
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਅਕਸ਼ੈ ਦਾ ਆਪਣੀ ਪਤਨੀ ਪ੍ਰਿਆ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਪ੍ਰਿਆ ਦੀ ਲਾਸ਼ ਕਮਰੇ ਵਿੱਚ ਬੈੱਡ ’ਤੇ ਮਿਲੀ। ਅਕਸ਼ੈ ਨੇ ਪ੍ਰਿਆ ਦੇ ਪੇਕੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦੀ ਪਤਨੀ ਨੇ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਇਹ ਵੀ ਕਿਹਾ ਸੀ ਕਿ ਉਹ ਲਾਸ਼ ਨੂੰ ਪੱਖੇ ਤੋਂ ਹੇਠਾਂ ਉਤਾਰ ਕੇ ਬੈੱਡ ’ਤੇ ਰੱਖ ਦਿੱਤਾ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਸਲੇਮ ਟਾਬਰੀ ਇਲਾਕੇ ਵਿੱਚ ਪ੍ਰਿਆ ਦੀ ਸ਼ੱਕੀ ਹੱਤਿਆ ਦੇ ਮਾਮਲੇ ਦੀ ਜਾਂਚ ਹੁਣ ਤੇਜ਼ ਹੋ ਗਈ ਹੈ। ਸ਼ੁਰੂਆਤ ਵਿੱਚ ਪਤੀ ਅਕਸ਼ੈ ਵੱਲੋਂ ਪ੍ਰਿਆ ਦੇ ਪਰਿਵਾਰ ਨੂੰ ਫੋਨ ਕਰਕੇ ਉਸ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਗੱਲ ਕਹੀ ਗਈ ਸੀ, ਪਰ ਮੌਕੇ ਤੋਂ ਮਿਲੇ ਹਾਲਾਤਾਂ ਨੇ ਪੁਲਿਸ ਦੀ ਜਾਂਚ ਨੂੰ ਕਈ ਅਹਿਮ ਸਵਾਲਾਂ ਵੱਲ ਮੋੜ ਦਿੱਤਾ ਹੈ। ਪੁਲਿਸ ਹੁਣ ਖੁਦਕੁਸ਼ੀ ਸਮੇਤ ਸ਼ੱਕੀ ਹੱਤਿਆ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਅਕਸ਼ੈ ਦਾ ਆਪਣੀ ਪਤਨੀ ਪ੍ਰਿਆ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਪ੍ਰਿਆ ਦੀ ਲਾਸ਼ ਕਮਰੇ ਵਿੱਚ ਬੈੱਡ ’ਤੇ ਮਿਲੀ। ਅਕਸ਼ੈ ਨੇ ਪ੍ਰਿਆ ਦੇ ਪੇਕੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦੀ ਪਤਨੀ ਨੇ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਇਹ ਵੀ ਕਿਹਾ ਸੀ ਕਿ ਉਹ ਲਾਸ਼ ਨੂੰ ਪੱਖੇ ਤੋਂ ਹੇਠਾਂ ਉਤਾਰ ਕੇ ਬੈੱਡ ’ਤੇ ਰੱਖ ਦਿੱਤਾ ਹੈ।
ਕਾਹਲੀ ਵਿੱਚ ਘਰੋਂ ਨਿਕਲਿਆ ਅਕਸ਼ੈ ਆਪਣੇ ਚਾਰ ਸਾਲ ਦੇ ਪੁੱਤਰ ਨੂੰ ਆਪਣੀ ਭੈਣ ਦੇ ਘਰ ਛੱਡ ਕੇ ਫ਼ਰਾਰ ਹੋ ਗਿਆ। ਫਰਾਰ ਹੋਣ ਤੋਂ ਪਹਿਲੋਂ ਉਸ ਨੇ ਕਮਰੇ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਅਤੇ ਚਾਬੀ ਰੱਖਣ ਵਾਲੀ ਥਾਂ ਬਾਰੇ ਵੀ ਪ੍ਰਿਆ ਦੇ ਪਰਿਵਾਰ ਨੂੰ ਦੱਸ ਦਿੱਤਾ। ਪੇਕਿਆਂ ਨੇ ਜਦ ਕਮਰਾ ਖੋਲ੍ਹਿਆ ਤਾਂ ਪ੍ਰਿਆ ਦੀ ਲਾਸ਼ ਬੈੱਡ ’ਤੇ ਪਈ ਮਿਲੀ। ਸੂਚਨਾ ਮਿਲਣ ’ਤੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।
