ਲੁਧਿਆਣਾ 'ਚ ਰੌਂਗ ਸਾਈਡ ਡਰਾਈਵਿੰਗ ਦਾ ਖ਼ੌਫ਼ਨਾਕ ਨਤੀਜਾ, ਬਾਈਕ ਸਵਾਰ ਦੀ ਲੱਤ, ਚੂਲੇ ਤੇ ਖੱਬੀ ਬਾਂਹ ਦੀਆਂ ਹੱਡੀਆਂ ਟੁੱਟੀਆਂ; ਸਵਾ ਮਹੀਨੇ ਬਾਅਦ ਕੇਸ ਦਰਜ
ਈਸ਼ਾਨ ਦਾ ਕਹਿਣਾ ਹੈ ਕਿ ਇਕ ਕਾਰ ਚਾਲਕ ਦੀ ਲਾਪਰਵਾਹੀ ਨੇ ਉਸ ਨੂੰ ਸਰੀਰਕ ਅਤੇ ਆਰਥਿਕ ਤੌਰ ’ਤੇ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਇਲਾਜ ’ਤੇ ਉਸ ਦੇ ਲੱਖਾਂ ਰੁਪਏ ਖ਼ਰਚ ਹੋ ਚੁੱਕੇ ਹਨ, ਕੰਮਕਾਜ ਵੀ ਪ੍ਰਭਾਵਿਤ ਹੋਇਆ ਹੈ ਅਤੇ ਉਸ ਦਾ ਮੋਟਰਸਾਈਕਲ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਦੂਜੇ ਪਾਸੇ ਥਾਣਾ ਸਰਾਭਾ ਨਗਰ ਦੀ ਪੁਲਿਸ ਦਾ ਕਹਿਣਾ ਹੈ ਕਿ ਮੁਕੱਦਮਾ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ।
Publish Date: Wed, 18 Nov 2026 03:02 PM (IST)
Updated Date: Wed, 18 Nov 2026 03:09 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਹਾਈਵੇ ’ਤੇ ਵਾਹਨ ਚਲਾਉਂਦੇ ਸਮੇਂ ਕੀਤੀ ਗਈ ਇਕ ਮਾਮੂਲੀ ਜਿਹੀ ਲਾਪਰਵਾਹੀ ਕਿਸੇ ਦੀ ਜ਼ਿੰਦਗੀ ਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ, ਇਸ ਦੀ ਮਿਸਾਲ ਫਿਰੋਜ਼ਪੁਰ ਰੋਡ ’ਤੇ ਵੇਰਕਾ ਮਿਲਕ ਪਲਾਂਟ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਮਿਲਦੀ ਹੈ। ਇੱਥੇ ਤੇਜ਼ ਰਫ਼ਤਾਰ ਨਾਲ ਉਲਟੀ ਦਿਸ਼ਾ 'ਚ ਦੌੜਾਈ ਜਾ ਰਹੀ ਸਵਿਫਟ ਕਾਰ ਨੇ ਮੋਟਰਸਾਈਕਲ ਨੂੰ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਮੋਟਰਸਾਈਕਲ ਸਵਾਰ ਨੌਜਵਾਨ ਦੀਆਂ ਲੱਤ, ਚੂਲਾ ਤੇ ਖੱਬੀ ਬਾਂਹ ਦੀਆਂ ਹੱਡੀਆਂ ਬੁਰੀ ਤਰ੍ਹਾਂ ਟੁੱਟ ਗਈਆਂ। ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਨੂੰ ਕਾਰ ਚਾਲਕ ਲੋਕਾਂ ਦੇ ਦਬਾਅ ਹੇਠ ਡੀਐਮਸੀ ਹਸਪਤਾਲ ਤਾਂ ਲੈ ਗਿਆ, ਪਰ ਉੱਥੇ ਉਸ ਨੂੰ ਛੱਡ ਕੇ ਖ਼ੁਦ ਮੌਕੇ ਤੋਂ ਫ਼ਰਾਰ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸੇ ਵਾਲੇ ਦਿਨ ਹੀ ਹਸਪਤਾਲ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਕਾਰਵਾਈ ਲਈ ਸਵਾ ਮਹੀਨੇ ਤੋਂ ਵੱਧ ਸਮਾਂ ਲੱਗ ਗਿਆ। ਹੁਣ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ ਅਣਪਛਾਤੇ ਸਵਿਫਟ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਲਟ ਦਿਸ਼ਾ 'ਚ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਕਾਰ
