- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਅਪਰਾਧਿਕ ਪਿਛੋਕੜ, ਆਪਸੀ ਸਬੰਧਾਂ ਅਤੇ ਗੈਂਗ ਨੈੱਟਵਰਕ ਨਾਲ ਸੰਭਾਵਿਤ ਕੜੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਸੰਗਠਿਤ ਅਪਰਾਧਾਂ ਦੀ ਜੜ੍ਹ ਤੱਕ ਪਹੁੰਚ ਕੇ ਉਨ੍ਹਾਂ ਦਾ ਪੂਰੀ ਤਰ੍ਹਾਂ ਖ਼ਾਤਮਾ ਕੀਤਾ ਜਾ ਸਕੇ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ । ਪੰਜਾਬ ਪੁਲਿਸ ਵੱਲੋਂ ਸੰਗਠਿਤ ਅਪਰਾਧ, ਗੈਂਗਸਟਰ ਨੈੱਟਵਰਕ ਅਤੇ ਨਸ਼ਾ ਤਸਕਰੀ ਖ਼ਿਲਾਫ਼ ਸ਼ੁਰੂ ਕੀਤੇ ਗਏ 'ਆਪਰੇਸ਼ਨ ਪ੍ਰਹਾਰ 3.0' ਤਹਿਤ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਸ਼ੁੱਕਰਵਾਰ ਤੜਕੇ ਵੱਡੇ ਪੱਧਰ 'ਤੇ ਇੱਕ ਵਿਆਪਕ ਅਤੇ ਤਾਲਮੇਲਬੱਧ ਛਾਪੇਮਾਰੀ ਮੁਹਿੰਮ ਚਲਾਈ।
ਸਵੇਰੇ ਚਾਰ ਵਜੇ ਸ਼ੁਰੂ ਹੋਈ ਇਸ ਕਾਰਵਾਈ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅਪਰਾਧੀਆਂ ਦੇ ਟਿਕਾਣਿਆਂ ਅਤੇ ਸ਼ੱਕੀ ਥਾਵਾਂ 'ਤੇ ਇੱਕੋ ਸਮੇਂ ਛਾਪੇ ਮਾਰੇ ਗਏ, ਜਿਸ ਦੌਰਾਨ 199 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਨਸ਼ੀਲੇ ਪਦਾਰਥਾਂ, ਨਾਜਾਇਜ਼ ਹਥਿਆਰਾਂ ਅਤੇ ਸ਼ਰਾਬ ਦੀ ਵੱਡੀ ਬਰਾਮਦਗੀ ਕੀਤੀ ਗਈ।
ਇਸ ਮੁਹਿੰਮ ਵਿੱਚ 20 ਗਜ਼ਟਿਡ ਅਫ਼ਸਰਾਂ ਅਤੇ 25 ਐਸਐਚਓਜ਼ ਅਤੇ ਇੰਸਪੈਕਟਰਾਂ ਦੀ ਅਗਵਾਈ ਹੇਠ ਕਰੀਬ 400 ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ। ਖੁਫੀਆ ਜਾਣਕਾਰੀ ਦੇ ਆਧਾਰ 'ਤੇ ਬਣਾਈ ਗਈ ਰਣਨੀਤੀ ਅਨੁਸਾਰ ਪੁਲਿਸ ਟੀਮਾਂ ਨੇ ਜ਼ਿਲ੍ਹੇ ਭਰ ਵਿੱਚ 226 ਥਾਵਾਂ 'ਤੇ ਇੱਕੋ ਸਮੇਂ ਦਬਿਸ਼ ਦਿੱਤੀ, ਜਿਸ ਨਾਲ ਕਈ ਅਪਰਾਧਿਕ ਗਤੀਵਿਧੀਆਂ ਬੇਨਕਾਬ ਹੋਈਆਂ।
44 ਨਵੇਂ ਮੁਕਦਮੇ ਕੀਤੇ ਦਰਜ
ਇਸ ਕਾਰਵਾਈ ਦੌਰਾਨ 44 ਨਵੇਂ ਐਫਆਈਆਰ ਦਰਜ ਕੀਤੇ ਗਏ। ਕੁੱਲ 199 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਵਿੱਚੋਂ 85 ਨੂੰ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਜਦਕਿ 114 ਵਿਅਕਤੀਆਂ ਨੂੰ ਰੋਕਥਾਮੀ ਕਾਰਵਾਈ ਤਹਿਤ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਇਲਾਵਾ ਇੱਕ ਭਗੌੜੇ ਅਪਰਾਧੀ ਨੂੰ ਵੀ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਨੂੰ ਸਫਲਤਾ ਮਿਲੀ।