ਪੱਖੇ ਦੀ ਹਾਲਤ ਨੇ ਖੜ੍ਹੇ ਕੀਤੇ ਸਵਾਲ
ਪੁਲਿਸ ਵੱਲੋਂ ਕੀਤੀ ਮੁੱਢਲੀ ਜਾਂਚ ਵਿੱਚ ਕਮਰੇ ਦਾ ਪੱਖਾ ਸਹੀ ਹਾਲਤ ਵਿੱਚ ਮਿਲਿਆ। ਪੱਖੇ ’ਤੇ ਫਾਹਾ ਲੱਗਣ ਜਾਂ ਕਿਸੇ ਤਰ੍ਹਾਂ ਦੇ ਮੁੜਨ ਦੇ ਸਪੱਸ਼ਟ ਨਿਸ਼ਾਨ ਨਹੀਂ ਮਿਲੇ। ਇਸ ਤੋਂ ਇਲਾਵਾ ਕਮਰੇ ਵਿੱਚ ਸਟੂਲ ਜਾਂ ਅਜਿਹਾ ਹੋਰ ਕੋਈ ਸਾਮਾਨ ਵੀ ਨਹੀਂ ਮਿਲਿਆ, ਜਿਸ ’ਤੇ ਚੜ੍ਹ ਕੇ ਫਾਹਾ ਲਗਾਇਆ ਜਾ ਸਕੇ। ਇਸੇ ਦੌਰਾਨ ਨੇੜਿਓਂ ਮਿਲੀ ਚੁੰਨੀ ਵੀ ਦੋ ਹਿੱਸਿਆਂ ਵਿੱਚ ਸੀ। ਇਹ ਸਾਰੇ ਤੱਥ ਪੁਲਿਸ ਜਾਂਚ ਲਈ ਅਹਿਮ ਬਣੇ ਹੋਏ ਹਨ।
ਹਰ ਕੜੀ ਦੀ ਪੜਤਾਲ, ਪਤੀ ਵੱਲੋਂ ਘੜੀ ਗਈ ਕਹਾਣੀ ਜਾਂਚ ਦੇ ਘੇਰੇ ’ਚ
ਹੁਣ ਪੁਲਿਸ ਵੱਲੋਂ ਘਟਨਾ ਤੋਂ ਪਹਿਲਾਂ ਪਤੀ-ਪਤਨੀ ਵਿਚਕਾਰ ਹੋਏ ਵਿਵਾਦ ਤੋਂ ਲੈ ਕੇ ਅਕਸ਼ੈ ਵੱਲੋਂ ਪਰਿਵਾਰ ਨੂੰ ਕੀਤੇ ਫੋਨ ਤੱਕ ਹਰ ਕੜੀ ਨੂੰ ਜੋੜਿਆ ਜਾ ਰਿਹਾ ਹੈ। ਜਾਂਚ ਅਧਿਕਾਰੀ ਇਹ ਪਤਾ ਲਗਾਉਣ ਵਿੱਚ ਜੁਟੇ ਹਨ ਕਿ ਪ੍ਰਿਆ ਦੀ ਮੌਤ ਕਿਹੜੇ ਹਾਲਾਤਾਂ ਵਿੱਚ ਹੋਈ ਅਤੇ ਕੀ ਘਟਨਾ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਨਹੀਂ।
ਪ੍ਰਿਆ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਅਤੇ ਸਰੀਰ ’ਤੇ ਮਿਲਣ ਵਾਲੇ ਸੰਭਾਵਿਤ ਨਿਸ਼ਾਨ ਜਾਂਚ ਨੂੰ ਅੱਗੇ ਵਧਾਉਣ ਲਈ ਅਹਿਮ ਹੋਣਗੇ। ਪੁਲਿਸ ਮੌਕੇ ਤੋਂ ਮਿਲੇ ਸਬੂਤਾਂ, ਮੈਡੀਕਲ ਰਿਪੋਰਟ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਨੂੰ ਆਪਸ ਵਿੱਚ ਮਿਲਾ ਕੇ ਮਾਮਲੇ ਦੀ ਤਸਵੀਰ ਸਾਫ਼ ਕਰਨ ਵਿੱਚ ਲੱਗੀ ਹੋਈ ਹੈ।
ਫ਼ਰਾਰ ਅਕਸ਼ੈ ਦੀ ਭਾਲ ਤੇਜ਼
ਘਟਨਾ ਤੋਂ ਬਾਅਦ ਅਕਸ਼ੈ ਦੇ ਫ਼ਰਾਰ ਹੋਣ ਕਾਰਨ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਘਟਨਾ ਨਾਲ ਜੁੜੀਆਂ ਕਈ ਅਹਿਮ ਕੜੀਆਂ ਸਪੱਸ਼ਟ ਹੋਣ ਦੀ ਉਮੀਦ ਹੈ। ਫਿਲਹਾਲ ਪੁਲਿਸ ਵੱਲੋਂ ਕਿਸੇ ਨਤੀਜੇ ’ਤੇ ਪਹੁੰਚਣ ਦੀ ਬਜਾਏ ਸਾਰੇ ਸੰਭਾਵਿਤ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਿਆ ਦੀ ਮੌਤ ਖੁਦਕੁਸ਼ੀ ਸੀ ਜਾਂ ਹੱਤਿਆ, ਇਸ ਦਾ ਅੰਤਿਮ ਜਵਾਬ ਪੋਸਟਮਾਰਟਮ ਰਿਪੋਰਟ ਅਤੇ ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ।