਹਨ। ਸ਼ੁੱਕਰਵਾਰ ਨੂੰ ਕਰਵਾਏ ਗਏ ਰਸਮੀ ਸਮਾਗਮ ਦੌਰਾਨ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਐੱਸਡੀਐੱਮ ਜਸਲੀਨ ਭੁੱਲਰ ਅਤੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਸਮੇਤ ਹੋਰ ਅਧਿਕਾਰੀਆਂ ਨੇ ਬੁੱਤ ਤੋਂ ਪਰਦਾ ਹਟਾ ਕੇ ਇਸਨੂੰ ਲੋਕਾਂ ਨੂੰ ਸਮਰਪਿਤ ਕੀਤਾ।
ਭਾਰਤ ਨਗਰ ਚੌਕ 'ਚ ਸਥਾਪਿਤ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਹੁਣ ਸ਼ਹਿਰ ਵਾਸੀਆਂ ਲਈ ਸਿਰਫ਼ ਇੱਕ ਯਾਦਗਾਰ ਨਹੀਂ, ਸਗੋਂ ਦੇਸ਼ ਦੀ ਰੱਖਿਆ ਲਈ ਦਿੱਤੀ ਗਈ ਬਹਾਦਰੀ ਅਤੇ ਸਰਵਉੱਚ ਕੁਰਬਾਨੀ ਦਾ ਪ੍ਰਤੀਕ ਬਣ ਗਿਆ ਹੈ। ਬੁੱਤ ਦੇ ਨਾਲ ਖੜ੍ਹਾ ਪੈਟਨ ਟੈਂਕ ਵੀ ਭਾਰਤੀ ਫੌਜ ਦੀ ਬਹਾਦਰੀ ਅਤੇ ਦੁਸ਼ਮਣ ਵਿਰੁੱਧ ਲੜੀਆਂ ਗਈਆਂ ਜੰਗਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ।
ਸਮਾਗਮ ਦੌਰਾਨ ਮੇਜਰ ਭੁਪਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੇ ਭਤੀਜੇ ਗੁਰਪਾਲ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਬੁੱਤ ਦੀ ਮੁੜ ਸਥਾਪਨਾ ’ਤੇ ਉਨ੍ਹਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਇਸ ਨੂੰ ਪਰਿਵਾਰ ਲਈ ਮਾਣ ਵਾਲਾ ਪਲ ਦੱਸਿਆ। ਉਨ੍ਹਾਂ ਕਿਹਾ ਕਿ ਮੇਜਰ ਭੁਪਿੰਦਰ ਸਿੰਘ ਦੀ ਬਹਾਦਰੀ ਅਤੇ ਦੇਸ਼ ਲਈ ਦਿੱਤੀ ਕੁਰਬਾਨੀ ਨੂੰ ਲੋਕਾਂ ਦੇ ਸਾਹਮਣੇ ਜ਼ਿੰਦਾ ਰੱਖਣਾ ਬਹੁਤ ਮਹੱਤਵਪੂਰਨ ਹੈ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਮੁੜ ਸਥਾਪਿਤ ਕਰਕੇ ਉਨ੍ਹਾਂ ਦੀ ਬਹਾਦਰੀ ਅਤੇ ਦੇਸ਼ ਲਈ ਦਿੱਤੀ ਸਰਵਉੱਚ ਕੁਰਬਾਨੀ ਨੂੰ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਵਾਰਨ ਵਾਲੇ ਸੈਨਿਕ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਕਿਹਾ ਕਿ ਮੇਜਰ ਭੁਪਿੰਦਰ ਸਿੰਘ ਵਰਗੇ ਬਹਾਦਰ ਯੋਧਿਆਂ ਦੀਆਂ ਕੁਰਬਾਨੀਆਂ ਸਾਡੀ ਵਿਰਾਸਤ ਦਾ ਹਿੱਸਾ ਹਨ। ਉਨ੍ਹਾਂ ਦੀ ਯਾਦ ਨੂੰ ਸੰਭਾਲਣਾ ਸਿਰਫ਼ ਸਨਮਾਨ ਦੇਣ ਤੱਕ ਸੀਮਤ ਨਹੀਂ, ਬਲਕਿ ਨਵੀਂ ਪੀੜ੍ਹੀ ਨੂੰ ਦੇਸ਼ ਪ੍ਰਤੀ ਪਿਆਰ, ਫਰਜ਼ ਅਤੇ ਕੁਰਬਾਨੀ ਦਾ ਅਹਿਸਾਸ ਕਰਵਾਉਣਾ ਵੀ ਹੈ।
ਭਾਰਤ ਨਗਰ ਚੌਕ ਵਿੱਚ ਸਥਾਪਿਤ ਬੁੱਤ ਅਤੇ ਪੈਟਨ ਟੈਂਕ ਆਉਣ-ਜਾਣ ਵਾਲੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਦੇਸ਼ ਸੇਵਾ ਲਈ ਪ੍ਰੇਰਿਤ ਕਰਨਗੇ। ਸਮਾਗਮ ਵਿੱਚ ਮੌਜੂਦ ਅਧਿਕਾਰੀਆਂ ਅਤੇ ਪਤਵੰਤਿਆਂ ਨੇ ਮੇਜਰ ਭੁਪਿੰਦਰ ਸਿੰਘ ਦੀ ਬਹਾਦਰੀ ਨੂੰ ਨਮਨ ਕਰਦਿਆਂ ਉਨ੍ਹਾਂ ਦੀ ਯਾਦ ਨੂੰ ਸਲਾਮ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸੂਰਬੀਰਾਂ ਦੀਆਂ ਯਾਦਾਂ ਨੂੰ ਸੰਭਾਲਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਭਾਰਤ ਨਗਰ ਚੌਕ ਵਿੱਚ ਮੁੜ ਸਥਾਪਿਤ ਇਹ ਸਮਾਰਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੁਨੇਹਾ ਦਿੰਦਾ ਰਹੇਗਾ ਕਿ ਦੇਸ਼ ਦੀ ਆਜ਼ਾਦੀ, ਸੁਰੱਖਿਆ ਅਤੇ ਅਖੰਡਤਾ ਲਈ ਬਹਾਦਰ ਸੈਨਿਕਾਂ ਨੇ ਆਪਣੀਆਂ ਜਾਨਾਂ ਤੱਕ ਕੁਰਬਾਨ ਕੀਤੀਆਂ ਹਨ।