ਮੁਲਜ਼ਮਾਂ ਦੇ ਕਬਜ਼ੇ ਚੋਂ ਬਰਾਮਦ ਹੋਈ ਇਤਰਾਜਯੋਗ ਸਮਗਰੀ
ਛਾਪੇਮਾਰੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਚੋਂ 141 ਗ੍ਰਾਮ ਹੈਰੋਇਨ, 10 ਗ੍ਰਾਮ ਆਈਸ ਡਰੱਗ ਅਤੇ 217 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਤਿੰਨ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਵੀ ਕਬਜ਼ੇ ਵਿੱਚ ਲਏ ਗਏ। ਨਾਜਾਇਜ਼ ਸ਼ਰਾਬ ਖ਼ਿਲਾਫ਼ ਕਾਰਵਾਈ ਕਰਦਿਆਂ 11 ਪੇਟੀਆਂ ਅਤੇ 33 ਬੋਤਲਾਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਜ਼ਬਤ ਕੀਤੀ ਗਈ। ਪੁਲਿਸ ਨੇ ਇੱਕ ਐਸਯੂਵੀ, ਪੰਜ ਮੋਟਰਸਾਈਕਲ, ਤਿੰਨ ਮੋਬਾਈਲ ਫੋਨ ਅਤੇ ਜੂਏ ਦੇ ਅੱਡਿਆਂ ਤੋਂ 2,027 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ। ਨਸ਼ਾ ਕਰਨ ਲਈ ਵਰਤੇ ਜਾਂਦੇ ਅੱਠ ਲਾਈਟਰ, ਸੱਤ ਐਲੂਮੀਨੀਅਮ ਫੋਇਲ ਅਤੇ ਰੋਲ ਕੀਤੇ ਨੋਟ ਵੀ ਪੁਲਿਸ ਦੇ ਹੱਥ ਲੱਗੇ ਹਨ।
ਅਪਰਾਧ ਨੂੰ ਨਹੀਂ ਕੀਤਾ ਜਾਵੇਗਾ ਬਰਦਾਸ਼ਤ
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ 'ਆਪਰੇਸ਼ਨ ਪ੍ਰਹਾਰ 3.0' ਸੰਗਠਿਤ ਅਪਰਾਧਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਪੰਜਾਬ ਪੁਲਿਸ ਦੀ ਜ਼ੀਰੋ ਟੋਲਰੈਂਸ ਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਅਮਨ-ਕਾਨੂੰਨ ਨੂੰ ਚੁਣੌਤੀ ਦੇਣ ਵਾਲੇ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਹੋਰ ਅਪਰਾਧਿਕ ਗਿਰੋਹਾਂ ਵਿਰੁੱਧ ਅਜਿਹੀਆਂ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਅਪਰਾਧਿਕ ਪਿਛੋਕੜ, ਆਪਸੀ ਸਬੰਧਾਂ ਅਤੇ ਗੈਂਗ ਨੈੱਟਵਰਕ ਨਾਲ ਸੰਭਾਵਿਤ ਕੜੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਸੰਗਠਿਤ ਅਪਰਾਧਾਂ ਦੀ ਜੜ੍ਹ ਤੱਕ ਪਹੁੰਚ ਕੇ ਉਨ੍ਹਾਂ ਦਾ ਪੂਰੀ ਤਰ੍ਹਾਂ ਖ਼ਾਤਮਾ ਕੀਤਾ ਜਾ ਸਕੇ।