ਜਾਣਕਾਰੀ ਅਨੁਸਾਰ ਜਗਰਾਉਂ ਦੇ ਫਿਲੀਗੇਟ ਤਲਾਬ ਇਲਾਕੇ ਦਾ ਰਹਿਣ ਵਾਲਾ ਈਸ਼ਾਨ ਗੋਇਲ ਮਾਰਕੀਟਿੰਗ ਦਾ ਕੰਮ ਕਰਦਾ ਹੈ। ਬੀਤੀ 7 ਅਕਤੂਬਰ ਨੂੰ ਦੁਪਹਿਰ ਸਮੇਂ ਉਹ ਆਪਣੇ ਮੋਟਰਸਾਈਕਲ ’ਤੇ ਕਿਸੇ ਕੰਮ ਸਬੰਧੀ ਜਗਰਾਉਂ ਤੋਂ ਲੁਧਿਆਣਾ ਆ ਰਿਹਾ ਸੀ। ਜਿਵੇਂ ਹੀ ਉਹ ਫਿਰੋਜ਼ਪੁਰ ਰੋਡ ’ਤੇ ਵੇਰਕਾ ਮਿਲਕ ਪਲਾਂਟ ਨੇੜੇ ਬਣੇ ਫਲਾਈਓਵਰ ’ਤੇ ਪਹੁੰਚਿਆ ਤਾਂ ਤੇਜ਼ ਧੁੱਪ ਕਾਰਨ ਸਾਹਮਣੇ ਦਾ ਦ੍ਰਿਸ਼ ਸਪੱਸ਼ਟ ਦਿਖਾਈ ਨਹੀਂ ਦੇ ਰਿਹਾ ਸੀ। ਇਸੇ ਦੌਰਾਨ ਸਾਹਮਣੇ ਤੋਂ ਇਕ ਸਵਿਫਟ ਕਾਰ ਤੇਜ਼ ਰਫ਼ਤਾਰ ਨਾਲ ਉਲਟੀ ਦਿਸ਼ਾ ਵਿੱਚ ਆ ਰਹੀ ਸੀ। ਦੂਰੋਂ ਦੇਖਣ ’ਤੇ ਈਸ਼ਾਨ ਨੂੰ ਲੱਗਿਆ ਕਿ ਕਾਰ ਸਿੱਧੀ ਦਿਸ਼ਾ ਵਿੱਚ ਆ ਰਹੀ ਹੈ, ਪਰ ਜਦੋਂ ਉਹ ਕਾਰ ਦੇ ਬਿਲਕੁਲ ਨੇੜੇ ਪਹੁੰਚਿਆ ਤਾਂ ਉਸ ਨੂੰ ਚਾਲਕ ਦੀ ਇਸ ਲਾਪਰਵਾਹੀ ਦਾ ਅਹਿਸਾਸ ਹੋਇਆ।
ਸੰਭਲਣ ਦਾ ਮੌਕਾ ਵੀ ਨਾ ਮਿਲਿਆ, ਟੱਕਰ ਨਾਲ ਸੜਕ ’ਤੇ ਡਿੱਗਿਆ ਨੌਜਵਾਨ
ਈਸ਼ਾਨ ਨੇ ਆਖਰੀ ਪਲਾਂ ਵਿੱਚ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਲਟੀ ਦਿਸ਼ਾ ਵਿੱਚ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਉਹ ਮੋਟਰਸਾਈਕਲ ਸਮੇਤ ਸੜਕ ’ਤੇ ਜਾ ਡਿੱਗਿਆ। ਹਾਦਸੇ ਵਿੱਚ ਉਸ ਦਾ ਚੂਲਾ ਅਤੇ ਲੱਤ ਬੁਰੀ ਤਰ੍ਹਾਂ ਟੁੱਟ ਗਏ, ਜਦਕਿ ਖੱਬੀ ਬਾਂਹ ਵਿੱਚ ਵੀ ਕਈ ਫਰੈਕਚਰ ਆ ਗਏ। ਸੱਟਾਂ ਇੰਨੀਆਂ ਗੰਭੀਰ ਸਨ ਕਿ ਉਹ ਕੁਝ ਸਮੇਂ ਲਈ ਬੇਹੋਸ਼ ਹੋ ਗਿਆ। ਇਕ ਪਲ ਵਿੱਚ ਕੰਮਕਾਜ ਲਈ ਘਰੋਂ ਨਿਕਲਿਆ ਨੌਜਵਾਨ ਹਸਪਤਾਲ ਦੇ ਬਿਸਤਰੇ ਤੱਕ ਪਹੁੰਚ ਗਿਆ।
ਰਾਹਗੀਰਾਂ ਦੇ ਦਬਾਅ ਹੇਠ ਜ਼ਖ਼ਮੀ ਨੂੰ ਹਸਪਤਾਲ ਲੈ ਗਿਆ ਕਾਰ ਚਾਲਕ
ਹਾਦਸਾ ਦੇਖ ਕੇ ਉੱਥੋਂ ਲੰਘ ਰਹੇ ਕਈ ਰਾਹਗੀਰ ਰੁਕ ਗਏ। ਉਨ੍ਹਾਂ ਨੇ ਕਾਰ ਚਾਲਕ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਉਂਦਿਆਂ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਲਈ ਕਿਹਾ। ਲੋਕਾਂ ਵੱਲੋਂ ਲਗਾਤਾਰ ਦਬਾਅ ਬਣਾਏ ਜਾਣ ਤੋਂ ਬਾਅਦ ਕਾਰ ਚਾਲਕ ਈਸ਼ਾਨ ਨੂੰ ਆਪਣੀ ਸਵਿਫਟ ਕਾਰ ਵਿੱਚ ਪਾ ਕੇ ਡੀਐਮਸੀ ਹਸਪਤਾਲ ਲੈ ਗਿਆ। ਪਰ ਹਸਪਤਾਲ ਪਹੁੰਚਣ ਤੋਂ ਬਾਅਦ ਉਹ ਜ਼ਖ਼ਮੀ ਦੀ ਸਿਹਤ ਜਾਂ ਇਲਾਜ ਦੀ ਕੋਈ ਪਰਵਾਹ ਕੀਤੇ ਬਿਨਾਂ ਉੱਥੋਂ ਫ਼ਰਾਰ ਹੋ ਗਿਆ।
ਚੂਲੇ 'ਚ ਪਲੇਟਾਂ ਪਾਉਣੀਆਂ ਪਈਆਂ, ਲੱਖਾਂ ਰੁਪਏ ਇਲਾਜ ’ਤੇ ਖ਼ਰਚ
ਈਸ਼ਾਨ ਅਨੁਸਾਰ ਉਹ ਤਕਰੀਬਨ ਇਕ ਹਫ਼ਤੇ ਤੱਕ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਰਿਹਾ। ਡਾਕਟਰਾਂ ਨੂੰ ਉਸ ਦੇ ਚੂਲੇ ਦਾ ਆਪ੍ਰੇਸ਼ਨ ਕਰਕੇ ਪਲੇਟਾਂ ਪਾਉਣੀਆਂ ਪਈਆਂ, ਜਦਕਿ ਲੱਤ ਅਤੇ ਖੱਬੀ ਬਾਂਹ ਦੇ ਫਰੈਕਚਰ ਕਾਰਨ ਵੀ ਲੰਮਾ ਇਲਾਜ ਕਰਵਾਉਣਾ ਪਿਆ। ਇਕ ਹਫ਼ਤੇ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ’ਤੇ ਉਸ ਨੇ ਜਗਰਾਉਂ ਦੇ ਹਸਪਤਾਲ ਵਿੱਚ ਆਪਣਾ ਇਲਾਜ ਜਾਰੀ ਰੱਖਿਆ। ਉਹ ਕਈ ਦਿਨ ਉੱਥੇ ਵੀ ਦਾਖ਼ਲ ਰਿਹਾ। ਈਸ਼ਾਨ ਦਾ ਕਹਿਣਾ ਹੈ ਕਿ ਹਾਦਸੇ ਨੂੰ ਸਵਾ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਿਆ ਅਤੇ ਹੁਣ ਵੀ ਉਸ ਦੀ ਫਿਜ਼ੀਓਥੈਰੇਪੀ ਚੱਲ ਰਹੀ ਹੈ।
ਹਸਪਤਾਲ ਨੇ ਉਸੇ ਦਿਨ ਪੁਲਿਸ ਨੂੰ ਦਿੱਤੀ ਸੀ ਸੂਚਨਾ, ਫਿਰ ਵੀ ਦੇਰੀ ਨਾਲ ਹੋਈ ਕਾਰਵਾਈ
ਸ਼ਿਕਾਇਤਕਰਤਾ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ ਹੀ ਡੀਐਮਸੀ ਹਸਪਤਾਲ ਵੱਲੋਂ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਤੁਰੰਤ ਕੋਈ ਕਾਰਵਾਈ ਨਹੀਂ ਹੋਈ। ਇਲਾਜ ਅਤੇ ਸਿਹਤਯਾਬੀ ਦੀ ਲੰਮੀ ਪ੍ਰਕਿਰਿਆ ਵਿੱਚੋਂ ਲੰਘਣ ਤੋਂ ਬਾਅਦ ਉਸ ਨੇ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ। ਹੁਣ ਸਵਾ ਮਹੀਨੇ ਤੋਂ ਵੱਧ ਸਮਾਂ ਬੀਤਣ ਮਗਰੋਂ ਪੁਲਿਸ ਨੇ ਸਵਿਫਟ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਈਸ਼ਾਨ ਦਾ ਕਹਿਣਾ ਹੈ ਕਿ ਇਕ ਕਾਰ ਚਾਲਕ ਦੀ ਲਾਪਰਵਾਹੀ ਨੇ ਉਸ ਨੂੰ ਸਰੀਰਕ ਅਤੇ ਆਰਥਿਕ ਤੌਰ ’ਤੇ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਇਲਾਜ ’ਤੇ ਉਸ ਦੇ ਲੱਖਾਂ ਰੁਪਏ ਖ਼ਰਚ ਹੋ ਚੁੱਕੇ ਹਨ, ਕੰਮਕਾਜ ਵੀ ਪ੍ਰਭਾਵਿਤ ਹੋਇਆ ਹੈ ਅਤੇ ਉਸ ਦਾ ਮੋਟਰਸਾਈਕਲ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਦੂਜੇ ਪਾਸੇ ਥਾਣਾ ਸਰਾਭਾ ਨਗਰ ਦੀ ਪੁਲਿਸ ਦਾ ਕਹਿਣਾ ਹੈ ਕਿ ਮੁਕੱਦਮਾ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ।